ਮੁੱਖ ਮੰਤਰੀ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਦਿੱਤਾ ਮੋੜਵਾਂ ਜਵਾਬ ਚੰਡੀਗੜ੍ਹ/ਬਿਊਰੋ ਨਿਊਜ਼ : ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਸੂਬੇ ‘ਚ ਰਾਸ਼ਟਰਪਤੀ ਸ਼ਾਸਨ ਲਗਾਉਣ ਸਬੰਧੀ ਦਿੱਤੀ ਚਿਤਾਵਨੀ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਮੋੜਵਾਂ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਜਪਾਲ ਅਜਿਹੀਆਂ ਧਮਕੀਆਂ ਨਾਲ ਪੰਜਾਬ ਦੇ ਅਮਨ ਪਸੰਦ ਤੇ ਮਿਹਨਤਕਸ਼ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ, ਪਰ ਉਹ ਰਾਜਪਾਲ ਦੀਆਂ ਧਮਕੀਆਂ ਅੱਗੇ ਝੁਕਣ ਵਾਲੇ ਨਹੀਂ ਹਨ। ਮਾਨ ਨੇ ਕਿਹਾ ਕਿ ‘ਆਪ’ ਨੂੰ ਸੂਬੇ ਦੇ ਸਾਢੇ ਤਿੰਨ ਕਰੋੜ ਲੋਕਾਂ ਨੇ ਚੁਣ ਕੇ ਭੇਜਿਆ ਹੈ ਅਤੇ ਉਹ ਪੰਜਾਬ ਤੇ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਨਾਲ ਕੋਈ ਸਮਝੌਤਾ ਨਹੀਂ ਕਰਨਗੇ। ਮੁੱਖ ਮੰਤਰੀ ਨੇ ਪੰਜਾਬ ਭਵਨ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਪਾਲ ਵੱਲੋਂ ਲਗਾਏ ਗਏ ਆਰੋਪਾਂ ਨੂੰ ਰੱਦ ਕੀਤਾ।
ਉਨ੍ਹਾਂ ਕਿਹਾ ਕਿ ਰਾਜਪਾਲ ਕਹਿ ਰਹੇ ਹਨ ਕਿ ਸੂਬਾ ਸਰਕਾਰ ਨੇ ਉਨ੍ਹਾਂ ਦੀਆਂ ਚਿੱਠੀਆਂ ਦਾ ਕੋਈ ਜਵਾਬ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਰਾਜਪਾਲ ਨੇ ਸੂਬਾ ਸਰਕਾਰ ਨੂੰ 15 ਚਿੱਠੀਆਂ ਲਿਖੀਆਂ ਸਨ, ਜਿਨ੍ਹਾਂ ‘ਚੋਂ 9 ਚਿੱਠੀਆਂ ਦਾ ਜਵਾਬ ਪੰਜਾਬ ਸਰਕਾਰ ਨੇ ਦੇ ਦਿੱਤਾ ਹੈ ਅਤੇ ਬਾਕੀ 6 ਚਿੱਠੀਆਂ ਦੇ ਜਵਾਬ ਤਿਆਰ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਡੇਢ ਸਾਲ ‘ਚ ਛੇ ਬਿੱਲ ਵਿਧਾਨ ਸਭਾ ‘ਚ ਪਾਸ ਕੀਤੇ ਹਨ ਪਰ ਰਾਜਪਾਲ ਨੇ ਅਜੇ ਤੱਕ ਇਨ੍ਹਾਂ ਬਿੱਲਾਂ ਨੂੰ ਪਾਸ ਕਰਨ ਦੀ ਥਾਂ ਠੰਢੇ ਬਸਤੇ ‘ਚ ਪਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਰਾਜਪਾਲ ਜਾਣ ਬੁਝ ਕੇ ਸੂਬਾ ਸਰਕਾਰ ਨੂੰ ਪ੍ਰੇਸ਼ਾਨ ਕਰ ਰਹੇ ਹਨ। ਰਾਜਪਾਲ ਨੂੰ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਗੱਦੀ ਤੋਂ ਲਾਹੁਣ ਦੀਆਂ ਧਮਕੀਆਂ ਦੇਣ ਦਾ ਕੋਈ ਹੱਕ ਨਹੀਂ ਹੈ। ਉਹ ਇਹ ਸਭ ਕੁਝ ਕੇਂਦਰ ਵਿੱਚ ਬੈਠੇ ਆਕਾਵਾਂ ਨੂੰ ਖੁਸ਼ ਕਰਨ ਲਈ ਕਰ ਰਹੇ ਹਨ। ਇਸੇ ਤਰ੍ਹਾਂ ਦੇਸ਼ ਦੇ ਗੈਰ-ਭਾਜਪਾ ਸਰਕਾਰਾਂ ਵਾਲੇ ਸੂਬਿਆਂ ਦਿੱਲੀ, ਪੱਛਮੀ ਬੰਗਾਲ, ਕੇਰਲਾ, ਤਾਮਿਲਨਾਡੂ ਆਦਿ ਵਿੱਚ ਵੀ ਰਾਜਪਾਲ ਸੂਬਾ ਸਰਕਾਰਾਂ ਦੇ ਕੰਮਾਂ ਵਿੱਚ ਦਖਲ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਮਨੀਪੁਰ ਅਤੇ ਹਰਿਆਣਾ ਦੇ ਨੂਹ ਤੇ ਮੇਵਾਤ ‘ਚ ਹਿੰਸਕ ਘਟਨਾਵਾਂ ਹੋਣ ਦੇ ਬਾਵਜੂਦ ਉੱਥੇ ਦੇ ਰਾਜਪਾਲਾਂ ਨੇ ਚੁੱਪ ਧਾਰ ਰੱਖੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰਾਜਪਾਲ ਦਾ ਕੰਮ ਸੂਬਾ ਤੇ ਕੇਂਦਰ ਸਰਕਾਰ ਵਿਚਕਾਰ ਪੁਲ ਦਾ ਹੁੰਦਾ ਹੈ ਪਰ ਉਹ ਕਦੇ ਵੀ ਪੰਜਾਬ ਦੇ ਹੱਕਾਂ ਲਈ ਪੁਲ ਨਹੀਂ ਬਣੇ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਕੇਂਦਰ ਤੋਂ ਆਰਡੀਐੱਫ, ਜੀਐੱਸਟੀ ਅਤੇ ਹੋਰ ਫੰਡਾਂ ਬਾਰੇ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ ਪਰ ਰਾਜਪਾਲ ਨੇ ਕਦੇ ਵੀ ਪੰਜਾਬ ਦੇ ਹੱਕਾਂ ਲਈ ਕੇਂਦਰ ਕੋਲ ਆਵਾਜ਼ ਨਹੀਂ ਚੁੱਕੀ, ਸਗੋਂ ਰਾਜਪਾਲ ਤਾਂ ਪੰਜਾਬ ਯੂਨੀਵਰਸਿਟੀ ਦੇ ਮੁੱਦੇ ‘ਤੇ ਵੀ ਹਰਿਆਣਾ ਦਾ ਪੱਖ ਪੂਰ ਰਹੇ ਹਨ। ਇਸੇ ਤਰ੍ਹਾਂ ਚੰਡੀਗੜ੍ਹ ਦੇ ਪ੍ਰਸ਼ਾਸਕ ਵਜੋਂ ਰਾਜਪਾਲ ਨੇ ਚੰਡੀਗੜ੍ਹ ‘ਚ ਤਾਇਨਾਤ ਪੰਜਾਬ ਕਾਡਰ ਦੇ ਐੱਸਐੱਸਪੀ ਨੂੰ ਰਾਤੋ-ਰਾਤ ਅਹੁਦੇ ਤੋਂ ਲਾਹ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕੋਲ ਸੂਬਾਈ ਆਫਤ ਰਾਹਤ ਫੰਡ ‘ਚ 9600 ਕਰੋੜ ਰੁਪਏ ਪਏ ਹਨ, ਪਰ ਨਿਯਮ ਸਖਤ ਹੋਣ ਕਰਕੇ ਪੈਸੇ ਦੀ ਵਰਤੋਂ ਨਹੀਂ ਕੀਤੀ ਜਾ ਰਹੀ।
ਇਸ ਲਈ ਸੂਬਾ ਸਰਕਾਰ ਵੱਲੋਂ ਕੇਂਦਰ ਸਰਕਾਰ ਤੋਂ ਨਿਯਮਾਂ ‘ਚ ਢਿੱਲ ਦੇਣ ਦੀ ਮੰਗ ਕਰ ਰਹੀ ਹੈ। ਉਸ ਵਿੱਚ ਵੀ ਰਾਜਪਾਲ ਸੂਬਾ ਸਰਕਾਰ ਦਾ ਕੋਈ ਸਹਿਯੋਗ ਨਹੀਂ ਕਰ ਰਹੇ।
‘ਰਾਜਪਾਲ ਸੱਤਾ ਦੀ ਲਾਲਸਾ ਕਾਰਨ ਹਰ ਫੈਸਲੇ ‘ਚ ਦਖ਼ਲ ਦੇ ਰਹੇ ਨੇ’
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਰਾਜਪਾਲ ਦੀਆਂ ਚਿੱਠੀਆਂ ਤੋਂ ਲਗਦਾ ਹੈ ਕਿ ਉਹ ਸਭ ਕੁਝ ਸੱਤਾ ਹਥਿਆਉਣ ਦੀ ਲਾਲਸਾ ਕਾਰਨ ਕਰ ਰਹੇ ਹਨ। ਇਸੇ ਕਰ ਕੇ ਉਹ ਸਰਕਾਰ ਦੇ ਹਰ ਫ਼ੈਸਲੇ ‘ਚ ਦਖਲ ਦੇਣ ਲੱਗੇ ਹਨ। ਉਨ੍ਹਾਂ ਕਿਹਾ ਕਿ ਜੇਕਰ ਰਾਜਪਾਲ ਸੱਤਾ ਹਾਸਲ ਕਰਨਾ ਚਾਹੁੰਦੇ ਹਨ ਤਾਂ ਉਹ ਰਾਜਸਥਾਨ ਨਾਲ ਸਬੰਧਤ ਹਨ ਤੇ ਉੱਥੋਂ ਚੋਣ ਲੜ ਕੇ ਸੱਤਾ ਹਾਸਲ ਕਰ ਸਕਦੇ ਹਨ।
ਰਾਜਪਾਲ ਦੇ ਪੱਤਰਾਂ ਦਾ ਜਵਾਬ ਦੇਣ ਭਗਵੰਤ ਮਾਨ: ਅਨੁਰਾਗ ਠਾਕੁਰ
ਪਟਿਆਲਾ : ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ‘ਆਪ’ ਸਰਕਾਰ ਦੀ ਕਾਰਗੁਜ਼ਾਰੀ ‘ਤੇ ਟਿੱਪਣੀ ਕਰਦਿਆਂ ਪਟਿਆਲਾ ਵਿਚ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਹੀ ਢੰਗ ਨਾਲ ਸਰਕਾਰ ਨਹੀਂ ਚਲਾ ਰਹੇ ਅਤੇ ਇਸ਼ਤਿਹਾਰਾਂ ‘ਤੇ ਬੇਲੋੜਾ ਖਰਚਾ ਕਰ ਰਹੇ ਹਨ। ਰਾਜਪਾਲ ਨਾਲ ਮੁੱਖ ਮੰਤਰੀ ਦੀ ਬਹਿਸ ਬਾਰੇ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਰਾਜਪਾਲ
ਪੁਰੋਹਿਤ ਦੇ ਪੱਤਰਾਂ ਦਾ ਜਵਾਬ ਦੇਣਾ ਚਾਹੀਦਾ ਹੈ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …