17.5 C
Toronto
Tuesday, September 16, 2025
spot_img
Homeਪੰਜਾਬ2 ਲੱਖ 55 ਹਜ਼ਾਰ ਸ਼ਰਧਾਲੂਆਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ...

2 ਲੱਖ 55 ਹਜ਼ਾਰ ਸ਼ਰਧਾਲੂਆਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਨਵੇਂ ਸਾਲ ਦੀ ਕੀਤੀ ਸ਼ੁਰੂਆਤ

ਦੁਰਗਿਆਣਾ ਮੰਦਰ ਅਤੇ ਜੱਲਿਆਂਵਾਲਾ ਬਾਗ ‘ਚ ਵੀ ਉਮੀਦ ਨਾਲੋਂ ਜ਼ਿਆਦਾ ਲੋਕ ਪਹੁੰਚੇ
ਅੰਮ੍ਰਿਤਸਰ : ਨਵੇਂ ਸਾਲ ਦੇ ਅਗਾਜ਼ ਨੂੰ ਲੈ ਕੇ ਗੁਰੂ ਨਗਰੀ ਵਿਚ 2 ਲੱਖ 55 ਹਜ਼ਾਰ ਸ਼ਰਧਾਲੂਆਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਮੱਥਾ ਟੇਕਣ ਵਾਲਿਆਂ ਵਿਚ ਜ਼ਿਆਦਾਤਰ ਦੇਸ਼ ਅਤੇ ਵਿਦੇਸ਼ ਤੋਂ ਪਹੁੰਚੇ ਸ਼ਰਧਾਲੂ ਸਨ। ਸ੍ਰੀ ਦਰਬਾਰ ਸਾਹਿਬ ਵਿਚ ਸਵੇਰੇ ਤੋਂ ਹੀ ਮੱਥਾ ਟੇਕਣ ਆਉਣ ਵਾਲਿਆਂ ਦਾ ਸਿਲਸਿਲਾ ਦੇਰ ਰਾਤ ਤੱਕ ਚੱਲਦਾ ਰਿਹਾ। ਅੰਕੜਿਆਂ ‘ਤੇ ਗੌਰ ਕਰੀਏ ਤਾਂ ਪਤਾ ਲੱਗਦਾ ਹੈ ਕਿ ਰੋਜ਼ਾਨਾ ਮੱਥਾ ਟੇਕਣ ਵਾਲਿਆਂ ਦੀ ਤੁਲਨਾ ਵਿਚ ਮੰਗਲਵਾਰ ਨੂੰ ਚਾਰ ਗੁਣਾ ਸ਼ਰਧਾਲੂਆਂ ਨੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਰ ਵਿਚ ਮੱਥਾ ਟੇਕਿਆ। ਇਹੀ ਨਹੀਂ ਜੱਲਿਆਂਵਾਲਾ ਬਾਗ ਵਿਚ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਲਿਆਂ ਦੀ ਸੰਖਿਆ 51,390 ਰਹੀ ਹੈ। ਜ਼ਿਕਰਯੋਗ ਹੈ ਕਿ ਜੱਲਿਆਂਵਾਲਾ ਬਾਗ ਵਿਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਲਿਆਂ ਦਾ ਅੰਕੜਾ ਇੱਥੇ ਦਰਜ ਕੀਤਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਸ੍ਰੀ ਦਰਬਾਰ ਸਾਹਿਬ ਵਿਚ ਜਿੰਨੀ ਸੰਗਤ ਆਉਂਦੀ ਹੈ, ਉਸਦੇ 25 ਤੋਂ 30 ਫੀਸਦੀ ਵਿਅਕਤੀ ਜੱਲਿਆਂਵਾਲਾ ਬਾਗ ਵਿਚ ਪਹੁੰਚਦੇ ਹਨ। ਵਾਰ-ਵਾਰ ਆਉਣ ਵਾਲੇ ਅਤੇ ਸਥਾਨਕ ਵਿਅਕਤੀ ਜੱਲਿਆਂਵਾਲਾ ਬਾਗ ਨਹੀਂ ਜਾਂਦੇ। ਇਸ ਹਿਸਾਬ ਨਾਲ ਇਕ ਜਨਵਰੀ ਨੂੰ ਦਰਬਾਰ ਸਾਹਿਬ ‘ਚ ਤਕਰੀਬਨ 2 ਲੱਖ 55 ਹਜ਼ਾਰ ਸ਼ਰਧਾਲੂ ਦਰਸ਼ਨ ਦੀਦਾਰ ਕਰਨ ਪਹੁੰਚੀ। ਇਸੇ ਤਰ੍ਹਾਂ ਪਾਰਕਿੰਗ ਦੀਆਂ ਥਾਵਾਂ ਵੀ ਪੂਰੀ ਤਰ੍ਹਾਂ ਭਰ ਗਈਆਂ ਸਨ ਤੇ ਕਾਰਾਂ ਦੀਆਂ ਕਤਾਰਾਂ ਦੋ ਕਿਲੋਮੀਟਰ ਦੂਰ ਤੱਕ ਲੱਗੀਆਂ ਹੋਈਆਂ ਸਨ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਦੱਸਿਆ ਕਿ ਦੋ ਦਿਨਾਂ ਵਿੱਚ ਪੰਜ ਲੱਖ ਤੋਂ ਵੱਧ ਸੰਗਤ ਨੇ ਮੱਥਾ ਟੇਕਿਆ ਹੈ। ਇਹ ਸੰਗਤ ਦੇਸ਼ ਵਿਦੇਸ਼ ਅਤੇ ਭਾਰਤ ਦੇ ਕਈ ਸ਼ਹਿਰਾਂ ਤੋਂ ਪੁੱਜੀ ਸੀ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿੱਚ ਇਨ੍ਹਾਂ ਦਿਨਾਂ ਦੌਰਾਨ ਡੇਢ ਗੁਣਾ ਵੱਧ ਰਾਸ਼ਨ ਪਕਾਇਆ ਗਿਆ ਹੈ।
ਸੰਗਤ ਦੀ ਭਾਰੀ ਆਮਦ ਨੂੰ ਧਿਆਨ ਵਿੱਚ ਰੱਖਦਿਆਂ ਇਥੇ ਵਿਸ਼ੇਸ਼ ਪ੍ਰਬੰਧ ਵੀ ਕੀਤੇ ਗਏ ਸਨ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਵਧ ਰਹੀ ਮਾਨਤਾ ਦੇ ਸਿੱਟੇ ਵਜੋਂ ਹੀ ਸੰਗਤ ਦੀ ਭਾਰੀ ਆਮਦ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵੀ ਇਸੇ ਤਰ੍ਹਾਂ ਸੰਗਤ ਦੀ ਭਾਰੀ ਆਮਦ ਹੋਈ ਸੀ।
ਅਟਾਰੀ ਬਾਰਡਰ ਵੀ ਹਾਊਸ ਫੁੱਲ : ਅਟਾਰੀ ਬਾਰਡਰ ‘ਤੇ ਰਿਟਰੀਟ ਸੈਰੇਮਨੀ ਦੇਖਣ ਵਾਲਿਆਂ ਦੀ ਗਿਣਤੀ ਵੀ ਵਧੀ। ਬੀ.ਐਸ.ਐਫ. ਦੇ ਅੰਕੜਿਆਂ ਮੁਤਾਬਕ ਮੰਗਲਵਾਰ ਨੂੰ ਸਰਦੀ ਦੇ ਬਾਵਜੂਦ 60 ਹਜ਼ਾਰ ਦੇ ਕਰੀਬ ਵਿਅਕਤੀ ਬਾਰਡਰ ਦੇਖਣ ਲਈ ਪਹੁੰਚੇ।

RELATED ARTICLES
POPULAR POSTS