Breaking News
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਹੀਨਾਵਾਰ ਸਮਾਗਮ ਹੋਇਆ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਹੀਨਾਵਾਰ ਸਮਾਗਮ ਹੋਇਆ

ਬਰੈਂਪਟਨ/ਡਾ. ਝੰਡ :ਲੰਘੇ ਐਤਵਾਰ 18 ਮਾਰਚ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਾਸਿਕ ਸਮਾਗ਼ਮ ਹੋਇਆ ਜਿਸ ਵਿਚ ਹਰ ਸਾਲ 8 ਮਾਰਚ ਨੂੰ ਸਾਰੀ ਦੁਨੀਆ ਵਿਚ ਮਨਾਏ ਜਾਂਦੇ ‘ਅੰਤਰ-ਰਾਸ਼ਟਰੀ ਔਰਤ ਦਿਵਸ’ ਬਾਰੇ ਭਰਪੂਰ ਚਰਚਾ ਕੀਤੀ ਗਈ ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਪੰਜਾਬ ਤੋਂ ਆਏ ਉੱਘੇ ਨਾਟਕ ਲੇਖਕ ਤੇ ਡਾਇਰੈਕਟਰ ਵਰਿਆਮ ਮਸਤ, ਸਭਾ ਦੇ ਚੇਅਰਪਰਸਨ ਬਲਰਾਜ ਚੀਮਾ ਅਤੇ ਹਰਜਸਪ੍ਰੀਤ ਗਿੱਲ ਸ਼ਾਮਲ ਸਨ। ਸਮਾਗ਼ਮ ਵਿਚ ‘ਕੈਨੇਡਾ ਦੀਆਂ ਕਵਿੱਤਰੀਆਂ ਦੀ ਨਜ਼ਰ ਵਿਚ ਔਰਤਾਂ ਦੀ ਅਜੋਕੀ ਦਸ਼ਾ ਅਤੇ ਦਿਸ਼ਾ’ ਵਿਸ਼ੇ ‘ਤੇ ਬਰੈਂਪਟਨ ਦੀ ਕਵਿੱਤਰੀ ਤੇ ਲੇਖਿਕਾ ਸੁਰਜੀਤ ਕੌਰ ਵੱਲੋਂ ਪੇਪਰ ਪੇਸ਼ ਕੀਤਾ ਗਿਆ। ਆਪਣੇ ਪੇਪਰ ਵਿਚ ਉਨ੍ਹਾਂ ਟੋਰਾਂਟੋ ਦੀ ਰਜਿੰਦਰ ਬਾਜਵਾ, ਬਰੈਂਪਟਨ ਦੀ ਨੀਟਾ ਬਲਵਿੰਦਰ ਅਤੇ ਬ੍ਰਿਟਿਸ਼ ਕੋਲੰਬੀਆ ਦੀਆਂ ਅਮਰਜੀਤ ਜੌਹਲ, ਸੁਖਵੰਤ ਹੁੰਦਲ, ਮਨਜੀਤ ਕੰਗ ਅਤੇ ਸੁਰਜੀਤ ਕਲਸੀ ਦੀਆਂ ਕਵਿਤਾਵਾਂ ਦੇ ਕਈ ਕਾਵਿਕ-ਹਵਾਲਿਆਂ ਨਾਲ ਕੈਨੇਡੀਅਨ ਔਰਤਾਂ ਦੀ ਅਜੋਕੀ ਮਨੋਦਸ਼ਾ ਬਾਖ਼ੂਬੀ ਬਿਆਨ ਕੀਤੀ। ਕੈਨੇਡਾ ਵਰਗੇ ਵਿਕਸਿਤ ਦੇਸ਼ ਵਿਚ ਵੀ ਮਰਦਾਂ ਵੱਲੋਂ ਔਰਤਾਂ ਉੱਪਰ ਕੀਤੀਆਂ ਜਾ ਰਹੀਆਂ ਵਧੀਕੀਆਂ ਅਤੇ ਸਮਾਜਿਕ ਨਾ-ਬਰਾਬਰੀ ਦੀ ਗੱਲ ਕਰਦਿਆਂ ਹੋਇਆਂ ਉਨ੍ਹਾਂ ਆਪਣੀ ਕਵਿਤਾ ‘ਚੱਲ ਹੁਣ ਛੱਡ ਵੀ ਦੇਹ’ ਦੇ ਮਾਧਿਅਮ ਰਾਹੀਂ ਦੋਹਾਂ ਧਿਰਾਂ ਨੂੰ ਇਕੱਠਿਆਂ ਕਦਮ ਨਾਲ ਕਦਮ ਮਿਲਾ ਕੇ ਚੱਲਣ ਦੀ ਸਲਾਹ ਦਿੱਤੀ।
ਉਪਰੰਤ, ਇਸ ਵਿਸ਼ੇ ‘ਤੇ ਹੋਈ ਬਹਿਸ ਵਿਚ ਭਾਗ ਲੈਂਦਿਆਂ ਲਹਿੰਦੇ ਪੰਜਾਬ (ਪਾਕਿਸਤਾਨ) ਤੋਂ ਤਾਹਿਰ ਗਿੱਲ ਨੇ ਕਿਹਾ ਕਿ ਔਰਤ ‘ਮਿਠਾਸ’ ਦਾ ਨਾਂ ਹੈ ਜੋ ਸਾਨੂੰ ਮਾਂ, ਪਤਨੀ, ਧੀ ਅਤੇ ਭੈਣ ਦੇ ਪਵਿੱਤਰ ਰਿਸ਼ਤਿਆਂ ਵਿੱਚੋਂ ਪ੍ਰਾਪਤ ਹੁੰਦੀ ਹੈ। ਲਹਿੰਦੇ ਪੰਜਾਬ ਤੋਂ ਹੀ ਚੌਧਰੀ ਅਹਿਮਦ ਅਲੀ ਨੇ ਆਪਣੇ ਸੰਬੋਧਨ ਵਿਚ ਵੱਡੇ-ਵਡੇਰਿਆਂ ਵੱਲੋਂ ਸਦੀਆਂ ਪਹਿਲਾਂ ਬਣਾਈ ਹੋਈ ਮਰਿਆਦਾ ਤੇ ਅਸੂਲਾਂ ਦੇ ਮੱਦੇ-ਨਜ਼ਰ ਅਜੋਕੇ ਸਮੇਂ ਵਿਚ ਧੀਆਂ-ਭੈਣਾਂ ਨੂੰ ਬਣਦੀ ਆਜ਼ਾਦੀ ਦੇਣ ਦੀ ਗੱਲ ਕੀਤੀ ਅਤੇ ਪਾਕਿਸਤਾਨ ਅਤੇ ਇੱਥੇ ਕੈਨੇਡਾ ਵਿਚ ਔਰਤਾਂ ਦੀ ਆਮ ਭਲਾਈ ਅਤੇ ਲੜਕੀਆਂ ਦੀਆਂ ਸ਼ਾਦੀਆਂ ਆਦਿ ਕਰਨ ਲਈ ਉਨ੍ਹਾਂ ਵੱਲੋਂ ਇਕ ਅੰਤਰ-ਰਾਸ਼ਟਰੀ ਪੱਧਰ ਦੀ ਸੰਸਥਾ ‘ਆਈ ਆਰ.ਪੀ.ਸੀ.’ (ਇੰਟਰ-ਰਿਲੀਜੀਅਸ ਪੀਸ ਕਾਊਂਸਲ) ਸ਼ੁਰੂ ਕਰਨ ਬਾਰੇ ਜਾਣਕਾਰੀ ਦਿੱਤੀ।
ਡਾ. ਸੁਖਦੇਵ ਸਿੰਘ ਝੰਡ ਨੇ ਕੈਨੇਡਾ ਦੇ ਸਾਲ 2018 ਦੇ ਬੱਜਟ ਵਿਚ ਫ਼ੈੱਡਰਲ ਸਰਕਾਰ ਵੱਲੋਂ ਔਰਤਾਂ ਅਤੇ ਮਰਦਾਂ ਲਈ ਇੱਕੋ ਜਿਹੇ ਕੰਮਾਂ ਲਈ ਇੱਕੋ ਜਿਹੀ ਤਨਖ਼ਾਹ ਦੇਣ ਦੇ ਫ਼ੈਸਲੇ ਦਾ ਸੁਆਗ਼ਤ ਕਰਦਿਆਂ ਹੋਇਆਂ ਜੀਵਨ ਦੇ ਹਰੇਕ ਪਹਿਲੂ ਵਿਚ ਦੋਹਾਂ ਧਿਰਾਂ ਦੀ ਬਰਾਬਰੀ ਦੀ ਗੱਲ ਕੀਤੀ। ਬਹਿਸ ਨੂੰ ਸਮੇਟਦਿਆਂ ਹੋਇਆਂ ਪ੍ਰਧਾਨਗੀ-ਮੰਡਲ ਵਿੱਚੋਂ ਬਲਰਾਜ ਚੀਮਾ ਨੇ ਚਿਰਾਂ ਤੋਂ ਚੱਲ ਰਹੇ ਮਰਦ-ਪ੍ਰਧਾਨ ਸਮਾਜ ਵਿਚ ਔਰਤਾਂ ਨਾਲ ਹੁੰਦੇ ਆਏ ਵਿਤਕਰੇ ਬਾਰੇ ਕਈ ਉਦਾਹਰਣਾਂ ਦਿੰਦਿਆਂ ਹੋਇਆਂ ਕਿਹਾ ਕਿ ਇਸ ਨੂੰ ਹੁਣ ਜਲਦੀ ਤੋਂ ਜਲਦੀ ਖ਼ਤਮ ਕਰਨਾ ਸਮੇਂ ਦੀ ਲੋੜ ਬਣ ਗਈ ਹੈ। ਸਮਾਗ਼ਮ ਦੇ ਇਸ ਪਹਿਲੇ ਭਾਗ ਦਾ ਮੰਚ-ਸੰਚਾਲਨ ਮਲੂਕ ਸਿੰਘ ਕਾਹਲੋਂ ਨੇ ਕੀਤਾ। ਹਾਜ਼ਰੀਨ ਵਿਚ ਮਹਿੰਦਰ ਸਿੰਘ ਵਾਲੀਆ, ਸੁਰਿੰਦਰ ਸਿੰਘ ਸੰਧੂ, ਜਸਵਿੰਦਰ ਸਿੰਘ, ਰਮਿੰਦਰ ਵਾਲੀਆ, ਮਨਮੋਹਨ ਗੁਲਾਟੀ, ਅਵਤਾਰ ਸਿੰਘ ਬੈਂਸ, ਤਰਲੋਚਨ ਸਿੰਘ ਆਸੀ, ਮੁਹੰਮਦ ਅਹਿਮਦ, ਚੌਧਰੀ ਅਬਦੁਲ ਰਸ਼ੀਦ ਸਮੇਤ ਕਈ ਹੋਰ ਸ਼ਾਮਲ ਸਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …