ਅਰਵਿੰਦ ਕੇਜਰੀਵਾਲ ‘ਤੇ ਵੀ ਝੂਠ ਬੋਲਣ ਦੇ ਲਗਾਏ ਆਰੋਪ
ਅੰਮ੍ਰਿਤਸਰ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮਹਿੰਗੀ ਵਿਕ ਰਹੀ ਰੇਤ ਤੇ ਹੋਰ ਮਸਲਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ। ਉਨ੍ਹਾਂ ਨੇ ‘ਆਪ’ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਪੰਜਾਬੀਆਂ ਨਾਲ ਕਥਿਤ ਤੌਰ’ ਤੇ ਝੂਠ ਬੋਲਣ ਦਾ ਆਰੋਪ ਲਾਇਆ। ਸਿੱਧੂ ਅੰਮ੍ਰਿਤਸਰ ਦੇ ਜਹਾਜ਼ਗੜ੍ਹ ਇਲਾਕੇ ਵਿੱਚ ਰੇਤ ਵੇਚਣ ਆਏ ਟਰੈਕਟਰ-ਟਰਾਲੀ ਚਾਲਕਾਂ ਨਾਲ ਰੇਤ ਦੇ ਭਾਅ ਬਾਰੇ ਗੱਲਬਾਤ ਕਰਨ ਪਹੁੰਚੇ ਸਨ। ਇਸ ਮੌਕੇ ਸਿੱਧੂ ਨਾਲ ਕਾਂਗਰਸ ਦੇ ਸਾਬਕਾ ਵਿਧਾਇਕ ਸੁਨੀਲ ਦੱਤੀ ਅਤੇ ਅਸ਼ਵਨੀ ਸੇਖੜੀ ਵੀ ਮੌਜੂਦ ਸਨ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਚੰਨੀ ਸਰਕਾਰ ਵੇਲੇ ਰੇਤ 900 ਰੁਪਏ ਪ੍ਰਤੀ ਸੈਂਕੜਾ ਸੀ, ਜੋ ਅੱਜ ਚਾਰ ਹਜ਼ਾਰ ਰੁਪਏ ਪ੍ਰਤੀ ਸੈਂਕੜਾ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਸਿਰਫ ਦੋ ਮਹੀਨਿਆਂ ਵਿਚ ਹੀ ਰੇਤ ਦਾ ਭਾਅ 900 ਰੁਪਏ ਤੋਂ 4000 ਰੁਪਏ ਪ੍ਰਤੀ ਸੈਂਕੜਾ ਹੋ ਗਿਆ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਦਾਅਵਾ ਕੀਤਾ ਸੀ ਕਿ ਰੇਤ ਦਾ ਨਾਜਾਇਜ਼ ਖਣਨ ਰੋਕ ਕੇ ਇਸ ਤੋਂ 20 ਹਜ਼ਾਰ ਕਰੋੜ ਰੁਪਏ ਦਾ ਮਾਲੀਆ ਇਕੱਠਾ ਕੀਤਾ ਜਾਵੇਗਾ ਪਰ ਹਾਲੇ ਤਕ ਇਸ ਬਾਰੇ ਕੋਈ ਨੀਤੀ ਨਹੀਂ ਬਣਾਈ ਗਈ।
ਉਨ੍ਹਾਂ ਚੁਣੌਤੀ ਦਿੰਦਿਆਂ ਕਿਹਾ ਕਿ ਜਦੋਂ ਤਕ ਰੇਤ ਖਣਨ ਮਾਮਲੇ ਵਿਚ ਠੇਕੇਦਾਰੀ ਪ੍ਰਕਿਰਿਆ ਬੰਦ ਨਹੀਂ ਹੁੰਦੀ, ਉਦੋਂ ਤੱਕ 200 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਵੀ ਇਕੱਠਾ ਨਹੀਂ ਹੋ ਸਕਦਾ।
ਸਿੱਧੂ ਨੇ ਬਿਜਲੀ ਮੁਫ਼ਤ ਦੇਣ ਬਾਰੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਚੋਣਾਂ ਵੇਲੇ ਹਰ ਵਰਗ ਨੂੰ 300 ਯੂਨਿਟ ਪ੍ਰਤੀ ਮਹੀਨਾ ਬਿਜਲੀ ਮੁਫ਼ਤ ਦੇਣ ਦਾ ਵਾਅਦਾ ਕੀਤਾ ਗਿਆ ਸੀ ਅਤੇ ਹੁਣ ਸਰਕਾਰ ਬਣਨ ਮਗਰੋਂ ਜਨਰਲ ਸ਼੍ਰੇਣੀ ਨੂੰ ਇਸ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ‘ਆਪ’ ਨੇ ਹਜ਼ਾਰਾਂ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ, ਪਰ ਹਾਲੇ ਤੱਕ ਇਸ ਬਾਰੇ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …