ਰਾਹੁਲ ਬੋਲੇ : ਨਫ਼ਰਤ ਦੀ ਦੁਕਾਨ ਹੋਈ ਬੰਦ, ਮੁਹੱਬਤ ਦੀ ਦੁਕਾਨ ਖੁੱਲ੍ਹੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਅਨੁਸਾਰ ਇਥੇ ਕਾਂਗਰਸ ਪਾਰਟੀ ਨੂੰ ਪੂਰਨ ਬਹੁਮਤ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ। ਆਏ ਚੋਣ ਨਤੀਜਿਆਂ ਅਨੁਸਾਰ 224 ਸੀਟਾਂ ਵਾਲੀ ਕਰਨਾਟਕ ਵਿਧਾਨ ਸਭਾ ਵਿਚ ਬਹੁਮਤ ਲਈ 113 ਸੀਟਾਂ ਚਾਹੀਦੀਆਂ ਹਨ ਜਦਕਿ ਕਾਂਗਰਸ ਪਾਰਟੀ 137 ਸੀਟਾਂ ’ਤੇ ਜਿੱਤਦੀ ਹੋਈ ਨਜ਼ਰ ਆ ਰਹੀ ਹੈ। ਕਰਨਾਟਕ ਵਿਚ ਕਾਂਗਰਸ ਪਾਰਟੀ ਦੀ ਜਿੱਤ ਮਗਰੋਂ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਰਨਾਟਕ ਵਿਚ ਨਫਰਤ ਦੀ ਦੁਕਾਨ ਕਰਨਾਟਕ ਵਾਸੀਆਂ ਨੇ ਬੰਦ ਕਰ ਦਿੱਤੀ ਹੈ ਅਤੇ ਇਥੇ ਮੁਹੱਬਤ ਦੀ ਦੁਕਾਨ ਖੁੱਲ੍ਹੀ ਹੈ। ਕਰਨਾਟਕ ਵਾਸੀਆਂ ਨੇ ਦਿਖਾ ਦਿੱਤਾ ਹੈ ਕਿ ਦੇਸ਼ ਨੂੰ ਮੁਹੱਬਤ ਹੀ ਚੰਗੀ ਲਗਦੀ ਹੈ ਨਫ਼ਰਤ ਨਹੀਂ। ਜਿੱਤ ਤੋਂ ਬਾਅਦ ਕਰਨਾਟਕ ਕਾਂਗਰਸ ਦੇ ਪ੍ਰਧਾਨ ਸ਼ਿਵਕੁਮਾਰ ਰੋ ਪਏ ਅਤੇ ਉਨ੍ਹਾਂ ਕਿਹਾ ਕਿ ਮੈਂ ਰਾਹੁਲ ਗਾਂਧੀ, ਸੋਨੀਆ ਗਾਂਧੀ ਅਤੇ ਪਿ੍ਰਅੰਕਾ ਗਾਂਧੀ ਨੂੰ ਜਿੱਤ ਦਾ ਭਰੋਸਾ ਦਿਵਾਇਆ ਸੀ। ਮੈਂ ਭੁੱਲ ਨਹੀਂ ਸਕਦਾ ਜਦੋਂ ਸੋਨੀਆ ਗਾਂਧੀ ਮੈਨੂੰ ਜੇਲ੍ਹ ’ਚ ਮਿਲਣ ਆਏ ਸਨ, ਉਦੋਂ ਮੈਂ ਅਹੁਦੇ ’ਤੇ ਰਹਿਣ ਦੀ ਬਜਾਏ ਜੇਲ੍ਹ ’ਚ ਰਹਿਣਾ ਪਸੰਦ ਕੀਤਾ ਸੀ ਅਤੇ ਉਸ ਤੋਂ ਬਾਅਦ ਪਾਰਟੀ ਨੇ ਮੇਰੇ ’ਤੇ ਭਰੋਸਾ ਕੀਤਾ ਅਤੇ ਮੈਂ ਆਪਣੇ ਭਰੋਸੇ ’ਤੇ ਖਰਾ ਉਤਰਨ ਵਿਚ ਕਾਮਯਾਬ ਹੋਇਆ ਹਾਂ। ਭਾਰਤੀ ਜਨਤਾ ਪਾਰਟੀ ਨੇ ਕਰਨਾਟਕ ’ਚ ਆਪਣੀ ਹਾਰ ਨੂੰ ਸਵੀਕਾਰ ਕਰ ਲਿਆ ਹੈ। ਮੁੱਖ ਮੰਤਰੀ ਬਸਵਰਾਜ ਬੋਮਈ ਨੇ ਕਿਹਾ ਕਿ ਪੂਰੇ ਨਤੀਜੇ ਆਉਣ ਤੋਂ ਬਾਅਦ ਅਸੀਂ ਸਮੀਖਿਆ ਕਰਾਂਗੇ ਅਤੇ ਲੋਕ ਸਭਾ ਚੋਣਾਂ ਦੌਰਾਨ ਅਸੀਂ ਦਮਦਾਰ ਵਾਪਸੀ ਕਰਾਂਗੇ।