Breaking News
Home / ਪੰਜਾਬ / ਸੜਕ ਹਾਦਸੇ ‘ਚ ਮਾਰੇ ਗਏ ਦੀਪ ਸਿੱਧੂ ਦੀ ਮੌਤ ‘ਤੇ ਉਠੇ ਸਵਾਲ

ਸੜਕ ਹਾਦਸੇ ‘ਚ ਮਾਰੇ ਗਏ ਦੀਪ ਸਿੱਧੂ ਦੀ ਮੌਤ ‘ਤੇ ਉਠੇ ਸਵਾਲ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮਸ਼ਹੂਰ ਅਦਾਕਾਰ ਦੀਪ ਸਿੱਧੂ ਦੀ ਮੰਗਲਵਾਰ ਦੇਰ ਰਾਤ ਸੜਕ ਹਾਦਸੇ ‘ਚ ਮੌਤ ਹੋ ਗਈ। ਇਹ ਹਾਦਸਾ ਹਰਿਆਣਾ ‘ਚ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸ ਵੇਅ ‘ਤੇ ਪਿਪਲੀ ਟੋਲ ਪਲਾਜ਼ੇ ਦੇ ਨੇੜੇ ਵਾਪਰਿਆ। ਮਿਲੀ ਜਾਣਕਾਰੀ ਅਨੁਸਾਰ ਦੀਪ ਸਿੱਧੂ ਖੁਦ ਕਾਰ ਚਲਾ ਰਿਹਾ ਸੀ ਅਤੇ ਉਨ੍ਹਾਂ ਦੀ ਗੱਡੀ ਇੱਕ ਖੜ੍ਹੇ ਟਰਾਲੇ ‘ਚ ਜਾ ਵੱਜੀ, ਜਿਸ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਦੀਪ ਸਿੱਧੂ ਆਪਣੀ ਅਮਰੀਕੀ ਮਹਿਲਾ ਮਿੱਤਰ ਦੇ ਨਾਲ ਦਿੱਲੀ ਤੋਂ ਪੰਜਾਬ ਪਰਤ ਰਿਹਾ ਸੀ। ਮਹਿਲਾ ਮਿੱਤਰ ਦਾ ਨਾਮ ਰੀਨਾ ਦੱਸਿਆ ਜਾ ਰਿਹਾ ਹੈ ਅਤੇ ਉਹ ਅਮਰੀਕਾ ਦੀ ਰਹਿਣ ਵਾਲੀ ਹੈ। ਰੀਨਾ ਡਰਾਈਵਰ ਦੀ ਨਾਲ ਵਾਲੀ ਸੀਟ ‘ਤੇ ਬੈਠੀ ਸੀ ਅਤੇ ਗੱਡੀ ਦੀ ਉਹ ਸਾਈਡ ਟਰਾਲੇ ਨਾਲ ਨਹੀਂ ਟਕਰਾਈ, ਜਿਸ ਕਾਰਨ ਉਸ ਦੇ ਜ਼ਿਆਦਾ ਗੰਭੀਰ ਸੱਟਾਂ ਨਹੀਂ ਲੱਗੀਆਂ। ਦੀਪ ਸਿੱਧੂ ਕਈ ਪੰਜਾਬੀ ਫਿਲਮਾਂ ਵਿਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕਾ ਹੈ। ਦੀਪ ਸਿੱਧੂ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਚੱਲੇ ਕਿਸਾਨ ਅੰਦੋਲਨ ਦੌਰਾਨ ਵੀ ਕਾਫ਼ੀ ਸਰਗਰਮ ਰਿਹਾ ਸੀ।
ਪਿਛਲੇ ਸਾਲ 26 ਜਨਵਰੀ ਨੂੰ ਲਾਲ ਕਿਲੇ ਵਿਖੇ ਵਾਪਰੀ ਘਟਨਾ ਨੂੰ ਲੈ ਕੇ ਵੀ ਸਿੱਧੂ ਨੂੰ ਆਰੋਪੀ ਬਣਾਇਆ ਗਿਆ ਸੀ, ਜਿਸ ਦੇ ਚਲਦਿਆਂ ਉਸ ਨੂੰ ਕਈ ਮਹੀਨੇ ਜੇਲ੍ਹ ‘ਚ ਵੀ ਬਿਤਾਉਣੇ ਪਏ ਸਨ। ਉਧਰ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਦੀਪ ਸਿੱਧੂ ਵੱਲੋਂ ਅਮਰਗੜ੍ਹ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿਚ ਪ੍ਰਚਾਰ ਵੀ ਕਰ ਰਹੇ ਸਨ। ਦੀਪ ਸਿੱਧੂ ਦੀ ਮੌਤ ‘ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਸਿੰਘ ਬਾਦਲ, ਭਗਵੰਤ ਮਾਨ ਵੱਲੋਂ ਵੀ ਦੁੱਖ ਪ੍ਰਗਟਾਇਆ ਗਿਆ ਹੈ। ਦੀਪ ਸਿੱਧੂ ਦਾ ਅੰਤਿਮ ਸਸਕਾਰ ਲੁਧਿਆਣਾ ਜ਼ਿਲ੍ਹੇ ‘ਚ ਪੈਂਦੇ ਪਿੰਡ ਥਰੀਕੇ ਵਿਖੇ ਕਰ ਦਿੱਤਾ ਗਿਆ ਹੈ। ਦੀਪ ਸਿੱਧੂ ਦੇ ਪਰਿਵਾਰਕ ਮੈਂਬਰਾਂ ਅਤੇ ਨਜ਼ਦੀਕੀਆਂ ਦਾ ਕਹਿਣਾ ਹੈ ਕਿ ਇਸ ਹਾਦਸੇ ਦੀ ਬਾਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਇਹ ਸੜਕ ਹਾਦਸਾ ਹੈ ਜਾਂ ਕਤਲ।
ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਅਫਸੋਸ ਪ੍ਰਗਟਾਇਆ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੇ ਸਰੋਕਾਰਾਂ ਨੂੰ ਪੁਖ਼ਤਗੀ ਨਾਲ ਰੱਖਣ ਵਾਲੇ ਪੰਜਾਬੀ ਅਦਾਕਾਰ ਦੀਪ ਸਿੱਧੂ ਦੇ ਅਕਾਲ ਚਲਾਣੇ ‘ਤੇ ਗਹਿਰੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਇਕ ਸ਼ੋਕ ਸੰਦੇਸ਼ ਵਿਚ ਉਨ੍ਹਾਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਦੀਪ ਸਿੱਧੂ ਨੇ ਕਿਸਾਨ ਸੰਘਰਸ਼ ਦੌਰਾਨ ਨੌਜਵਾਨੀ ਨੂੰ ਲਾਮਬੰਦ ਕਰਨ ਵਿਚ ਮੋਹਰੀ ਭੂਮਿਕਾ ਨਿਭਾਈ।
ਹਜ਼ਾਰਾਂ ਨਮ ਅੱਖਾਂ ਦੀ ਹਾਜ਼ਰੀ ‘ਚ ਹੋਇਆ ਦੀਪ ਸਿੱਧੂ ਦਾ ਅੰਤਿਮ ਸਸਕਾਰ
ਲੁਧਿਆਣਾ : ਦੀਪ ਸਿੱਧੂ ਦਾ ਮੰਗਲਵਾਰ ਨੂੰ ਭਿਆਨਕ ਸੜਕ ਹਾਦਸੇ ‘ਚ ਦਿਹਾਂਤ ਹੋ ਗਿਆ ਸੀ, ਜਿਨ੍ਹਾਂ ਦਾ ਅੰਤਿਮ ਸੰਸਕਾਰ ਬੁੱਧਵਾਰ ਨੂੰ ਪਿੰਡ ਥਰੀਕੇ ਦੇ ਸਮਸਾਨਘਾਟ ਵਿਖੇ ਕੀਤਾ ਗਿਆ। ਅੰਤਿਮ ਸੰਸਕਾਰ ਮੌਕੇ ਦੀਪ ਸਿੱਧੂ ਦੇ ਹਜ਼ਾਰਾਂ ਚਾਹੁਣ ਵਾਲੇ ਹਾਜਰ ਸਨ। ਦੀਪ ਸਿੱਧੂ ਦੀ ਮ੍ਰਿਤਕ ਦੇਹ ਨੂੰ ਐਂਬੂਲੈਂਸ ਰਾਹੀਂ ਸੋਨੀਪਤ ਤੋਂ ਸੜਕੀ ਮਾਰਗ ਰਾਹੀਂ ਉਨ੍ਹਾਂ ਦੇ ਪਿੰਡ ਥਰੀਕੇ ਵਿਚਲੇ ਘਰ ਤੱਕ ਲਿਆਂਦਾ ਗਿਆ। ਦੀਪ ਸਿੱਧੂ ਦੀ ਮ੍ਰਿਤਕ ਦੇਹ ਦੇ ਕਾਫਲੇ ‘ਤੇ ਥਾਂ-ਥਾਂ ਉਨ੍ਹਾਂ ਦੇ ਚਾਹੁਣ ਵਾਲਿਆਂ ਨੇ ਫੁੱਲਾਂ ਦੀ ਵਰਖਾ ਕਰਕੇ ਸਰਧਾਂਜਲੀ ਭੇਂਟ ਕੀਤੀ। ਸੋਨੀਪਤ ਤੋਂ ਚੱਲਿਆ ਕਾਫਲਾ ਪਿੰਡ ਥਰੀਕੇ ਤੱਕ ਪੁੱਜਦਾ ਹੋਇਆ ਵਿਸਾਲ ਰੂਪ ਧਾਰਨ ਕਰ ਗਿਆ। ਜਦੋਂ ਮ੍ਰਿਤਕ ਦੇਹ ਨੂੰ ਸ਼ਮਸ਼ਾਨ ਲਿਜਾਇਆ ਗਿਆ ਤਾਂ ਉਸ ਸਮੇਂ ਦੀਪ ਸਿੱਧੂ ਅਮਰ ਰਹੇ ਦੇ ਨਾਅਰੇ ਗੂੰਜਦੇ ਰਹੇ।

Check Also

ਐਸਜੀਪੀਸੀ ਪ੍ਰਧਾਨ ਨੇ ਦਿੱਲੀ ਦੇ ਮੈਟਰੋ ਸਟੇਸ਼ਨ ’ਤੇ ਸਿੱਖ ਵਿਅਕਤੀ ਨੂੰ ਕਿਰਪਾਨ ਪਾ ਕੇ ਜਾਣ ਤੋਂ ਰੋਕਣ ਦੀ ਕੀਤੀ ਸਖਤ ਨਿੰਦਾ

ਕਿਹਾ : ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਹੋ ਰਹੀ ਖਿਲਵਾੜ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …