ਭਗਵੰਤ ਮਾਨ ਨੇ ਚਲਾਈ ਸਾਈਕਲ, 14 ਤੋਂ 83 ਸਾਲ ਦੇ 15 ਹਜ਼ਾਰ ਤੋਂ ਵੱਧ ਵਿਅਕਤੀਆਂ ਨੇ ਦਿੱਤਾ ਸਾਥ
ਸੰਗਰੂਰ/ਬਿਊਰੋ ਨਿਊਜ਼ : ”ਨਸ਼ਿਆਂ ਵਿਰੁੱਧ ਲੜਾਂਗੇ, ਖੇਡਾਂ ਖੇਡਾਂਗੇ ਤੇ ਪੜ੍ਹਾਂਗੇ” ਦੇ ਨਾਅਰੇ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੰਗਰੂਰ ‘ਚ ਪੰਜਾਬ ਦੀ ਸਭ ਤੋਂ ਵੱਡੀ ਸਾਈਕਲ ਰੈਲੀ ਕੱਢੀ ਗਈ। ਅਜਿਹਾ ਪਹਿਲੀ ਵਾਰ ਹੈ ਜਦੋਂ ਕਿਸੇ ਸੀਐਮ ਨੇ ਨਸ਼ੇ ਦੇ ਖਿਲਾਫ ਏਨੀ ਵੱਡੀ ਸਾਈਕਲ ਰੈਲੀ ਕੀਤੀ ਹੈ।
ਇਸ ਰੈਲੀ ਵਿੱਚ ਪੰਜਾਬ ਭਰ ‘ਚੋਂ 15 ਹਜ਼ਾਰ ਤੋਂ ਵੱਧ ਵਿਅਕਤੀਆਂ ਨੇ ਸ਼ਮੂਲੀਅਤ ਕਰਕੇ ਨਸ਼ਿਆਂ ਨੂੰ ਜੜ੍ਹੋਂ ਪੁੱਟਣ ਦਾ ਸੱਦਾ ਦਿੱਤਾ। ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਕੱਢੀ ਰੈਲੀ ਨੂੰ ਸਥਾਨਕ ਜੀਜੀਐੱਸ ਸਕੂਲ ਦੇ ਖੇਡ ਮੈਦਾਨ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਹਰੀ ਝੰਡੀ ਵਿਖਾਈ। ਰੈਲੀ ‘ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਵਿਧਾਇਕਾ ਨਰਿੰਦਰ ਕੌਰ ਭਰਾਜ, ਡੀਸੀ ਜਤਿੰਦਰ ਜ਼ੋਰਵਾਲ, ਮੁਖਵਿੰਦਰ ਸਿੰਘ ਛੀਨਾ ਆਈਜੀ ਪਟਿਆਲਾ ਸਮੇਤ ਹੋਰ ਵਿਧਾਇਕਾਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੰਗਰੂਰ ਇਨਕਲਾਬੀ ਲੋਕਾਂ ਦੀ ਧਰਤੀ ਹੈ ਜਿਸਦੇ ਲੋਕਾਂ ਨੇ ਹਮੇਸ਼ਾਂ ਨੇਕ ਕੰਮਾਂ ਲਈ ਆਵਾਜ਼ ਬੁਲੰਦ ਕੀਤੀ ਹੈ। ਨਸ਼ਿਆਂ ਖ਼ਿਲਾਫ਼ ਇਸ ਇਨਕਲਾਬੀ ਧਰਤੀ ਤੋਂ ਉੱਠੀ ਆਵਾਜ਼ ਦੁਨੀਆਂ ਭਰ ਵਿੱਚ ਪੁੱਜੇਗੀ ਅਤੇ ਪੰਜਾਬ ਨਸ਼ਾ ਮੁਕਤ ਹੋਵੇਗਾ। ਉਨ੍ਹਾਂ ਕਿਹਾ ਕਿ ਰੈਲੀ ਦਾ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ‘ਚੋਂ ਬਾਹਰ ਕੱਢਣਾ ਅਤੇ ਪੜ੍ਹਾਈ ਲਈ ਪ੍ਰੇਰਿਤ ਕਰਨਾ ਹੈ। ਆਉਣ ਵਾਲੇ ਦਿਨਾਂ ਵਿਚ ਨਸ਼ਿਆਂ ਖ਼ਿਲਾਫ਼ ਜੰਗ ਹੋਰ ਤੇਜ਼ ਹੋਵੇਗੀ ਅਤੇ ਅਜਿਹੇ ਜਾਗਰੂਕ ਪ੍ਰੋਗਰਾਮਾਂ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਤੇ ਸਮਾਜਿਕ ਬੁਰਾਈਆਂ ਖ਼ਿਲਾਫ਼ ਪ੍ਰੇਰਿਤ ਕਰਦੇ ਰਹਾਂਗੇ।
ਹਜ਼ਾਰਾਂ ਲੋਕ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਤੰਦਰੁਸਤ ਸਮਾਜ ਦੀ ਸਿਰਜਣਾ ਦਾ ਸੁਪਨਾ ਪੂਰਾ ਕਰਨ ਪੁੱਜੇ ਹਨ ਜੋ ਬਦਲਾਅ ਦੀ ਨਿਸ਼ਾਨੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਉਪਜਾਊ ਧਰਤੀ ‘ਤੇ ਕੋਈ ਵੀ ਬੀਜ ਉੱਗ ਸਕਦਾ ਹੈ ਪਰੰਤੂ ਇਥੇ ਨਫਰਤ ਦਾ ਬੀਜ ਕਿਸੇ ਵੀ ਕੀਮਤ ‘ਤੇ ਨਹੀਂ ਉੱਗ ਸਕਦਾ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਸਰਕਾਰ ਕਈ ਯੋਜਨਾਵਾਂ ‘ਤੇ ਕੰਮ ਕਰ ਰਹੀ ਹੈ ਅਤੇ ਨਸ਼ਾ ਪੀੜਤ ਮਰੀਜ਼ਾਂ ਦੇ ਬਿਹਤਰ ਇਲਾਜ ਲਈ ਹੋਰ ਮੁੜ ਵਸੇਬਾ ਕੇਂਦਰ ਤੇ ਕਲੀਨਿਕ ਖੋਲ੍ਹੇ ਜਾਣਗੇ।
ਐੱਸਐੱਸਪੀ ਮਨਦੀਪ ਸਿੰਘ ਸਿੱਧੂ ਵੱਲੋਂ ਨਸ਼ਿਆਂ ਵਿਰੁੱਧ ਪੰਜਾਬ ਦੀ ਸਭ ਤੋਂ ਵੱਡੀ ਰੈਲੀ ਦੀ ਅਗਵਾਈ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਰੈਲੀ ‘ਚ ਭਾਗ ਲੈਣ ਵਾਲੇ 14 ਤੋਂ 80 ਸਾਲ ਦੀ ਉਮਰ ਦੇ ਲੋਕਾਂ ਨੂੰ ਟੀ-ਸ਼ਰਟਾਂ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ।
ਰੈਲੀ ਦਾ ਥਾਂ-ਥਾਂ ਫੁੱਲਾਂ ਦੀ ਵਰਖਾ ਨਾਲ ਸਵਾਗਤ
ਸਵੇਰੇ ਸੱਤ ਵਜੇ ਸ਼ੁਰੂ ਹੋਈ ਰੈਲੀ ਕਰੀਬ 19 ਕਿਲੋਮੀਟਰ ਦਾ ਸਫ਼ਲ ਤੈਅ ਕਰਦਿਆਂ ਸਥਾਨਕ ਸ਼ਹਿਰ ਤੋਂ ਬਡਰੁੱਖਾਂ, ਮਸਤੂਆਣਾ ਸਾਹਿਬ ਹੁੰਦਿਆਂ ਵਾਪਸ ਸੰਗਰੂਰ ਰਾਹੀਂ ਧੂਰੀ ਰੋਡ ਸਨਰਾਈਜ਼ ਪੈਲੇਸ ਵਿਚ ਸਮਾਪਤ ਹੋਈ। ਥਾਂ-ਥਾਂ ਸਮਾਜ ਸੇਵੀ ਸੰਸਥਾਵਾਂ ਅਤੇ ਲੋਕਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਅਤੇ ਢੋਲ ਵਜਾ ਕੇ ਰੈਲੀ ਦਾ ਸਵਾਗਤ ਕੀਤਾ ਗਿਆ। ਰੈਲੀ ਦੌਰਾਨ ਪੈਰਾ ਗਲਾਈਡਰ ਵੀ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਰਿਹਾ। ਲੋਕ ਗਾਇਕ ਹਰਜੀਤ ਹਰਮਨ ਵਲੋਂ ਰੈਲੀ ਤੋਂ ਪਹਿਲਾਂ ਤੇ ਸਮਾਪਤੀ ਮੌਕੇ ਆਪਣੇ ਗੀਤਾਂ ਰਾਹੀਂ ਲੋਕਾਂ ਦਾ ਮਨੋਰੰਜਨ ਕੀਤਾ। ਰੈਲੀ ਦੇ ਰੂਟ ‘ਤੇ ਥਾਂ-ਥਾਂ ਪਾਣੀ, ਜੂਸ, ਲੱਸੀ ਆਦਿ ਦੀਆਂ ਸਟਾਲਾਂ ਲਗਾਈਆਂ ਗਈਆਂ ਸਨ।