Breaking News
Home / ਪੰਜਾਬ / ਵਿਜੇ ਸਿੰਗਲਾ ਦੀਆਂ ਮੁਸ਼ਕਲਾਂ ਹੋਰ ਵਧੀਆਂ

ਵਿਜੇ ਸਿੰਗਲਾ ਦੀਆਂ ਮੁਸ਼ਕਲਾਂ ਹੋਰ ਵਧੀਆਂ

ਸਿਹਤ ਵਿਭਾਗ ਨਾਲ ਸਬੰਧਤ 60 ਤੋਂ ਵੱਧ ਟੈਂਡਰ ਫਾਈਲਾਂ ਦੀ ਛਾਣ-ਬੀਣ ਸ਼ੁਰੂ
ਮੁਹਾਲੀ/ਬਿਊਰੋ ਨਿਊਜ਼ : ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਦੀਆਂ ਮੁਸ਼ਕਲਾਂ ਵਧਣ ਲੱਗੀਆਂ ਹਨ। ਪੁਲਿਸ ਦੀ ਮੁੱਢਲੀ ਤਫ਼ਤੀਸ਼ ਵਿੱਚ ਇਹ ਗੱਲ ਸਾਫ਼ ਹੋ ਗਈ ਹੈ ਕਿ ਸਿੰਗਲਾ ਦਾ ਭਾਣਜਾ ਹੀ ਉਸ ਲਈ ਰਿਸ਼ਵਤ ਰੂਪੀ ਕਮਿਸ਼ਨ ਲਈ ਦਲਾਲੀ ਦਾ ਕੰਮ ਕਰਦਾ ਸੀ। ਸਿਰ ‘ਤੇ ਮੰਤਰੀ ਮਾਮੇ ਦਾ ਹੱਥ ਹੋਣ ਕਾਰਨ ਉਹ ਬੇਖ਼ੌਫ਼ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਤਾੜਦਾ ਸੀ ਅਤੇ ਠੇਕੇਦਾਰਾਂ ਕੋਲੋਂ ਕਮਿਸ਼ਨ ਲੈ ਕੇ ਦੇਣ ਲਈ ਦਬਾਅ ਬਣਾਉਂਦਾ ਸੀ। ਸਿੰਗਲਾ ਤੇ ਉਸ ਦਾ ਭਾਣਜਾ ਪ੍ਰਦੀਪ ਕੁਮਾਰ 27 ਮਈ ਤੱਕ ਪੁਲਿਸ ਰਿਮਾਂਡ ‘ਤੇ ਹਨ। ਉੱਚ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਜਾਂਚ ਟੀਮ ਨੇ ਸਿੰਗਲਾ ਅਤੇ ਉਸ ਦੇ ਦਲਾਲ ਭਾਣਜੇ ਤੋਂ ਕਰਾਸ ਪੁੱਛਗਿੱਛ ਕੀਤੀ ਗਈ ਹੈ।
ਉਧਰ ਪੰਜਾਬ ਪੁਲਿਸ ਦੀ ਇੱਕ ਹੋਰ ਜਾਂਚ ਏਜੰਸੀ ਓਕੋ ਦੇ ਅਧਿਕਾਰੀਆਂ ਵੱਲੋਂ ਵੀ ਮਾਮੇ-ਭਾਣਜੇ ਤੋਂ ਪੁੱਛਗਿੱਛ ਕਰਨ ਬਾਰੇ ਪਤਾ ਲੱਗਾ ਹੈ। ਜਾਣਕਾਰੀ ਅਨੁਸਾਰ ਵਿਜੇ ਸਿੰਗਲਾ ਦੇ ਸਿਹਤ ਮੰਤਰੀ ਹੁੰਦਿਆਂ ਹੁਣ ਤੱਕ ਕਰੀਬ 60 ਤੋਂ ਵੱਧ ਟੈਂਡਰ ਜਾਰੀ ਹੋਏ ਸੀ। ਪੁਲਿਸ ਨੇ ਵੱਖ-ਵੱਖ ਠੇਕੇਦਾਰਾਂ ਨੂੰ ਅਲਾਟ ਹੋਏ ਇਨ੍ਹਾਂ ਟੈਂਡਰਾਂ ਦੀਆਂ ਫਾਈਲਾਂ ਤੋਂ ਮਿੱਟੀ ਝਾੜਨੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਟੈਂਡਰਾਂ ਵਿੱਚ ਮੁਹੱਲਾ ਕਲੀਨਿਕ ਦੇ ਕੰਮ ਵੀ ਸ਼ਾਮਲ ਦੱਸੇ ਜਾਂਦੇ ਹਨ। ਦਿੱਲੀ ਦੀ ਤਰਜ਼ ‘ਤੇ ਪੰਜਾਬ ਦੀ ‘ਆਪ’ ਸਰਕਾਰ ਵੱਲੋਂ 15 ਅਗਸਤ ਤੋਂ ਸੂਬੇ ਭਰ ਵਿੱਚ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਭਰ ਵਿੱਚ ਸਰਕਾਰੀ ਹਸਪਤਾਲਾਂ, ਡਿਸਪੈਂਸਰੀਆਂ, ਕਮਿਊਨਿਟੀ ਹੈਲਥ ਸੈਂਟਰਾਂ ਦੀ ਉਸਾਰੀ ਸਮੇਤ ਹੋਰ ਕੰਮ ਜੰਗੀ ਪੱਧਰ ‘ਤੇ ਚੱਲ ਰਹੇ ਹਨ। ਇਨ੍ਹਾਂ ਸਾਰੇ ਕੰਮਾਂ ਦੇ ਵਰਕ ਆਰਡਰ ਹੁਣ ਸ਼ੱਕ ਦੇ ਘੇਰੇ ਵਿੱਚ ਹਨ। ਇਹ ਕੰਮ ਵੀ ਵੱਖ-ਵੱਖ ਠੇਕੇਦਾਰਾਂ ਨੂੰ ਸੌਂਪੇ ਗਏ ਸਨ ਅਤੇ ਮਾਰਚ ਮਹੀਨੇ ਵਿੱਚ 17 ਕਰੋੜ ਰੁਪਏ ਦੇ ਟੈਂਡਰ ਅਲਾਟ ਕਰਕੇ ਪੈਸਿਆਂ ਦਾ ਭੁਗਤਾਨ ਕੀਤਾ ਗਿਆ ਸੀ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਅਗਲੇ ਦਿਨਾਂ ਵਿੱਚ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਸਣੇ ਸਬੰਧਤ ਠੇਕੇਦਾਰਾਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਤਲਬ ਕੀਤਾ ਜਾ ਸਕਦਾ ਹੈ। ਇਸ ਦੌਰਾਨ ਡੀਐੱਸਪੀ ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਮੁਲਜ਼ਮਾਂ ਦੀ ਪੁੱਛਗਿੱਛ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ ਜਾਂ ਕਿਸੇ ਹੋਰ ਅਫ਼ਸਰ ਜਾਂ ਦਲਾਲ ਦਾ ਨਾਮ ਸਾਹਮਣੇ ਆਇਆ ਤਾਂ ਉਸ ਨੂੰ ਵੀ ਪੁੱਛ-ਪੜਤਾਲ ਦੌਰਾਨ ਇਸ ਕੇਸ ਵਿੱਚ ਨਾਮਜ਼ਦ ਕੀਤਾ ਜਾਵੇਗਾ। ਉਧਰ ਸਿਹਤ ਮੰਤਰੀ ਤੇ ਉਸ ਦੇ ਓਐੱਸਡੀ ਖਿਲਾਫ਼ ਸ਼ਿਕਾਇਤ ਦਰਜ ਕਰਵਾਉਣ ਵਾਲੇ ਨਿਗਰਾਨ ਇੰਜਨੀਅਰ ਰਾਜਿੰਦਰ ਸਿੰਘ ਨੇ ਐੱਫਆਈਆਰ ‘ਚ ਦਾਅਵਾ ਕੀਤਾ ਹੈ ਕਿ ਓਐੱਸਡੀ ਪ੍ਰਦੀਪ ਕੁਮਾਰ ਸਿਵਲ ਸਕੱਤਰੇਤ ਤੇ ਕੋਠੀ ਸੱਦ ਕੇ ਉਸ ਨੂੰ ਲਗਾਤਾਰ ਧਮਕਾ ਰਿਹਾ ਸੀ। ਸ਼ਿਕਾਇਤਕਰਤਾ ਨੇ ਕਿਹਾ ਕਿ ਉਸ ਨੇ ਓਐੱਸਡੀ ਨੂੰ ਸਾਫ਼ ਕਰ ਦਿੱਤਾ ਸੀ ਕਿ ਉਹ 30 ਨਵੰਬਰ ਨੂੰ ਸੇਵਾਮੁਕਤ ਹੋ ਰਿਹਾ ਹੈ ਤੇ ਆਪਣੇ ਮੱਥੇ ‘ਤੇ ਰਿਸ਼ਖਤਖੋਰੀ ਦਾ ਕਲੰਕ ਨਹੀਂ ਲਗਵਾ ਸਕਦਾ। ਰਾਜਿੰਦਰ ਸਿੰਘ ਨੇ ਮੰਤਰੀ ਨੂੰ ਉਸ ਦਾ ਤਬਾਦਲਾ ਨਹਿਰੀ ਵਿਭਾਗ ਵਿੱਚ ਕਰਨ ਤੇ ਉਹਦੀ ਥਾਂ ਆਪਣੇ ਕਿਸੇ ਚਹੇਤੇ ਅਫ਼ਸਰ ਨੂੰ ਡੈਪੂਟੇਸ਼ਨ ‘ਤੇ ਤਾਇਨਾਤ ਕਰਨ ਲਈ ਵੀ ਕਿਹਾ ਸੀ।

 

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …