
ਭਲਕੇ ਐਤਵਾਰ ਨੂੰ ਖੁੱਲ੍ਹਣਗੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ
ਚੰਡੀਗੜ੍ਹ/ਬਿਊਰੋ ਨਿਊਜ਼ : ਸਿੱਖ ਸਰਧਾਲੂਆਂ ਦੀ ਆਸਥਾ ਦੇ ਕੇਂਦਰ ਅਤੇ ਉੱਤਰਾਖੰਡ ਵਿਚ ਹਿਮਾਲਿਆ ਦੀਆਂ ਬਰਫ ਲੱਦੀਆਂ ਉੱਚੀਆਂ ਚੋਟੀਆਂ ਉਤੇ ਸਥਿਤ ਪਵਿੱਤਰ ਧਾਰਮਿਕ ਸਥਾਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਐਤਵਾਰ, 25 ਮਈ ਨੂੰ ਸਰਧਾਲੂਆਂ ਲਈ ਖੋਲ੍ਹ ਦਿੱਤੇ ਜਾਣਗੇ। ਕਿਵਾੜ ਖੁੱਲ੍ਹਣ ਤੋਂ ਇੱਕ ਦਿਨ ਪਹਿਲਾਂ ਇਸ ਸਾਲਾਨਾ ਧਾਰਮਿਕ ਯਾਤਰਾ ਦਾ ਆਰੰਭ ਕਰਦਿਆਂ ਪਹਿਲਾ ਜਥਾ ਸ਼ਨਿੱਚਰਵਾਰ ਸਵੇਰੇ ‘ਪੰਜ ਪਿਆਰਿਆਂ’ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਤੋਂ ਅਗਲੇ ਪੜਾਅ ਗੁਰਦੁਆਰਾ ਸ੍ਰੀ ਗੋਬਿੰਦ ਧਾਮ, ਘਾਂਗਰੀਆ ਲਈ ਰਵਾਨਾ ਹੋ ਗਿਆ। ਮੀਡੀਆ ਰਿਪੋਰਟਾਂ ਅਨੁਸਾਰ, ਹੁਣ ਤੱਕ 67,377 ਸਰਧਾਲੂਆਂ ਨੇ ਯਾਤਰਾ ਲਈ ਰਜਿਸਟਰੇਸਨ ਕਰਵਾਈ ਹੈ, ਜਦੋਂ ਕਿ 4,800 ਤੋਂ ਵੱਧ ਯਾਤਰੀਆਂ ਨੇ ਪਹਿਲੇ ਦਿਨ ਦੇ ਦਰਸਨਾਂ ਲਈ ਰਜਿਸਟਰੇਸਨ ਕਰਵਾਈ ਹੈ। ਜਾਣਕਾਰੀ ਮੁਤਾਬਕ 3,500 ਤੋਂ ਵੱਧ ਸਰਧਾਲੂ ਅੱਜ ਗੁਰਦੁਆਰਾ ਗੋਬਿੰਦ ਘਾਟ ਤੋਂ ਯਾਤਰਾ ਦੇ ਰਸਮੀ ਉਦਘਾਟਨ ਸਮੇਂ ਅਗਲੇ ਪੜਾਅ ਲਈ ਰਵਾਨਾ ਹੋ ਗਏ ਹਨ।

