ਕਿਹਾ : ਹੱਕ ਤੇ ਸੱਚ ਦੇ ਰਾਹ ਉਤੇ ਚੱਲਦਾ ਰਹਾਂਗਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ‘ਚ ਆਖਿਆ ਕਿ ਉਨ੍ਹਾਂ ਕਦੇ ‘ਨਕਦ ਨਰਾਇਣ ਅਤੇ ਅਹੁਦਾ ਨਰਾਇਣ’ ਦੀ ਇੱਛਾ ਨਹੀਂ ਰੱਖੀ ਸੀ। ਉਹ ਸਿਰਫ ਪੰਜਾਬ ਵਾਸੀਆਂ ਦੀ ਸੇਵਾ ਕਰਨ ਅਤੇ ਪੰਜਾਬ ਨੂੰ ਬਦਲਣ ਦੀ ਇੱਛਾ ਰਖਦੇ ਹਨ ਤੇ ਇਸ ਬਦਲਾਅ ਲਈ ਉਨ੍ਹਾਂ ਦੀ ਜੰਗ ਜਾਰੀ ਰਹੇਗੀ। ਇਸ ਤੋਂ ਪਹਿਲਾਂ ਉਨ੍ਹਾਂ ਕਿਹਾ ਸੀ ਕਿ ‘ਮੈਨੂੰ ਦਰਸ਼ਨੀ ਘੋੜਾ’ ਨਾ ਬਣਾਇਓ। ਇਸ ਮਗਰੋਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਦਾ ਨਾਮ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਐਲਾਨਿਆ ਸੀ। ਇਸ ਮੁੱਦੇ ਬਾਰੇ ਗੱਲ ਕਰਦਿਆਂ ਸਿੱਧੂ ਨੇ ਆਖਿਆ ਕਿ ਉਹ ਸ਼ੁਰੂ ਤੋਂ ਹੀ ਪੰਜਾਬ ਨੂੰ ਬਦਲਣ ਦੀ ਇੱਛਾ ਲੈ ਕੇ ਸਿਆਸਤ ‘ਚ ਆਏ ਸਨ। ‘ਅੱਜ ਵੀ ਮੇਰੇ ਮਨ ਵਿਚ ਇਹੀ ਇੱਛਾ ਹੈ ਅਤੇ ਇਸ ਬਦਲਾਅ ਲਈ ਉਹ ਜੰਗ ਜਾਰੀ ਰੱਖਣਗੇ। ਇਸ ਕੰਮ ਲਈ ਕਿਸੇ ਅਹੁਦੇ ਦਾ ਹੋਣਾ ਜ਼ਰੂਰੀ ਨਹੀਂ ਹੈ।’ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਫੈਸਲੇ ਬਾਰੇ ਉਨ੍ਹਾਂ ਕਿਹਾ ਕਿ ਇਸ ਬਾਰੇ ਹਾਈਕਮਾਂਡ ਨੇ ਤੈਅ ਕਰਨਾ ਸੀ ਅਤੇ ਇਹ ਫੈਸਲਾ ਉਸ ਦੇ ਸਿਰ ਮੱਥੇ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਭਲੇ ਲਈ ਉਹ ਆਪਣੇ ਹੱਕ ਅਤੇ ਸੱਚ ਦੇ ਰਾਹ ‘ਤੇ ਚੱਲਦੇ ਰਹਿਣਗੇ।
ਪੰਜਾਬ ਮਾਡਲ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਮਾਡਲ ਉਨ੍ਹਾਂ ਦਾ ਨਿੱਜੀ ਨਹੀਂ ਹੈ ਅਤੇ ਨਾ ਹੀ ਇਸ ਦਾ ਕੋਈ ਕਾਪੀਰਾਈਟ ਹੈ। ‘ਇਹ ਪੰਜਾਬ ਦਾ ਸਾਂਝਾ ਹੈ ਅਤੇ ਇਸ ਨੂੰ ਕੋਈ ਵੀ ਪੰਜਾਬ ਦੇ ਭਲੇ ਲਈ ਵਰਤ ਸਕਦਾ ਹੈ।’ ਸਿੱਧੂ ਨੇ ਕਿਹਾ ਕਿ ਉਹ ਆਪਣਾ ਪੰਜਾਬ ਮਾਡਲ ਕਾਂਗਰਸ ਪਾਰਟੀ ਨੂੰ ਦੇ ਚੁੱਕੇ ਹਨ ਅਤੇ ਹੁਣ ਉਸ ਨੂੰ ਲਾਗੂ ਕਰਨਾ ਚਰਨਜੀਤ ਸਿੰਘ ਚੰਨੀ ਦੀ ਜ਼ਿੰਮੇਵਾਰੀ ਹੈ। ਚੰਨੀ ਦਾ ਸਾਥ ਦੇਣ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਹੀ ਕਾਂਗਰਸ ਹਾਈਕਮਾਂਡ ਦੇ ਨਾਲ ਹਨ ਅਤੇ ਉਸ ਦਾ ਹਰ ਫੈਸਲਾ ਮੰਨਿਆ ਹੈ। ਉਹ ਇਸ ਤੋਂ ਵੀ ਵਧ ਪੰਜਾਬ ਦੇ ਲੋਕਾਂ ਦੇ ਨਾਲ ਹਨ।
ਚੰਨੀ ਨੂੰ ਸਹਿਯੋਗ ਦੇਣ ਦੇ ਸਵਾਲ ਦਾ ਜਵਾਬ ਉਨ੍ਹਾਂ ਗੋਲ-ਮੋਲ ਢੰਗ ਨਾਲ ਦਿੱਤਾ।
ਉਨ੍ਹਾਂ ਦਾਅਵਾ ਕੀਤਾ ਕਿ ਚੋਣਾਂ ‘ਚ ਕਾਂਗਰਸ ਦਾ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਕਿਧਰੇ ਵੀ ਖੜ੍ਹਾ ਨਹੀਂ ਹੈ। ਹਲਕਾ ਪੂਰਬੀ ਵਿਚ ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨਾਲ ਚੱਲ ਰਹੀ ਚੋਣ ਜੰਗ ਨੂੰ ਉਨ੍ਹਾਂ ‘ਹੱਕ-ਹਲਾਲ ਅਤੇ ਹਰਾਮ’ ਦੀ ਜੰਗ ਆਖਿਆ। ਉਨ੍ਹਾਂ ਕਿਹਾ ਕਿ ਉਹ ਇਖਲਾਕ ਅਤੇ ਧਰਮ ਦੇ ਰਾਹ ‘ਤੇ ਖੜ੍ਹੇ ਹਨ ਅਤੇ ਧਰਮ ਦੀ ਕਦੇ ਹਾਰ ਨਹੀਂ ਹੋ ਸਕਦੀ।
ਨਵਜੋਤ ਸਿੰਘ ਸਿੱਧੂ ਹੀ ਮੁੱਖ ਮੰਤਰੀ ਲਈ ਯੋਗ ਉਮੀਦਵਾਰ : ਡਾ. ਨਵਜੋਤ ਕੌਰ
ਕਿਹਾ : ਰਾਹੁਲ ਗਾਂਧੀ ਨੂੰ ਕੀਤਾ ਗਿਆ ਗੁੰਮਰਾਹ
ਅੰਮ੍ਰਿਤਸਰ : ਕਾਂਗਰਸ ਹਾਈਕਮਾਂਡ ਵਲੋਂ ਪੰਜਾਬ ‘ਚ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਚਿਹਰਾ ਨਾ ਬਣਾਏ ਜਾਣ ‘ਤੇ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਦਾ ਦਰਦ ਛਲਕਿਆ ਹੈ। ਅੰਮ੍ਰਿਤਸਰ ‘ਚ ਚੋਣ ਪ੍ਰਚਾਰ ਕਰ ਰਹੀ ਡਾ. ਸਿੱਧੂ ਨੇ ਕਿਹਾ ਕਿ ਪੰਜਾਬ ‘ਚ ਸੀਐਮ ਚਿਹਰਾ ਐਲਾਨ ਕਰਨ ਤੋਂ ਪਹਿਲਾਂ ਰਾਹੁਲ ਗਾਂਧੀ ਨੂੰ ਗੁੰਮਰਾਹ ਕੀਤਾ ਗਿਆ ਸੀ। ਡਾ.ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਹੀ ਮੁੱਖ ਮੰਤਰੀ ਅਹੁਦੇ ਲਈ ਯੋਗ ਉਮੀਦਵਾਰ ਹਨ। ਡਾ.ਨਵਜੋਤ ਕੌਰ ਸਿੱਧੂ ਨੇ ਕਿਹਾ ਇਸ ਵੱਡੀ ਕੁਰਸੀ ਲਈ ਇਕ ਮਾਪਦੰਡ ਨਿਰਧਾਰਿਤ ਕਰਨਾ ਚਾਹੀਦਾ ਹੈ। ਸੀਐਮ ਅਹੁਦੇ ਲਈ ਨਾਮ ਐਲਾਨ ਕਰਨ ਤੋਂ ਪਹਿਲਾਂ ਉਸ ਵਿਅਕਤੀ ਦੀ ਐਜੂਕੇਸ਼ਨ, ਉਸਦੇ ਕੰਮ ਅਤੇ ਇਮਾਨਦਾਰੀ ਨੂੰ ਵੀ ਦੇਖਿਆ ਜਾਣਾ ਚਾਹੀਦਾ ਹੈ। ਡਾ. ਸਿੱਧੂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਮਾਡਲ ਕਾਫੀ ਚੰਗਾ ਹੈ, ਜੇਕਰ ਉਹ ਸੀਐਮ ਬਣ ਜਾਂਦੇ ਤਾਂ 6 ਮਹੀਨਿਆਂ ਵਿਚ ਪੰਜਾਬ ਦੀਆਂ ਮੁਸ਼ਕਲਾਂ ਦੂਰ ਹੋ ਜਾਂਦੀਆਂ। ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਦੌਰਾਨ ਨਵਜੋਤ ਸਿੰਘ ਸਿੱਧੂ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹੇ ਹਨ, ਪਰ ਜਦੋਂ ਦਾ ਸੀਐਮ ਚਿਹਰੇ ਵਜੋਂ ਚਰਨਜੀਤ ਸਿੰਘ ਚੰਨੀ ਦੇ ਨਾਮ ਦਾ ਐਲਾਨ ਹੋਇਆ ਹੈ ਤਾਂ ਸਿੱਧੂ ਕੁਝ ਸ਼ਾਂਤ ਹੋ ਗਏ ਹਨ। ਸਿੱਧੂ ਹੁਣ ਸਿਰਫ ਆਪਣੇ ਚੋਣ ਹਲਕੇ ਵਿਚ ਹੀ ਵੋਟਾਂ ਮੰਗ ਰਹੇ ਹਨ ਅਤੇ ਉਨ੍ਹਾਂ ਦੇ ਚਿਹਰੇ ‘ਤੇ ਨਰਾਜ਼ਗੀ ਵੀ ਸਾਫ ਦਿਖਾਈ ਦਿੰਦੀ ਹੈ।