ਹਰਿਆਣਾ ਸਰਕਾਰ ਪੂਰਾ ਪਾਣੀ ਮਿਲਣ ਦਾ ਕਰਦੀ ਹੈ ਦਾਅਵਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਨੇ ਹਰਿਆਣਾ ਸੂਬੇ ਦੇ ਪਾਣੀਆਂ ਸਬੰਧੀ ਦਾਅਵੇ ਖਾਰਜ ਕਰ ਦਿੱਤੇ ਹਨ। ਹਰਿਆਣਾ ਪ੍ਰਚਾਰ ਕਰ ਰਿਹਾ ਹੈ ਕਿ ਉਸ ਨੂੰ ਭਾਖੜਾ ਨਹਿਰ ਤੋਂ ਆਪਣੇ ਪੂਰੇ ਹਿੱਸੇ ਦਾ ਪਾਣੀ 10,300 ਕਿਊਸਿਕ ਮਿਲ ਰਿਹਾ ਹੈ। ਇਸੇ ਦੌਰਾਨ ਪੰਜਾਬ ਨੇ ਤਾਜ਼ਾ ਅੰਕੜਾ ਜਾਰੀ ਕੀਤਾ ਹੈ ਜਿਸ ਅਨੁਸਾਰ ਅੱਜ ਭਾਖੜਾ ਨਹਿਰ ’ਚ 8940 ਕਿਊਸਿਕ ਪਾਣੀ ਚੱਲ ਰਿਹਾ ਹੈ, ਜਿਸ ਵਿਚੋਂ ਹਰਿਆਣਾ ਨੂੰ 5635 ਕਿਊਸਿਕ ਪਾਣੀ ਮਿਲ ਰਿਹਾ ਹੈ, ਜਦੋਂ ਕਿ ਪੰਜਾਬ ਨੂੰ ਆਪਣੇ ਹਿੱਸੇ ਦੇ 3000 ਕਿਊਸਿਕ ’ਚੋਂ 1708 ਕਿਊਸਿਕ ਮਿਲ ਰਿਹਾ ਹੈ। ਇਸੇ ਤਰ੍ਹਾਂ ਰਾਜਸਥਾਨ ਨੂੰ 650 ਕਿਊਸਿਕ ਅਤੇ ਦਿੱਲੀ ਨੂੰ 496 ਕਿਊਸਿਕ ਪਾਣੀ ਮਿਲ ਰਿਹਾ ਹੈ। ਪੰਜਾਬ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਪਣੇ ਪੂਰੇ ਹਿੱਸੇ ਦੇ 3000 ਕਿਊਸਿਕ ਪਾਣੀ ਦੀ ਵਰਤੋਂ ਕਰੇਗਾ ਅਤੇ ਹਰਿਆਣਾ ਨੂੰ ਬੀਐਮਐਲ ਨਹਿਰ ਦੀ ਸਮਰੱਥਾ ਅਨੁਸਾਰ ਬਾਕੀ ਪਾਣੀ ਮਿਲੇਗਾ। ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਸਰਕਾਰ ਪ੍ਰਚਾਰ ਕਰਕੇ ਇਸ ਵੇਲੇ ਪੂਰਾ ਪਾਣੀ ਮਿਲਣ ਦਾ ਦਾਅਵਾ ਕਰ ਰਹੀ ਹੈ, ਜਦੋਂ ਕਿ ਅਸਲੀਅਤ ਕੁਝ ਹੋਰ ਹੈ।