1.9 C
Toronto
Sunday, November 23, 2025
spot_img
Homeਪੰਜਾਬਨਵਜੋਤ ਸਿੱਧੂ ਪਟਿਆਲਾ ਕੇਂਦਰੀ ਜੇਲ੍ਹ ਦੇ ਬਣੇ 'ਮੁਣਸ਼ੀ'

ਨਵਜੋਤ ਸਿੱਧੂ ਪਟਿਆਲਾ ਕੇਂਦਰੀ ਜੇਲ੍ਹ ਦੇ ਬਣੇ ‘ਮੁਣਸ਼ੀ’

ਜੇਲ੍ਹ ਪ੍ਰਸ਼ਾਸਨ ਨੇ ਕਾਂਗਰਸੀ ਨੇਤਾ ਦੀ ਕਲਰਕ ਵੱਜੋਂ ਲਗਾਈ ਡਿਊਟੀ
ਪਟਿਆਲਾ/ਬਿਊਰੋ ਨਿਊਜ਼ : ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਹੁਣ ਕੇਂਦਰੀ ਜੇਲ੍ਹ ਪਟਿਆਲਾ ਦੇ ‘ਮੁਣਸ਼ੀ’ ਬਣ ਗਏ ਹਨ। ਜੇਲ੍ਹ ਨਿਯਮਾਂ ਮੁਤਾਬਕ ਹਰ ਤੰਦਰੁਸਤ ਕੈਦੀ ਤੋਂ ਜੇਲ੍ਹ ‘ਚ ਕੰਮ ਲਿਆ ਜਾਣਾ ਬਣਦਾ ਹੈ। ਕੰਮ ਦੀ ਚੋਣ ਕੈਦੀ ਦੀ ਕਾਬਲੀਅਤ ਅਤੇ ਮੁਹਾਰਤ ਆਦਿ ਦੇ ਤਹਿਤ ਕੀਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਮੈਡੀਕਲ ਲਾਈਨ ਵਾਲੇ ਕੈਦੀ ਨੂੰ ਜੇਲ੍ਹ ਹਸਪਤਾਲ, ਅਧਿਆਪਕ ਨੂੰ ਅਧਿਆਪਨ ਖਿੱਤੇ, ਖਿਡਾਰੀ ਨੂੰ ਖੇਡਾਂ ਦੇ ਖੇਤਰ ਤੇ ਕੁੱਕ ਆਦਿ ਨੂੰ ਰਸੋਈ ਘਰ ਨਾਲ ਜੋੜ ਦਿੱਤਾ ਜਾਂਦਾ ਹੈ। ਨਵਜੋਤ ਸਿੱਧੂ ਤੋਂ ਦਫਤਰੀ ਕੰਮ ਲਏ ਜਾਣ ਦਾ ਫੈਸਲਾ ਵੀ ਇਸੇ ਹੀ ਕੜੀ ਦਾ ਹਿੱਸਾ ਹੈ। ਕ੍ਰਿਕਟਰ ਰਹੇ ਹੋਣ ਕਰਕੇ ਉਹ ਕੈਦੀਆਂ ਨੂੰ ਕ੍ਰਿਕਟ ਅਤੇ ਕੁਮੈਂਟਰੀ ਸਬੰਧੀ ਵੀ ਜਾਣਕਾਰੀ ਪ੍ਰਦਾਨ ਕਰ ਸਕਦੇ ਹਨ।
ਨਵਜੋਤ ਸਿੱਧੂ ਨੂੰ ਕੰਮ ਦੀ ਵੰਡ ਸਬੰਧੀ ਭਾਵੇਂ ਉੱਚ ਅਧਿਕਾਰੀਆਂ ਵੱਲੋਂ ਹਦਾਇਤ ਜਾਂ ਮਸ਼ਵਰਾ ਦਿੱਤਾ ਹੋ ਸਕਦਾ ਹੈ, ਪਰ ਹਕੀਕੀ ਰੂਪ ‘ਚ ਕੰਮ ਦੀ ਵੰਡ ਕਰਨ ਦਾ ਅਧਿਕਾਰ ਜੇਲ੍ਹ ਸੁਪਰਡੈਂਟ ਦੇ ਕੋਲ ਹੀ ਹੁੰਦਾ ਹੈ। ਇਸ ਤਹਿਤ ਉਨ੍ਹਾਂ ਨੇ ਸਿੱਧੂ ਨੂੰ ਇਸ ਬਾਰੇ 20 ਮਈ ਨੂੰ ਜਾਣੂ ਕਰਵਾ ਦਿੱਤਾ ਸੀ ਤੇ ਹੁਣ 21 ਮਈ ਤੋਂ ਬਾਕਾਇਦਾ ਉਨ੍ਹਾਂ ਤੋਂ ਕੰਮ ਲੈਣਾ ਵੀ ਸ਼ੁਰੂ ਕਰ ਦਿੱਤਾ ਹੈ। ਜੇਲ੍ਹ ਦੇ ਕਈ ਹੋਰ ਕੈਦੀਆਂ ਤੋਂ ਵੀ ਦਫ਼ਤਰੀ ਕੰਮ ਲਿਆ ਜਾ ਰਿਹਾ ਹੈ। ਉਹ ਸਾਰੇ ਜੇਲ੍ਹ ਦੀ ਡਿਉਢੀ ‘ਚ ਸਥਿਤ ਮੁੱਖ ਦਫ਼ਤਰ ਵਿੱਚ ਮੁਲਾਜ਼ਮਾਂ ਸਣੇ ਪਹੁੰਚ ਕੇ ਇਹ ਕੰਮ ਕਰਦੇ ਹਨ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਨਵਜੋਤ ਸਿੱਧੂ ਇਸ ਕੰਮ ਲਈ ਦਫ਼ਤਰ ‘ਚ ਨਹੀਂ ਜਾਣਗੇ। ਬਲਕਿ ਕੰਮ ਵਾਲਾ ਰਜਿਸਟਰ ਉਨ੍ਹਾਂ ਤੱਕ ਭੇਜਿਆ ਜਾਵੇਗਾ। ਇਹ ਵਰਤਾਰਾ ਰੋਜ਼ਾਨਾ ਇਸੇ ਤਰ੍ਹਾਂ ਚੱਲਿਆ ਕਰੇਗਾ। ਸਿੱਧੂ ਅਜਿਹੇ ਇਕਲੌਤੇ ਕੈਦੀ ਹਨ, ਜੋ ਆਪਣੀ ਵਾਰਡ ਵਿਚੋਂ ਹੀ ਕੰਮ ਕਰਨਗੇ। ਜੇਲ੍ਹ ਵਿਭਾਗ ਦੇ ਇੱਕ ਉੱਚ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਜਿਹਾ ਸਿੱਧੂ ਦੀ ਸੁਰੱਖਿਆ ਦੇ ਮਾਮਲੇ ਨੂੰ ਲੈ ਕੇ ਕੀਤਾ ਗਿਆ ਹੈ।
ਜੇਲ੍ਹ ਮੰਤਰੀ ਨੇ ਵੀਆਈਪੀ ਟਰੀਟਮੈਂਟ ਦੇ ਦੋਸ਼ ਨਕਾਰੇ
ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਟਿਆਲਾ ਜੇਲ੍ਹ ‘ਚ ਬੰਦ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੂੰ ਜੇਲ੍ਹ ‘ਚ ਵੀਆਈਪੀ ਟਰੀਟਮੈਂਟ ਦੇਣ ਦੇ ਦੋਸ਼ਾਂ ਦਾ ਖੰਡਨ ਕੀਤਾ ਹੈ। ਜੇਲ੍ਹ ਮੰਤਰੀ ਦਾ ਕਹਿਣਾ ਹੈ ਕਿ ਉਹ ਪਹਿਲਾਂ ਵੀ ਆਖ ਚੁੱਕੇ ਹਨ ਕਿ ਜੇਲ੍ਹ ਵਿਭਾਗ ਲਈ ਸਾਰੇ ਕੈਦੀ ਇੱਕੋ ਜਿਹੇ ਹਨ।
ਨਵਜੋਤ ਸਿੱਧੂ ਦੀ ਖੁਰਾਕ ਬਾਰੇ ਰਿਪੋਰਟ ‘ਤੇ ਅਦਾਲਤ ਦੀ ਮੋਹਰ
ਪਟਿਆਲਾ : ਰੋਡਰੇਜ਼ ਮਾਮਲੇ ‘ਚ ਜੇਲ੍ਹ ਗਏ ਕਾਂਗਰਸੀ ਆਗੂ ਨਵਜੋਤ ਸਿੱਧੂ ਦੀ ਖੁਰਾਕ ਸਬੰਧੀ ਡਾਕਟਰਾਂ ਵੱਲੋਂ ਤਿਆਰ ਕੀਤੀ ਰਿਪੋਰਟ ‘ਤੇ ਅਦਾਲਤ ਨੇ ਮੋਹਰ ਲਾ ਦਿੱਤੀ ਹੈ। ਇਸ ਤਹਿਤ ਜੇਲ੍ਹ ਪ੍ਰਸ਼ਾਸਨ ਡਾਕਟਰਾਂ ਵੱਲੋਂ ਸੁਝਾਈ ਡਾਈਟ ਦੇ ਪ੍ਰਬੰਧ ਲਈ ਪਾਬੰਦ ਹੋਵੇਗਾ। ਜ਼ਿਕਰਯੋਗ ਹੈ ਕਿ ਕਾਂਗਰਸੀ ਆਗੂ ਨੇ ਪਹਿਲੇ ਹੀ ਦਿਨ ਆਪਣੇ ਵਕੀਲ ਐੱਚਪੀਐੱਸ ਵਰਮਾ ਰਾਹੀਂ ਪਟਿਆਲਾ ਦੇ ਸੀਜੇਐੱਮ ਅਮਿਤ ਮੱਲਹਣ ਦੀ ਅਦਾਲਤ ‘ਚ ਕਣਕ ਤੋਂ ਐਲਰਜੀ ਸਣੇ ਸਿਹਤ ਨਾਲ ਜੁੜੇ ਹੋਰ ਮੁੱਦੇ ਵੀ ਉਠਾਏ ਸਨ।
ਇਸ ਤਹਿਤ ਅਦਾਲਤ ਨੇ ਡਾਕਟਰਾਂ ਦਾ ਬੋਰਡ ਗਠਿਤ ਕਰਕੇ 23 ਮਈ ਨੂੰ ਰਿਪੋਰਟ ਦੇਣ ਲਈ ਕਿਹਾ ਸੀ। ਘੋਖ ਮਗਰੋਂ ਇਹ ਰਿਪੋਰਟ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਕੋਲ਼ ਭੇਜਦਿਆਂ ਅਦਾਲਤ ਨੇ ਰਿਪੋਰਟ ਵਿਚਲੀਆਂ ਮੱਦਾਂ ਲਾਗੂ ਕਰਨ ਦੀ ਤਾਕੀਦ ਕੀਤੀ ਹੈ।
ਪ੍ਰਾਪਤ ਵੇਰਵਿਆਂ ਅਨੁਸਾਰ ਸਿੱਧੂ ਨੂੰ ਫੈਟੀ ਲਿਵਰ ਦੇ ਇਲਾਜ ਸਣੇ ਖ਼ੂਨ ਪਤਲਾ ਰੱਖਣ ਲਈ ਤਾਉਮਰ ਦਵਾਈ ਖਾਣ ਅਤੇ ਵਜ਼ਨ ਘਟਾਉਣ ਦੇ ਨਾਲ-ਨਾਲ ਕਸਰਤ ਦਾ ਮਸ਼ਵਰਾ ਦਿੱਤਾ ਗਿਆ ਹੈ।
ਡਾਕਟਰਾਂ ਨੇ ਉਨ੍ਹਾਂ ਸੰਘਾੜਿਆਂ, ਛੋਲਿਆਂ ਅਤੇ ਸੋਹਲਗ੍ਰਾਮ ਆਦਿ ਤਰ੍ਹਾਂ ਦਾ ਆਟਾ ਰਲਾ ਕੇ ਮਿੱਸੀ ਰੋਟੀ ਖਾਣ ਦਾ ਸੁਝਾਅ ਦਿੱਤਾ ਹੈ। ਸਵੇਰੇ ਮਾਰੂ ਚਾਹ, ਐਲੋਵੇਰਾ, ਔਲਾ, ਤੁਲਸੀ, ਪੁਦੀਨਾ ਅਤੇ ਗਾਜਰ ਆਦਿ ਦਾ ਜੂਸ ਸੁਝਾਇਆ ਗਿਆ ਹੈ। ਇਸ ਤੋਂ ਇਲਾਵਾ ਹਰੀਆਂ ਸਬਜ਼ੀਆਂ ਜਾਂ ਫਲਾਂ ਦਾ ਜੂਸ ਆਦਿ ਲੈਣ ਬਾਰੇ ਵੀ ਕਿਹਾ ਗਿਆ ਹੈ।
ਵਧੀਕ ਜੇਲ੍ਹ ਸੁਪਰਡੈਂਟ ਗੁਰਚਰਨ ਸਿੰਘ ਧਾਲ਼ੀਵਾਲ਼ ਨੇ ਕਿਹਾ ਕਿ ਸਿਹਤ ਦੀ ਸਮੱਸਿਆ ਦੇ ਚਲਦਿਆਂ ਜੇ ਕਿਸੇ ਬੰਦੀ ਲਈ ਡਾਕਟਰ ਵੱਲੋਂ ਖੁਰਾਕ ਸੁਝਾਈ ਗਈ ਹੋਵੇ, ਤਾਂ ਜੇਲ੍ਹ ਪ੍ਰਸ਼ਾਸਨ ਅਜਿਹੀ ਡਾਈਟ ਮੁਹੱਈਆ ਕਰਵਾਉਣ ਲਈ ਪਾਬੰਦ ਹੁੰਦਾ ਹੈ।
ਜ਼ਿਕਰਯੋਗ ਹੈ ਕਿ ਰੋਡਰੇਜ਼ ਦੇ ਇਕ ਮਾਮਲੇ ਵਿਚ ਸੁਪਰੀਮ ਕੋਰਟ ਨੇ ਨਵਜੋਤ ਸਿੱਧੂ ਨੂੰ ਇਕ ਸਾਲ ਦੀ ਸਖਤ ਸਜ਼ਾ ਸੁਣਾਈ ਹੋਈ ਹੈ ਅਤੇ ਸਿੱਧੂ ਇਸ ਸਮੇਂ ਪਟਿਆਲਾ ਦੀ ਜੇਲ੍ਹ ਵਿਚ ਬੰਦ ਹੈ।

RELATED ARTICLES
POPULAR POSTS