Breaking News
Home / ਕੈਨੇਡਾ / ਪੰਜਵਾਂ ਸਿੱਖ ਹੈਰੀਟੇਜ ਮੰਥ ਮਨਾਉਣ ਲਈ ਬਰੈਂਪਟਨ ਵਿਖੇ ਸ਼ੁਰੂਆਤੀ ਸਮਾਗਮ

ਪੰਜਵਾਂ ਸਿੱਖ ਹੈਰੀਟੇਜ ਮੰਥ ਮਨਾਉਣ ਲਈ ਬਰੈਂਪਟਨ ਵਿਖੇ ਸ਼ੁਰੂਆਤੀ ਸਮਾਗਮ

ਬਰੈਂਪਟਨ/ਡਾ. ਝੰਡ : ਗੁਰਕੀਰਤ ਸਿੰਘ ਬਾਠ ਤੋਂ ਪ੍ਰਾਪਤ ਸੂਚਨਾ ਅਨੁਸਾਰ ਲੰਘੇ ਸ਼ਨੀਵਾਰ 31 ਮਾਰਚ ਨੂੰ ਪੰਜਵਾਂ ਸਿੱਖ ਹੈਰੀਟੇਜ ਮੰਥ ਮਨਾਉਣ ਦੀ ਸ਼ੁਭ-ਸ਼ੁਰੂਆਤ ਕਰਨ ਲਈ ਇਕ ਹਜ਼ਾਰ ਤੋਂ ਵਧੀਕ ਲੋਕ ਬਰੈਂਪਟਨ ਦੇ ਸਿਟੀ ਹਾਲ ਵਿਚ ਹੁੰਮ-ਹੁਮਾ ਕੇ ਪਹੁੰਚੇ। ਇਸ ਸਮਾਗ਼ਮ ਦਾ ਥੀਮ ‘ਏਕਤਾ’ ਰੱਖਿਆ ਗਿਆ ਜੋ ਕਿ ਬਰੈਂਪਟਨ ਵਿਚ ਵਿਚਰ ਰਹੀਆਂ ਵੱਖ-ਵੱਖ ਕਮਿਊਨਿਟੀਆਂ ਦੀ ਏਕਤਾ ਨੂੰ ਦਰਸਾਉਂਦਾ ਹੈ। ਇਹ ਉਦਘਾਟਨੀ-ਸ਼ਾਮ ਪੂਰੀ ਹਲਚਲ ਤੇ ਊਰਜਾ ਨਾਲ ਭਰਪੂਰ ਸੀ ਜਿਸ ਨੇ ਅਪ੍ਰੈਲ ਮਹੀਨੇ ਵਿਚ ਹੋਣ ਵਾਲੇ ਸਮੂਹ ਪ੍ਰੋਗਰਾਮਾਂ ਦੀ ਰੂਪ-ਰੇਖਾ ਹਾਜ਼ਰੀਨ ਦੇ ਸਾਹਮਣੇ ਰੱਖੀ। ਸਮਾਗ਼ਮ ਵਿਚ ਵੱਖ-ਵੱਖ ਸਿੱਖ ਕਲਾਕਾਰਾਂ ਨੇ ਆਪੋ ਆਪਣੀਆਂ ਖ਼ੂਬਸੂਰਤ ਸੱਭਿਆਚਾਰਕ ਆਈਟਮਾਂ ਪੇਸ਼ ਕੀਤੀਆਂ ਅਤੇ ਕਈਆਂ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਮਿਊਜ਼ੀਕਲ ਲਾਈਵ ਕੌਨਸਲਟ ਵਿਚ ਸਥਾਨਕ ਕਲਾਕਾਰਾਂ ਨੇ ਆਪਣੀ ਕਲਾ ਦੇ ਖ਼ੂਬ ਜੌਹਰ ਵਿਖਾਏ। ਕਈ ਆਰਟ ਨੁਮਾਇਸ਼ਾਂ ਲਗਾਈਆਂ ਗਈਆਂ ਅਤੇ ਇਕ ਮਾਰਕੀਟ ਪਲੇਸ ਬਣਾਈ ਗਈ ਜਿੱਥੇ ਸਥਾਨਕ ਚੈਰਿਟੀਆਂ ਤੇ ਸੰਸਥਾਵਾਂ ਵਾਲੰਟੀਅਰ ਸੇਵਾਵਾਂ ਲਈ ਮੌਕਿਆਂ ਬਾਰੇ ਜਾਣਕਾਰੀ ਲੋਕਾਂ ਨਾਲ ਸਾਂਝੀ ਕੀਤੀ। ਇਸ ਮੌਕੇ ਸਿੱਖ ਸੇਵਾ ਸੋਸਾਇਟੀ ਵੱਲੋਂ ਲੰਗਰ ਵੀ ਲਗਾਇਆ ਗਿਆ। ਸਾਰਿਆਂ ਦੇ ਲਈ ਇਹ ਦਿਨ ਬੜਾ ਖੁਸ਼ੀਆਂ, ਚਾਵਾਂ, ਜੋਸ਼ ਤੇ ਉਤਸ਼ਾਹ ਭਰਪੂਰ ਸੀ। ਕਮਿਊਨਿਟੀ ਮੈਂਬਰਾਂ ਨੇ ਅਮੀਰ ਸਿੱਖ ਸੱਭਿਆਚਾਰ ਦੀਆਂ ਵੱਡਮੁੱਲੀਆਂ ਕਦਰਾਂ-ਕੀਮਤਾਂ ਦੀ ਝਲਕ ਇਸ ਮੌਕੇ ਹੋਈਆਂ ਵੱਖ-ਵੱਖ ਪੇਸ਼ਕਾਰੀਆਂ ਅਤੇ ਨੁਮਾਇਸ਼ਾਂ ਤੋਂ ਪ੍ਰਾਪਤ ਕੀਤੀ। ਇਹ ਸਮਾਗ਼ਮ ਸਿੱਖ ਹੈਰੀਟੇਜ ਮੰਥ ਫ਼ਾਊਡੇਸ਼ਨ ਵੱਲੋਂ ਇਸ ਮਹੀਨੇ ਹੋਣ ਵਾਲੇ ਸਮਾਗ਼ਮਾਂ ਦਾ ਸ਼ੁਰੂਆਤੀ ਸਮਾਗ਼ਮ ਸੀ। ਅਗਲਾ ਸਮਾਗ਼ਮ ਸ਼ੁੱਕਰਵਾਰ 5 ਅਪ੍ਰੈਲ ਨੂੰ ਬਰੈਂਪਟਨ ਸਿਟੀ ਹਾਲ ਵਿਚ ਹੋਵੇਗਾ ਜਿਸ ਵਿਚ ਕੈਨੇਡੀਅਨ ਉਲਿੰਪਕ ਖਿਡਾਰੀ ਯੂ.ਐੱਫ਼.ਸੀ. ਫ਼ਾਈਟਰ ਅਰਜਨ ਭੁੱਲਰ ਨਾਲ ਖੁੱਲ੍ਹੀਆਂ ਗੱਲਾਂ-ਬਾਤਾਂ ਹੋਣਗੀਆਂ। ਅਪ੍ਰੈਲ ਮਹੀਨੇ ਦੌਰਾਨ ਹੋਣ ਵਾਲੇ ਸਮੂਹ ਸਮਾਗ਼ਮਾਂ ਸਬੰਧੀ ਜਾਣਕਾਰੀ www.sikhheritagemonth.ca ‘ਤੇ ਜਾ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …