ਬਰੈਂਪਟਨ/ਬਿਊਰੋ ਨਿਊਜ਼
ਲੰਘੇ ਐਤਵਾਰ ਬਰੈਂਪਟਨ ਦੇ ਵਿਸ਼ਾਲ ਚਾਂਦਨੀ ਬੈਂਕੁਇਟ ਹਾਲ ਵਿਚ ਹੋਏ ਇਕ ਭਰਵੇਂ ਸਮਾਗ਼ਮ ਵਿਚ ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੂੰ 2019 ਵਿਚ ਹੋਣ ਵਾਲੀਆਂ ਫ਼ੈੱਡਰਲ ਚੋਣਾਂ ਲਈ ਐੱਮ.ਪੀ. ਉਮੀਦਵਾਰ ਵਜੋਂ ਲਿਬਰਲ ਪਾਰਟੀ ਵੱਲੋਂ ‘ਟੀਮ ਟਰੂਡੋ’ ਲਈ ਮੁੜ ਨਾਮਜ਼ਦ ਕੀਤਾ ਗਿਆ। ਇੱਥੇ ਇਹ ਜ਼ਿਕਰਯੋਗ ਹੈ ਕਿ ਸੋਨੀਆ ਸਿੱਧੂ ਨੇ ਆਪਣੇ ਪਾਰਲੀਮੈਂਟ ਹਲਕੇ ਬਰੈਂਪਟਨ ਸਾਊਥ ਦੀ ਸਫ਼ਲਤਾ ਪੂਰਵਕ ਨੁਮਾਇੰਦਗੀ ਕੀਤੀ ਹੈ। ਪਾਰਲੀਮੈਂਟ ਵਿਚ ਹੈੱਲਥ ਕਮੇਟੀ ਦੀ ਮੈਂਬਰ ਹੋਣ ਦੇ ਨਾਤੇ ਉਨ੍ਹਾਂ ਨੇ ਆਪਣੇ ਸਾਥੀ ਮੈਂਬਰਾਂ ਨਾਲ 18 ਵੱਖ-ਵੱਖ ਰਿਪੋਰਟਾਂ ‘ਤੇ ਗੰਭੀਰਤਾ ਨਾਲ ਕੰਮ ਕੀਤਾ ਹੈ ਜਿਹੜੀਆਂ ਕੈਨੇਡਾ-ਵਾਸੀਆਂ ਦੀ ਸਿਹਤ ਨਾਲ ਸਿੱਧੇ ਤੌਰ ‘ਤੇ ਸਬੰਧਿਤ ਹਨ। ਇਨ੍ਹਾਂ ਰਿਪੋਰਟਾਂ ਵਿਚ ਪੌਸ਼ਟਿਕ ਖਾਧ-ਖ਼ੁਰਾਕ, ਸਾਫ਼ ਪਾਣੀ ਦੇ ਮਿਆਰ ਅਤੇ ਨੈਸ਼ਨਲ ਫ਼ਾਰਮਾਕੇਅਰ ਪਲੈਨ ਵਰਗੇ ਅਹਿਮ ਮੁੱਦੇ ਸ਼ਾਮਲ ਹਨ।
ਇਸ ਮੌਕੇ ਬੋਲਦਿਆਂ ਸੋਨੀਆਂ ਸਿੱਧੂ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਭਰਪੂਰ ਜ਼ਿਕਰ ਕੀਤਾ ਜਿਨ੍ਹਾਂ ਵਿਚ ਸੇਵਾ-ਮੁਕਤੀ ਦੀ ਉਮਰ ਨੂੰ ਮੁੜ 65 ਸਾਲ ਕਰਨਾ, ਸੀਨੀਅਰਜ਼ ਦੀ ਸਹਾਇਤਾ ਲਈ ਓਲਡ-ਏਜ ਸਕਿਓਰਿਟੀ ਦੀ ਪੇਮੈਂਟ ਮਹਿੰਗਾਈ ਦਰ ਦੇ ਹਿਸਾਬ ਨਾਲ ਕਰਨਾ, ਮਿਡਲ ਕਲਾਸ ਤੇ ਕੰਮ-ਕਾਜੀ ਪਰਿਵਾਰਾਂ ਦਾ ਟੈਕਸ ਘਟਾਉਣਾ ਅਤੇ ਕੈਨੇਡਾ ਚਾਈਲਡ ਬੈਨੀਫ਼ਿਟ ਪਲੈਨ ਸ਼ੁਰੂ ਕਰਨਾ ਸ਼ਾਮਲ ਹੈ ਜਿਸ ਦੇ ਨਾਲ 10 ਵਿੱਚੋਂ 9 ਪਰਿਵਾਰਾਂ ਨੂੰ ਲਾਭ ਪਹੁੰਚ ਰਿਹਾ ਹੈ ਅਤੇ ਹੁਣ ਤੱਕ ਤਿੰਨ ਮਿਲੀਅਨ ਬੱਚੇ ਗ਼ਰੀਬੀ ਦੀ ਜ਼ਲਾਲਤ ਤੋਂ ਬਾਹਰ ਆਏ ਹਨ।
ਸੋਨੀਆ ਤੋਂ ਬਾਅਦ ਮਾਣਯੋਗ ਮੰਤਰੀ ਨਵਦੀਪ ਬੈਂਸ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਹੋਇਆਂ ਔਟਵਾ ਵਿਚ ਸੋਨੀਆ ਵੱਲੋਂ ਕੀਤੇ ਗਏ ਕੰਮਾਂ ਅਤੇ ਆਪਣੀ ਰਾਈਡਿੰਗ ਬਰੈਂਪਟਨ ਸਾਊਥ ਦੇ ਲੋਕਾਂ ਲਈ ਅਸਲੀ ਤਬਦੀਲੀ ਲਿਆਉਣ ਦੀ ਭਰਪੂਰ ਸ਼ਲਾਘਾ ਕੀਤੀ। ਇਸ ਸਮਾਗ਼ਮ ਵਿਚ ਸੋਨੀਆ ਸਿੱਧੂ ਦੀ ਰਾਈਡਿੰਗ ਦੇ ਇਕ ਹਜ਼ਾਰ ਤੋਂ ਵਧੇਰੇ ਵਾਸੀ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਸੋਨੀਆ ਸਿੱਧੂ ਅਤੇ ਮਾਣਯੋਗ ਮੰਤਰੀ ਨਵਦੀਪ ਬੈਂਸ ਦੇ ਵਿਚਾਰਾਂ ਨੂੰ ਬੜੇ ਗਹੁ ਨਾਲ ਸੁਣਿਆਂ। ਇਸ ਸਮੇਂ ਸਮਾਗ਼ਮ ਵਿਚ ਬਰੈਂਪਟਨ ਦੇ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ, ਕਮਲ ਖਹਿਰਾ, ਰਮੇਸ਼ ਸੰਘਾ, ਸਿਟੀ ਕਾਊਂਸਲਰ ਗੁਰਪ੍ਰੀਤ ਢਿੱਲੋਂ, ਗਗਨ ਸਿਕੰਦ, ਇਕਰਾ ਖ਼ਾਲਿਦ ਅਤੇ ਕਈ ਹੋਰ ਅਹਿਮ ਸ਼ਖ਼ਸੀਅਤਾਂ ਹਾਜ਼ਰ ਸਨ।
ਇਸ ਦੌਰਾਨ ਕੈਨੇਡਾ ਦੀ ਲਿਬਰਲ ਪਾਰਟੀ ਦੇ ਪ੍ਰਧਾਨ ਸੁਜ਼ੇਨ ਕੌਵਨ ਨੇ ਬੋਲਦਿਆਂ ਕਿਹਾ, ”ਸਾਨੂੰ ਸੋਨੀਆ ਸਿੱਧੂ ‘ਤੇ ਪੂਰਾ ਮਾਣ ਹੈ। ਇਨ੍ਹਾਂ ਬੀਤੇ ਤਿੰਨਾਂ ਸਾਲਾਂ ਵਿਚ ਉਸ ਨੇ ਇਹ ਵਿਖਾ ਦਿੱਤਾ ਹੈ ਕਿ ਉਹ ਕਿਵੇਂ ਆਪਣੀ ਕਮਿਊਨਿਟੀ ਦੇ ਪਰਿਵਾਰਾਂ ਦੇ ਜੀਵਨ ਵਿਚ ਸਾਰਥਿਕ ਤਬਦੀਲੀ ਲਿਆਉਣ ਲਈ ਹਮੇਸ਼ਾ ਤੱਤਪਰ ਰਹਿੰਦੀ ਹੈ। ਉਨ੍ਹਾਂ ਉਮੀਦ ਕੀਤੀ ਕਿ ਆਪਣੀ ਸੁਯੋਗ ਲੀਡਰਸ਼ਿਪ ਸਦਕਾ ਸੋਨੀਆ ਅੱਗੋਂ ਵੀ ਔਟਵਾ ਵਿਚ ਹੋਣ ਵਾਲੇ ਸਾਰੇ ਫ਼ੈਸਲਿਆਂ ਵਿਚ ਬਰੈਂਪਟਨ ਸਾਊਥ ਦੀ ਵਧੀਆ ਨੁਮਾਇੰਦਗੀ ਕਰੇਗੀ।”
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …