Breaking News
Home / ਕੈਨੇਡਾ / ਟੀ.ਪੀ.ਏ.ਆਰ. ਕਲੱਬ ਤੇ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਦੇ ਮੈਂਬਰ 13 ਅਪ੍ਰੈਲ ਨੂੰ ਇਕੱਠੇ ਚੜ੍ਹਨਗੇ ਸੀ.ਐੱਨ. ਟਾਵਰ ਦੀਆਂ ਪੌੜੀਆਂ

ਟੀ.ਪੀ.ਏ.ਆਰ. ਕਲੱਬ ਤੇ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਦੇ ਮੈਂਬਰ 13 ਅਪ੍ਰੈਲ ਨੂੰ ਇਕੱਠੇ ਚੜ੍ਹਨਗੇ ਸੀ.ਐੱਨ. ਟਾਵਰ ਦੀਆਂ ਪੌੜੀਆਂ

ਬਰੈਂਪਟਨ/ਡਾ. ਝੰਡ
ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਚੜ੍ਹਨ ਦਾ ਈਵੈਂਟ ਸਾਲੋ-ਸਾਲ ਹੋਰ ਵੀ ਦਿਲਚਸਪ ਤੇ ਹਰਮਨ-ਪਿਆਰਾ ਹੁੰਦਾ ਜਾ ਰਿਹਾ ਹੈ। ਡਬਲਿਊ. ਡਬਲਿਊ. ਐੱਫ਼. ਵੱਲੋਂ ਕਰਵਾਏ ਜਾਂਦੇ ਇਸ ਮਹੱਤਵ-ਪੂਰਵਕ ਈਵੈਂਟ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਬੜੇ ਹੀ ਜੋਸ਼ ਤੇ ਉਤਸ਼ਾਹ ਨਾਲ ਭਾਗ ਲੈਂਦੇ ਹਨ। ਆਮ ਫ਼ਿੱਟਨੈੱਸ ਵਾਲਾ ਵਿਅੱਕਤੀ ਇਸ ਉੱਪਰ ਚੜ੍ਹਨ ਲਈ 30-35 ਮਿੰਟ ਜਾਂ ਇਸ ਤੋਂ ਕੁਝ ਵਧੇਰੇ ਸਮਾਂ ਵੀ ਲਗਾਉਂਦਾ ਹੈ, ਜਦ ਕਿ ਤੇਜ਼-ਤਰਾਰ ਵਿਅੱਕਤੀ 15-20 ਮਿੰਟਾਂ ਵਿਚ ਵੀ ਇਹ ਪੌੜੀਆਂ ਚੜ੍ਹ ਜਾਂਦੇ ਹਨ। ਉਂਜ, ਵੇਖਿਆ ਜਾਏ ਤਾਂ ਇਸ ਟਾਵਰ ਉੱਪਰ ਜਾਣ ਵਾਲੇ ਸੱਭ ਤੋਂ ਤੇਜ਼ ਕਲਾਈਂਬਰ ਬਰੈਡਨ ਕੀਨੋਏ ਵੱਲੋਂ 1989 ਵਿਚ ਕਾਇਮ ਕੀਤਾ ਗਿਆ ਰਿਕਾਰਡ 7 ਮਿੰਟ 52 ਸਕਿੰਟ ਦਾ ਹੈ। 2017 ਵਿਚ 27-ਸਾਲਾ ਸ਼ਾਨ ਸਟੀਫ਼ਨਜ਼-ਵੇਲ ਦਾ ਇਹ ਰਿਕਾਰਡ 9 ਮਿੰਟ 54.9 ਸਕਿੰਟ ਦਾ ਹੈ।
ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ (ਟੀ.ਪੀ.ਏ.ਆਰ. ਕਲੱਬ) ਅਤੇ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਜੋ ਹਰ ਸਾਲ ‘ਇੰਸਪੀਰੇਸ਼ਨਲ ਸਟੈੱਪਸ ਮੈਰਾਥਨ’ ਤੇ ਕਈ ਹੋਰ ਈਵੈਂਟ ਕਰਵਾਉਂਦੀ ਹੈ, ਦੇ ਮੈਂਬਰ ਮਿਲ ਕੇ ਇੱਕੇ ਹੀ ਬੈਨਰ ਹੇਠ 13 ਅਪ੍ਰੈਲ ਦਿਨ ਸ਼ਨੀਵਾਰ ਨੂੰ ਸੀ.ਐੱਨ. ਟਾਵਰ ਦੀਆਂ ਪੌੜੀਆਂ ਚੜ੍ਹਨ ਦੇ ਮਹਾਨ ਈਵੈਂਟ ਵਿਚ ਭਾਗ ਲੈ ਰਹੇ ਹਨ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਨੇ ਦੱਸਿਆ ਕਿ ਦੋਵੇਂ ਸੰਸਥਾਵਾਂ ਇਸ ਈਵ ੈਂਟ ਵਿਚ ਆਪਣੀ ਸ਼ਮੂਲੀਅਤ ਨੂੰ ਅੰਮ੍ਰਿਤਸਰ ਦੇ ਜੱਲਿਆਂਵਾਲੇ ਬਾਗ਼ ਦੇ ਖ਼ੂਨੀ ਸਾਕੇ ਦੀ 100ਵੀਂ ਵਰ੍ਹੇਗੰਢ ਨੂੰ ਸਮੱਰਪਿਤ ਕਰ ਰਹੀਆਂ ਹਨ। ਇਸ ਮੰਤਵ ਲਈ ਟੀ.ਪੀ.ਏ.ਆਰ. ਕਲੱਬ ਕੋਲ 60 ਵਿਅੱਕਤੀ ਆਪਣੀ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ ਅਤੇ ਇਨ੍ਹਾਂ ਦੋਹਾਂ ਸੰਸਥਾਵਾਂ ਦੇ 100 ਤੋਂ ਵਧੀਕ ਮੈਂਬਰਾਂ ਦੇ ਇਸ ਵਿਚ ਭਾਗ ਲੈਣ ਦੀ ਉਮੀਦ ਹੈ। ਇਸ ਮੌਕੇ ਉਨ੍ਹਾਂ ਨੂੰ ਕੌਮੈਕਸ ਇੰਸ਼ੋਰੈਂਸ ਬਰੋਕਰ ਤਜਿੰਦਰ ਬੇਦੀ ਵੱਲੋਂ ਸਪੈਸ਼ ਟੀ-ਸ਼ਰਟਾਂ ਪ੍ਰਦਾਨ ਕੀਤੀਆਂ ਜਾਣਗੀਆਂ। ਈਵੈਂਟ ਦੀ ਸਮਾਪਤੀ ‘ਤੇ ਸਮੂਹ ਮੈਂਬਰ ਬਾਅਦ ਦੁਪਹਿਰ 12.30 ਵਜੇ ਜੀ.ਟੀ.ਐੱਮ ਦੇ ਆਫ਼ਿਸ ਵਿਚ ਆ ਕੇ ਲੰਚ ਕਰਨਗੇ ਅਤੇ ਸ਼ਾਮ ਨੂੰ ਡਿਨਰ ਪਾਰਟੀ ਵੀ ਏਸੇ ਜਗ੍ਹਾ ਹੀ ਹੋਵੇਗਾ।
ਇਸ ਵਾਰ ਸੀਨੀਅਰਜ਼ ਵੱਲੋਂ ਇਸ ਈਵੈਂਟ ਲਈ ਹੋਰ ਵੀ ਵਧੇਰੇ ਉਤਸ਼ਾਹ ਵਿਖਾਇਆ ਜਾ ਰਿਹਾ ਹੈ। ਉਨ੍ਹਾਂ ਤੋਂ ਇਲਾਵਾ ਵਾਲੰਟੀਅਰਜ਼ ਅਤੇ ਮੀਡੀਆ ਨਾਲ ਸਬੰਧਿਤ ਕਰਮੀ ਵੀ ਵੱਡੀ ਗਿਣਤੀ ਵਿਚ ਪਹੁੰਚ ਰਹੇ ਹਨ। ਸੰਧੂਰਾ ਬਰਾੜ ਨੇ ਦੱਸਿਆ ਕਿ ਉਨ੍ਹਾਂ ਦੀ ਕਲੱਬ ਟੀ.ਪੀ.ਏ.ਆਰ. ਦੇ ਮੈਂਬਰ ਸਵੇਰੇ 6.00 ਵਜੇ ਏਅਰਪੋਰਟ ਰੋਡ ‘ਤੇ ਬੋਵੇਰਡ ਦੇ ਇੰਟਰਸੈੱਕਸ਼ਨ ਨੇੜੇ ਟਿਮ ਹੌਰਟਨ ਦੀ ਪਾਰਕਿੰਗ ਵਿਚ ਇਕੱਠੇ ਹੋ ਰਹੇ ਹਨ ਅਤੇ ਉਥੋਂ ਉਹ ਸਕੂਲ ਬੱਸ ਵਿਚ ਸਵਾਰ ਹੋ ਕੇ ਟੋਰਾਂਟੋ ਡਾਊਨ ਟਾਊਨ ਵਿਖੇ ਸੀ.ਐੱਨ. ਟਾਵਰ ਦੇ ਨਜ਼ਦੀਕ ਪਹੁੰਚਣਗੇ। ਉਨ੍ਹਾਂ ਸਾਰੇ ਮੈਂਬਰਾਂ ਨੂੰ ਸਮੇਂ-ਸਿਰ ਸਵੇਰੇ ਠੀਕ 6.00 ਵਜੇ ਉਪਰੋਕਤ ਥਾਂ ‘ਤੇ ਪਹੁੰਚਣ ਦੀ ਬੇਨਤੀ ਕੀਤੀ ਹੈ।
ਇਹ ਇਤਫ਼ਾਕ ਹੀ ਹੈ ਕਿ ਇਸ ਵਾਰ ਇਹ ਮਹਾਨ ਈਵੈਂਟ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਹੋ ਰਿਹਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ 13 ਅਪ੍ਰੈਲ 1699 ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਖਾਲਸੇ ਦੀ ਸਿਰਜਣਾ ਕੀਤੀ ਸੀ ਅਤੇ ਏਸੇ ਦਿਨ ਹੀ 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਵਿਚ ‘ਜੱਲ੍ਹਿਆਂ ਵਾਲੇ ਬਾਗ’ ਵਿਚ ਅਤੀ-ਘਿਨੌਣਾ ਖ਼ੂਨੀ ਸਾਕਾ ਵਾਪਰਿਆ ਸੀ ਜਦੋਂ ਹਜ਼ਾਰਾਂ ਦੀ ਗਿਣਤੀ ਵਿਚ ਇਸ ਇਤਿਹਾਸਕ ਬਾਗ਼ ਵਿਚ ਇਕੱਤਰ ਹੋਏ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਦੇ ਸਾਂਝੇ ਇਕੱਠ ਉੱਪਰ ਅੰਗਰੇਜ਼ ਸਰਕਾਰ ਦੇ ਗਵਰਨਰ ਜਨਰਲ ਮਾਈਕਲ ਓਡਵਾਇਰ ਵੱਲੋਂ ਦਿੱਤੇ ਗਏ ਹੁਕਮ ‘ਤੇ ਜਨਰਲ ਡਾਇਰ ਨੇ ਗੋਲੀਆਂ ਚਲਾ ਕੇ 400 ਦੇ ਕਰੀਬ ਨਿਹੱਥੇ ਵਿਅੱਕਤੀਆਂ ਨੂੰ ਸ਼ਹੀਦ ਅਤੇ ਹਜ਼ਾਰਾਂ ਹੋਰਨਾਂ ਨੂੰ ਜ਼ਖ਼ਮੀ ਕਰ ਦਿੱਤਾ ਸੀ। ਫਿਰ ਇਸ ਖ਼ੂਨੀ ਕਾਂਡ ਦਾ ਬਦਲਾ ਦੇਸ਼ ਤੇ ਕੌਮ ਦੇ ਮਹਾਨ ਸ਼ਹੀਦ ਊਧਮ ਸਿੰਘ ਉਰਫ਼ ਰਾਮ ਮੁਹੰਮਦ ਸਿੰਘ ਆਜ਼ਾਦ ਨੇ 21 ਸਾਲਾਂ ਬਾਅਦ 30 ਜੂਨ 1940 ਨੂੰ ਲੰਡਨ ਦੇ ਕੈਕਸਟਨ ਹਾਲ ਵਿਚ ਚੱਲ ਰਹੇ ਸਮਾਗ਼ਮ ਵਿਚ ਪਹੁੰਚ ਕੇ ਲਿਆ ਸੀ। ਸੀ. ਐੱਨ ਟਾਵਰ ਦੀਆਂ ਪੌੜੀਆਂ ਚੜ੍ਹਨ ਵਾਲੇ ਈਵੈਂਟ ਨਾਲ ਸਬੰਧਿਤ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਸੰਧੂਰਾ ਸਿੰਘ ਬਰਾੜ ਨੂੰ 416-275-9337, ਡਾ. ਜੈਪਾਲ ਸਿੱਧੂ ਨੂੰ 416-837-1562, ਰਾਕੇਸ਼.ਸ਼ਰਮਾ ਨੂੰ 415-918-6858 ਜਾਂ ਫਿਰ ਜਸਵੀਰ ਪਾਸੀ ਨੂੰ 416-843-5330 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਛੋਟੇ ਬਿਜਨਸਾਂ ਦੇ ਮਾਲਕਾਂ ਦੀ ਸਹਾਇਤਾ ਲਈ ਫੈਡਰਲ ਸਰਕਾਰ ਨੇ ਕੀਤਾ ਨਵਾਂ ਐਲਾਨ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੇ ਛੋਟੇ ਅਤੇ ਮਧਿਅਮ ਵਰਗ ਦੇ ਬਿਜ਼ਨੈਸ ਇਸ ਦੇਸ਼ ਦੀ ਤਰੱਕੀ …