ਬਰੈਂਪਟਨ/ਬਿਊਰੋ ਨਿਊਜ਼ : ਪਾਕਿਸਤਾਨ ਤੋਂ ਕੈਨੇਡਾ ਫੇਰੀ ‘ਤੇ ਆਏ ਨਾਮਵਰ ਇਨਕਲਾਬੀ ਸ਼ਾਇਰ ਬਾਬਾ ਨਜਮੀ ਦਾ ‘ਅਸੀਸ ਮੰਚ ਟੋਰਾਂਟੋ’ ਵੱਲੋਂ ਪਰਮਜੀਤ ਦਿਓਲ ਦੇ ਘਰ ‘ਚ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਬਾਬਾ ਨਜਮੀ ਅਤੇ ਪੰਜਾਬੀ ਦੀ ਪ੍ਰਫੁੱਲਤਾ ਅਤੇ ਅਮਨ, ਅਤੇ ਹਿੰਦ-ਪਾਕਿ ਦੋਸਤੀ ਲਈ ਜੱਦੋ-ਜਹਿਦ ਕਰ ਰਹੀ ਸਯੀਦਾ ਦੀਪ ਦਾ ਸਨਮਾਨ ਕੀਤਾ ਗਿਆ। ਬਹੁਤ ਸਾਰੇ ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਦੀ ਹਾਜ਼ਰੀ ਵਿੱਚ ਬੋਲਦਿਆਂ ਬਾਬਾ ਜੀ ਨੇ ਜਿੱਥੇ ਆਪਣੇ ਜੀਵਨ ਦੇ ਸੰਘਰਸ਼ ਬਾਰੇ ਗੱਲਾਂ ਕਰਦਿਆਂ ਆਪਣਾ ਕਲਾਮ ਪੇਸ਼ ਕੀਤਾ ਓਥੇ ‘ਅਸੀਸ ਮੰਚ’ ਦਾ ਧੰਨਵਾਦ ਵੀ ਕੀਤਾ ਕਿ ਇਸ ਨੇ ਪਹਿਲ ਕਦਮੀਂ ‘ਤੇ ਉਨ੍ਹਾਂ ਨੂੰ ਕੈਨੇਡਾ ਸੱਦਣ ਦਾ ਯਤਨ ਕੀਤਾ ਸੀ, ਭਾਵੇਂ ਉਹ ਉਸ ਸਮੇਂ ਤੋਂ ਖੁੰਝ ਗਏ ਤੇ ਬਾਅਦ ਵਿੱਚ ਕਿਸੇ ਹੋਰ ਸੰਸਥਾ ਦੇ ਸੱਦੇ ‘ਤੇ ਆਏ।
ਸਯੀਦਾ ਦੀਪ ਜੀ ਨੇ ਵੀ ਪਾਕਿਸਤਾਨ ਅੰਦਰ ਪੰਜਾਬੀ ਦੀ ਹਾਲਤ, ਇਸ ਨੂੰ ਬਚਾਉਣ ਲਈ ਹੋ ਰਹੇ ਯਤਨਾਂ, ਅਤੇ ਸਾਂਝੇ ਸ਼ਹੀਦਾਂ ਨੂੰ ਬਣਦਾ ਸਤਿਕਾਰ ਦਿਵਾਉਣ ਦੇ ਉਪਰਾਲਿਆਂ ਪ੍ਰਤੀ ਹੋ ਰਹੀ ਜੱਦੋ-ਜਹਿਦ ਅਤੇ ਪੇਸ਼ ਆਉਂਦੀਆਂ ਦੁਸ਼ਵਾਰੀਆਂ ਦੀ ਗੱਲ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਬਹਤੁ ਸਾਰੇ ਲੋਕਾਂ ਨੂੰ ਪਤਾ ਨਹੀਂ ਹੈ ਕਿ 65 ਸਾਲ ਤੋਂ ਵੱਧ ਉਮਰ ਦੇ ਭਾਰਤੀਆਂ ਨੂੰ ਪਾਕਿਸਤਾਨ ਜਾਣ ਲਈ ਵੀਜ਼ੇ ਦੀ ਲੋੜ ਨਹੀਂ ਹੈ ਜਿਸ ਕਰਕੇ ਉਹ ਆਪਣੀ ਵਿੱਛੜੀ ਹੋਈ ਭੋਇੰ ਨੂੰ ਵੇਖਣ ਲਈ ਤੜਫ਼ਦੇ ਹੋਏ ਵੀ ਵੇਖਣ ਨਹੀਂ ਜਾ ਰਹੇ। ਇਸ ਮੌਕੇ ਬੋਲਦਿਆਂ ਇੰਦਰਜੀਤ ਸਿੰਘ ਬੱਲ ਹੁਰਾਂ ਕਿਹਾ ਕਿ ਬੇਸ਼ੱਕ ਸਿਆਸਤਦਾਨਾਂ ਨੇ ਸਰਹੱਦੀ ਕੰਧਾਂ ਖੜ੍ਹੀਆਂ ਕਰ ਦਿੱਤੀਆਂ ਨੇ ਪਰ ਦੋਹਾਂ ਪਾਸਿਆਂ ਦੇ ਪੰਜਾਬੀਆਂ ਦਾ ਆਪਸੀ ਪਿਆਰ ਉਵੇਂ ਹੀ ਠਾਠਾਂ ਮਾਰ ਰਿਹਾ ਹੈ। ਪੰਜਾਬੀ ਦੇ ਨਾਮਵਰ ਕਹਾਣੀਕਾਰ ਵਰਿਆਮ ਸਿੰਘ ਸੰਧੂ ਹੁਰਾਂ ਨੇ ਬੱਲ ਸਾਹਿਬ ਦੀ ਗੱਲ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ ਬੇਸ਼ੱਕ ਅਸੀਂ ਸਹਰੱਦੀ ਲੀਕ ਨੂੰ ਕੁਝ ਨਹੀਂ ਕਰਦੇ ਤੇ ਇਹ ਹੁਣ ਰਹਿਣੀ ਵੀ ਚਾਹੀਦੀ ਹੈ ਪਰ ਅਸੀਂ ਸਾਰੇ ਰਲ਼ ਕੇ ਇੱਕ ਅਜਿਹਾ ਸੱਤਰੰਗਾ ਪੁਲ਼ ਜ਼ਰੂਰ ਬਣਾ ਸਕਦੇ ਹਾਂ ਜੋ ਇਸ ਸਰਹੱਦੀ ਲਕੀਰ ਨੂੰ ਸਾਡੇ ਆਪਸੀ ਮਿਲਾਪ ਵਿੱਚ ਅੜਿਕਾ ਨਾ ਬਣਨ ਦੇਵੇ। ਇਸ ਸਮੇਂ ਪਰਮਜੀਤ ਢਿੱਲੋਂ ਬਾਬਾ ਨਜਮੀ ਨੂੰ ਸਮਰਪਿਤ ਗੀਤ ਅਤੇ ਉਪਕਾਰ ਸਿੰਘ ਵੱਲੋਂ ਸੁਰਜੀਤ ਪਾਤਰ ਦਾ ਖ਼ੂਬਸੂਰਤ ਕਲਾਮ ਪੇਸ਼ ਕੀਤਾ ਗਿਆ ਜਦਕਿ ਰਿੰਟੂ ਭਾਟੀਆ ਅਤੇ ਇਕਬਾਲ ਬਰਾੜ ਬਾਬਾ ਨਜਮੀ ਦਾ ਕਲਾਮ ਤਰੰਨਮ ਵਿੱਚ ਪੇਸ਼ ਕੀਤਾ । ਇਸ ਸਮੇਂ ਹਾਜ਼ਰ ਉਨਟਾਰੀਓ ਰਾਜ ਸਭਾ ਦੇ ਮੈਂਬਰ ਗੁਰਰਤਨ ਸਿੰਘ ਨੇ ਵੀ ਬਾਬਾ ਜੀ ਨੂੰ ਜੀ ਆਇਆਂ ਆਖਿਆ।
ਪਰਮਜੀਤ ਦਿਓਲ, ਤੀਰਥ ਦਿਓਲ, ਅਤੇ ‘ਅਸੀਸ ਮੰਚ ਦੀ ਟੀਮ ਵੱਲੋਂ ਬਾਬਾ ਨਜਮੀ ਅਤੇ ਦੀਪ ਜੀ ਦਾ ਸਨਮਾਨ ਕੀਤਾ ਗਿਆ। ਇਸ ਸਮੇਂ ਟਰਾਂਟੋ ਅਤੇ ਆਸ-ਪਾਸ ਦੇ ਇਲਾਕੇ ਦੀਆਂ ਬਹੁਤ ਸਾਰੀਆਂ ਸਾਹਿਤ, ਥੀਏਟਰ, ਅਤੇ ਸਮਾਜੀ ਸਰੋਕਾਰਾਂ ਨਾਲ਼ ਜੁੜੀਆਂ ਹੋਈਆਂ ਹਸਤੀਆਂ ਮੌਜੂਦ ਸਨ। ਸਟੇਜ ਦੀ ਜ਼ਿੰਮੇਂਵਾਰੀ ਕੁਲਵਿੰਦਰ ਖਹਿਰਾ ਵੱਲੋਂ ਬਾਖ਼ੂਬੀ ਨਿਭਾਈ ਗਈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …