Breaking News
Home / ਪੰਜਾਬ / ਪੰਜਾਬ ਸਰਕਾਰ ਪ੍ਰਤੀ ਨਰਮ ਪਏ ਰਾਜਪਾਲ ਦੇ ਸੁਰ!

ਪੰਜਾਬ ਸਰਕਾਰ ਪ੍ਰਤੀ ਨਰਮ ਪਏ ਰਾਜਪਾਲ ਦੇ ਸੁਰ!

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਨਾਲ ਖਿੱਚੋਤਾਣ ਦਰਮਿਆਨ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਸੁਰ ਹੁਣ ਅਚਾਨਕ ਨਰਮ ਪੈ ਗਏ ਜਾਪਦੇ ਹਨ। ਰਾਜਪਾਲ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਸੂਬੇ ‘ਚ ਰਾਸ਼ਟਰਪਤੀ ਰਾਜ ਲਾਉਣ ਦੀ ਸਿਫ਼ਾਰਸ਼ ਕਰਨ ਬਾਰੇ ਚਿਤਾਵਨੀ ਦੇ ਦਿੱਤੀ ਸੀ।
ਦੂਸਰੇ ਦਿਨ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਨੂੰ ਮੋੜਵਾਂ ਜਵਾਬ ਦੇ ਦਿੱਤਾ ਸੀ। ਅਹਿਮ ਸੂਤਰ ਦੱਸਦੇ ਹਨ ਕਿ ਅੰਦਰੋਂ ਅੰਦਰੀਂ ਕੇਂਦਰ ਸਰਕਾਰ ਨੇ ਦਖ਼ਲ ਦਿੱਤਾ ਹੈ ਜਿਸ ਮਗਰੋਂ ਰਾਜਪਾਲ ਥੋੜ੍ਹੇ ਨਰਮ ਰੌਂਅ ‘ਚ ਆ ਗਏ ਹਨ। ਸੂਤਰਾਂ ਅਨੁਸਾਰ ਭਾਰਤ ਸਰਕਾਰ ਸਤੰਬਰ ਦੇ ਪਹਿਲੇ ਹਫ਼ਤੇ ਜੀ-20 ਸੰਮੇਲਨ ਮੌਕੇ ਪੁੱਜਣ ਵਾਲੀਆਂ ਕੌਮਾਂਤਰੀ ਹਸਤੀਆਂ ਦੇ ਮੱਦੇਨਜ਼ਰ ਗੈਰ ਭਾਜਪਾਈ ਸ਼ਾਸਨ ਵਾਲੇ ਸੂਬਿਆਂ ਨਾਲ ਇਨ੍ਹਾਂ ਦਿਨਾਂ ‘ਚ ਕੋਈ ਟਕਰਾਅ ਨਹੀਂ ਚਾਹੁੰਦੀ। ਅਹਿਮ ਸੂਤਰ ਅੰਦਾਜ਼ੇ ਲਗਾ ਰਹੇ ਹਨ ਕਿ ਰਾਜਪਾਲ ਨੂੰ ਕੇਂਦਰ ਤਰਫ਼ੋਂ ਕੋਈ ਨਾ ਕੋਈ ਹਦਾਇਤ ਜ਼ਰੂਰ ਮਿਲੀ ਹੋਵੇਗੀ ਜਿਸ ਕਰਕੇ ਰਾਜਪਾਲ ਚੰਡੀਗੜ੍ਹ ‘ਚ ਪੰਜਾਬ ਦੀ ਤਾਰੀਫ਼ ਕਰਦੇ ਨਜ਼ਰ ਆਏ। ਰਾਜਪਾਲ ਨੇ ਚੰਡੀਗੜ੍ਹ ‘ਚ ਪੰਜਾਬ ਦੇ ਯੋਗਦਾਨ ਦੀ ਸ਼ਲਾਘਾ ਕਰਨ ਦੇ ਨਾਲ-ਨਾਲ ਖੇਡਾਂ ‘ਚ ਵੀ ਪੰਜਾਬ ਦੀ ਭੂਮਿਕਾ ਦਾ ਜ਼ਿਕਰ ਕੀਤਾ ਹੈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇੱਥੇ ਖੇਡ ਦਿਵਸ ਮੌਕੇ ਆਪਣੇ ਭਾਸ਼ਣ ਵਿਚ ਕਿਹਾ ਕਿ ਪੰਜਾਬ ਦਾ ਕੋਈ ਮੁਕਾਬਲਾ ਨਹੀਂ ਅਤੇ ਹਰ ਦ੍ਰਿਸ਼ਟੀ ਤੋਂ ਪੰਜਾਬ ਦੇਸ਼ ‘ਚੋਂ ਨੰਬਰ ‘ਵਨ’ ਹੈ। ਰਾਜਪਾਲ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਕਰਮ ਭੂਮੀ ‘ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਦੇਸ਼ ‘ਚ ਅਨਾਜ ਸੰਕਟ ਮੌਕੇ ਅਤੇ ਮੌਜੂਦਾ ਸਮੇਂ ਗੁਦਾਮਾਂ ਨੂੰ ਭਰੇ ਰੱਖਣ ‘ਚ ਪੰਜਾਬ ਦਾ ਵੱਡਾ ਯੋਗਦਾਨ ਹੈ। ਇਸ ਦੌਰਾਨ ਰਾਜਪਾਲ ਨੇ ਸਰ੍ਹੋਂ, ਸਾਗ ਅਤੇ ਮੱਕੀ ਦੀ ਰੋਟੀ ਦੀ ਗੱਲ ਵੀ ਕੀਤੀ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਦੇ ਆਖ਼ਰੀ ਪੱਤਰ ਦਾ ਜਵਾਬ ਦੇਣ ਲਈ ਕੀਤੀ ਪ੍ਰੈੱਸ ਕਾਨਫ਼ਰੰਸ ‘ਚ ਕਈ ਹੱਲੇ ਬੋਲੇ ਸਨ। ਰਾਜਪਾਲ ਜੋ ਆਮ ਤੌਰ ‘ਤੇ ਮੁੱਖ ਮੰਤਰੀ ਨੂੰ ਜਵਾਬ ਦੇਣ ਤੋਂ ਖੁੰਝਦੇ ਨਹੀਂ ਸਨ, ਹੁਣ ਉਹ ਥੋੜ੍ਹੇ ਬਦਲੇ ਬਦਲੇ ਨਜ਼ਰ ਆ ਰਹੇ ਹਨ। ਚੇਤੇ ਰਹੇ ਕਿ ਜਦੋਂ ਰਾਜਪਾਲ ਸਰਹੱਦੀ ਜ਼ਿਲ੍ਹੇ ਦੇ ਦੌਰੇ ‘ਤੇ ਗਏ ਸਨ ਤਾਂ ਉਨ੍ਹਾਂ ਨਾਲ ਮੁੱਖ ਮੰਤਰੀ ਵੀ ਇੱਕ ਦਫ਼ਾ ਇੱਕੋ ਹੈਲੀਕਾਪਟਰ ‘ਚ ਗਏ ਸਨ। ਉਸ ਮਗਰੋਂ ਕਦੇ ਵੀ ਰਾਜਪਾਲ ਤੇ ਪੰਜਾਬ ਸਰਕਾਰ ਦਰਮਿਆਨ ਸਬੰਧ ਬਹੁਤੇ ਸੁਖਾਵੇਂ ਨਹੀਂ ਰਹੇ ਹਨ। ਤਲਖ਼ੀ ਇੱਥੋਂ ਤੱਕ ਵਧ ਗਈ ਕਿ ਰਾਜਪਾਲ ਨੇ ਰਾਸ਼ਟਰਪਤੀ ਰਾਜ ਦੀ ਸਿਫ਼ਾਰਸ਼ ਕਰਨ ਦੀ ਚਿਤਾਵਨੀ ਦੇ ਦਿੱਤੀ ਸੀ।

 

Check Also

ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ

ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …