ਸ਼ੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਛਿੜਿਆ ਵਿਵਾਦ
ਅੰਮਿ੍ਰਤਸਰ/ਬਿਊਰੋ ਨਿਊਜ਼ : ਅੰਮਿ੍ਰਤਸਰ ਸਥਿਤ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ ਇਕ ਨੌਜਵਾਨ ਵੱਲੋਂ ਭੰਗੜਾ ਪਾਉਂਦੇ ਸਮੇਂ ਆਪਣੀ ਦਸਤਾਰ ਉਤਾਰ ਦਿੱਤੀ। ਜਿਸ ਤੋਂ ਬਾਅਦ ਨੌਜਵਾਨ ਦਾ ਵੀਡੀਓ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਅਤੇ ਵਿਵਾਦ ਛਿੜ ਗਿਆ। ਕੁੱਝ ਵਿਅਕਤੀਆਂ ਵੱਲੋਂ ਦਸਤਾਰ ਉਤਾਰਨ ਨੂੰ ਸਹੀ ਦੱਸਿਆ ਜਾ ਰਿਹਾ ਹੈ ਜਦਕਿ ਕੁੱਝ ਵਿਅਕਤੀਆਂ ਵੱਲੋਂ ਇਸ ਨੂੰ ਦਸਤਾਰ ਦਾ ਅਪਮਾਨ ਦੱਸਿਆ ਜਾ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ ਭੰਗੜਾ ਪਾਉਂਦੇ ਹੋਏ ਨੌਜਵਾਨ ਨੇ ਦੋ ਵਾਰ ਆਪਣੀ ਦਸਤਾਰ ਨੂੰ ਠੀਕ ਕੀਤਾ ਪ੍ਰੰਤੂ ਦਸਤਾਰ ਫਿਰ ਤੋਂ ਢਿੱਲੀ ਹੋ ਗਈ। ਭੰਗੜਾ ਪਾ ਰਹੇ ਨੌਜਵਾਨ ਨੇ ਦਸਤਾਰ ਨੂੰ ਉਤਰਨ ਤੋਂ ਪਹਿਲਾਂ ਖੁਦ ਹੀ ਉਤਾਰ ਕੇ ਸਨਮਾਨ ਦੇ ਨਾਲ ਸਟੇਜ ਦੇ ਬਿਲਕੁਲ ਅੱਗੇ ਰੱਖ ਦਿੱਤਾ ਅਤੇ ਆਪਣੀ ਪਰਫਾਰਮੈਂਸ ਨੂੰ ਪੂਰਾ ਕੀਤਾ। ਇਸ ਦਾ ਵੀਡੀਓ ਸ਼ੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋਇਆ ਜਿਸ ’ਤੇ ਵੱਖ-ਵੱਖ ਤਰ੍ਹਾਂ ਦੇ ਕੁਮੈਂਟ ਕੀਤੇ ਗਏ। ਕੁੱਝ ਵਿਅਕਤੀਆਂ ਵੱਲੋਂ ਇਸ ਨੂੰ ਦਸਤਾਰ ਦਾ ਅਪਮਾਨ ਦੱਸਿਆ ਗਿਆ ਜਦਕਿ ਕੁੱਝ ਵਿਅਕਤੀਆਂ ਨੇ ਕਿਹਾ ਕਿ ਜੇਕਰ ਨੌਜਵਾਨ ਦਸਤਾਰ ਨਾ ਉਤਾਰਦਾ ਤਾਂ ਦਸਤਾਰ ਪੈਰਾਂ ਵਿਚ ਡਿੱਗ ਜਾਂਦੀ ਅਤੇ ਉਸ ਨੌਜਵਾਨ ਨੇ ਦਸਤਾਰ ਨੂੰ ਪੈਰਾਂ ਵਿਚ ਡਿੱਗਣ ਤੋਂ ਬਚਾ ਲਿਆ।