ਪਿੰਡ ਵਾਸੀ ਬੋਲੇ : ਪੰਜਾਬ ਸਰਕਾਰ ਗੈਂਗਸਟਰਾਂ ਨੂੰ ਦੇ ਰਹੀ ਹੈ ਸੁਰੱਖਿਆ
ਮਾਨਸਾ/ਬਿਊਰੋ ਨਿਊਜ਼ : ਮਰਹੂਮ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਹੱਤਿਆ ਕਾਂਡ ਨੂੰ 5 ਮਹੀਨੇ ਬੀਤੇ ਚੁੱਕੇ ਹਨ ਪ੍ਰੰਤੂ ਅਜੇ ਤੱਕ ਆਰੋਪੀਆਂ ਨੂੰ ਸਜ਼ਾ ਨਹੀਂ ਦਿੱਤੀ ਗਈ। ਜਿਸ ਕਰਕੇ ਪਿੰਡ ਮੂਸਾ ਵਾਸੀਆਂ ’ਚ ਪੰਜਾਬ ਸਰਕਾਰ ਖਿਲਾਫ਼ ਰੋਸ ਪਾਇਆ ਜਾ ਰਿਹਾ ਹੈ, ਜਿਸ ਦੇ ਚਲਦਿਆਂ ਪਿੰਡ ਮੂਸਾ ਵਾਸੀਆਂ ਨੇ ਦੀਵਾਲੀ ਨਾ ਮਨਾਉਣ ਦਾ ਫੈਸਲਾ ਕੀਤਾ ਹੈ। ਪਿੰਡ ਵਾਸੀਆਂ ਨੇ ਫੈਸਲਾ ਕੀਤਾ ਕਿ ਅੱਜ ਪਿੰਡ ’ਚ ਦੀਵਾਲੀ ਨਹੀਂ ਮਨਾਈ ਗਈ ਬਲਕਿ ਪਿੰਡ ਵਾਸੀਆਂ ਵੱਲੋਂ ਮੂਸੇਵਾਲਾ ਹੱਤਿਆ ਕਾਂਡ ’ਚ ਪੰਜਾਬ ਸਰਕਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ। ਪਿੰਡ ਵਾਸੀਆਂ ਵੱਲੋਂ ਨਾ ਕੋਈ ਦੀਪਮਾਲਾ ਕੀਤੀ ਗਈ ਅਤੇ ਨਾ ਹੀ ਕੋਈ ਪਟਾਕਾ ਚਲਾਇਆ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ’ਤੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਭਗਵੰਤ ਮਾਨ ਸਰਕਾਰ ਗੈਂਗਸਟਰਾਂ ਨੂੰ ਸੁਰੱਖਿਆ ਮੁਹੱਈਆ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਗੈਂਗਸਟਰ ਨੂੰ ਪੇਸ਼ੀ ’ਤੇ ਲਿਆਉਣਾ ਹੁੰਦਾ ਹੈ ਤਾਂ ਉਸ ਨਾਲ 100-100 ਗੱਡੀਆਂ ਅਤੇ 100-100 ਪੁਲਿਸ ਮੁਲਾਜ਼ਮਾਂ ਉਨ੍ਹਾਂ ਦੀ ਸੁਰੱਖਿਆ ਲਈ ਤਾਇਨਾਤ ਕੀਤੇ ਹੋਏ ਹੁੰਦੇ ਹਨ।