Breaking News
Home / ਪੰਜਾਬ / ਪੰਜਾਬ ‘ਚ ਚੋਣ ਪ੍ਰਚਾਰ ਲਈ ਡਟੀਆਂ ਨੂੰਹਾਂ, ਧੀਆਂ ਅਤੇ ਪਤਨੀਆਂ

ਪੰਜਾਬ ‘ਚ ਚੋਣ ਪ੍ਰਚਾਰ ਲਈ ਡਟੀਆਂ ਨੂੰਹਾਂ, ਧੀਆਂ ਅਤੇ ਪਤਨੀਆਂ

‘ਆਪ’ ਉਮੀਦਵਾਰ ਦੀ ਅਮਰੀਕਾ ਤੋਂ ਆਈ ਨੂੰਹ ਨੇ ਕੀਤਾ ਚੋਣ ਪ੍ਰਚਾਰ
ਰਮਦਾਸ/ਬਿਊਰੋ ਨਿਊਜ਼ : ਵਿਧਾਨ ਸਭਾ ਹਲਕਾ ਅਜਨਾਲਾ ਵਿੱਚ ਚੋਣ ਪ੍ਰਚਾਰ ਨੇ ਪੂਰਾ ਜ਼ੋਰ ਫੜਿਆ ਹੋਇਆ ਹੈ ਅਤੇ ਹੁਣ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਉਮੀਦਵਾਰਾਂ ਦੀਆਂ ਪਤਨੀਆਂ, ਨੂੰਹਾਂ ਤੇ ਧੀਆਂ ਵੀ ਮੈਦਾਨ ਵਿੱਚ ਨਿੱਤਰ ਆਈਆਂ ਹਨ। ‘ਆਪ’ ਉਮੀਦਵਾਰ ਦੇ ਹੱਕ ਵਿੱਚ ਅਮਰੀਕਾ ਤੋਂ ਆਈ ਉਸ ਦੀ ਨੂੰਹ ਘਰ-ਘਰ ਜਾ ਕੇ ਪ੍ਰਚਾਰ ਕਰ ਰਹੀ ਹੈ। ਇਸ ਵਿਧਾਨ ਸਭਾ ਹਲਕੇ ਤੋਂ ਤਿਕੋਣੀ ਟੱਕਰ ਬਣ ਗਈ ਹੈ ਜਿਸ ਕਾਰਨ ਸਾਰੇ ਉਮੀਦਵਾਰਾਂ ਵਲੋਂ ਆਪਣੇ ਪਰਿਵਾਰਾਂ ਦੀਆਂ ਮਹਿਲਾਵਾਂ ਨੂੰ ਚੋਣ ਪ੍ਰਚਾਰ ਲਈ ਮੈਦਾਨ ਵਿੱਚ ਉਤਾਰ ਦਿੱਤਾ ਗਿਆ ਹੈ। ਹੁਣ ਇਹ ਮਹਿਲਾਵਾਂ ਪਿੰਡਾਂ ਵਿਚ ਉੱਡਦੀ ਧੂੜ ਅਤੇ ਰੂੜੀਆਂ ਤੋਂ ਬੇਪ੍ਰਵਾਹ ਹੋ ਕੇ ਪ੍ਰਚਾਰ ਕਰ ਰਹੀਆਂ ਹਨ। ਇਨ੍ਹਾਂ ਵਲੋਂ ਗਰੀਬਾਂ ਦੇ ਮਿੱਟੀ ਨਾਲ ਲਿੱਬੜੇ ਬੱਚਿਆਂ ਨਾਲ ਲਾਡ ਲਡਾਇਆ ਜਾ ਰਿਹਾ ਹੈ।ਹਲਕੇ ਵਿੱਚ ਆਮ ਆਦਮੀ ਪਾਰਟੀ, ਕਾਂਗਰਸ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਵਿਚਕਾਰ ਸਖ਼ਤ ਮੁਕਾਬਲਾ ਹੈ। ਲੋਕਾਂ ਵਲੋਂ ਮਿਲ ਰਹੇ ਹੁੰਗਾਰੇ ਨੂੰ ਵੇਖਦਿਆਂ ‘ਆਪ’ ਉਮੀਦਵਾਰ ਕੁਲਦੀਪ ਸਿੰਘ ਧਾਰੀਵਾਲ ਦੀ ਚੋਣ ਮੁਹਿੰਮ ਵਿੱਚ ਉਨ੍ਹਾਂ ਦੀ ਪਤਨੀ ਜਗਦੀਸ਼ ਕੌਰ ਧਾਰੀਵਾਲ ਸਾਥ ਨਿਭਾਅ ਰਹੀ ਹੈ। ਉਨ੍ਹਾਂ ਦੀ ਨੂੰਹ ਅਮਨ ਧਾਰੀਵਾਲ ਵੀ ਇੱਕ ਦਿਨ ਪਹਿਲਾਂ ਹੀ ਅਮਰੀਕਾ ਤੋਂ ਆਈ ਹੈ ਤੇ ਉਸ ਨੇ ਵੀ ਆਪਣੇ ਸਹੁਰੇ ਦੇ ਹੱਕ ਵਿੱਚ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਉਧਰ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਪ੍ਰਤਾਪ ਸਿੰਘ ਅਜਨਾਲਾ ਦੀ ਪਤਨੀ ਤੇਜਿੰਦਰ ਕੌਰ ਵਲੋਂ ਵੀ ਆਪਣੇ ਪਤੀ ਲਈ ਲੋਕਾਂ ਦੇ ਦਰਾਂ ‘ਤੇ ਜਾ ਕੇ ਵੋਟਾਂ ਮੰਗੀਆਂ ਜਾ ਰਹੀਆਂ ਹਨ। ਅਕਾਲੀ ਦਲ ਦੇ ਉਮੀਦਵਾਰ ਅਮਰਪਾਲ ਸਿੰਘ ਬੋਨੀ ਦੀ ਪਤਨੀ ਅਨੂ ਅਜਨਾਲਾ ਤੇ ਮਾਂ ਡਾ. ਅਵਤਾਰ ਕੌਰ ਵਲੋਂ ਵੀ ਲੋਕਾਂ ਦੀਆਂ ਬਰੂਹਾਂ ‘ਤੇ ਦਸਤਕ ਦਿੱਤੀ ਜਾ ਰਹੀ ਹੈ ਤੇ ਉਮੀਦਵਾਰ ਦੇ ਹੱਕ ਵਿਚ ਵੋਟਾਂ ਮੰਗੀਆਂ ਜਾ ਰਹੀਆਂ ਹਨ।
ਲਹਿਰਾਗਾਗਾ ਵਿੱਚ ਨੂੰਹ ਨੇ ਸੱਸ ਲਈ ਮੰਗੀਆਂ ਵੋਟਾਂ
ਲਹਿਰਾਗਾਗਾ/ਬਿਊਰੋ ਨਿਊਜ਼ : ਵਿਧਾਨ ਸਭਾ ਹਲਕਾ ਲਹਿਰਾਗਾਗਾ ਤੋਂ ਕਾਂਗਰਸੀ ਉਮੀਦਵਾਰ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੀ ਨੂੰਹ ਅਤੇ ਸੂਬਾ ਕਾਂਗਰਸ ਦੇ ਮੀਡੀਆ ਸਹਿਯੋਗੀ ਰਾਹੁਲ ਸਿੱਧੂ ਦੀ ਪਤਨੀ ਨੇਹਾ ਸਿੱਧੂ ਨੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਜਾ ਕੇ ਬੀਬੀ ਭੱਠਲ ਲਈ ਵੋਟਾਂ ਮੰਗੀਆਂ ਤੇ ਬਜ਼ੁਰਗਾਂ ਦਾ ਆਸ਼ੀਰਵਾਦ ਲਿਆ। ਉਨ੍ਹਾਂ ਕਿਹਾ ਕਿ ਬੀਬੀ ਭੱਠਲ ਹਰ ਵਰਗ ਦੀ ਭਲਾਈ ਲਈ ਗੰਭੀਰ ਹਨ ਤੇ ਹਲਕੇ ਵਿਚ ਰਿਕਾਰਡ ਤੋੜ ਕੰਮ ਕਰਵਾਏ ਹਨ।
ਸੁਖਬੀਰ ਦੀ ਧੀ ਹਰਕੀਰਤ ਕੌਰ ਨੇ ਵੋਟਾਂ ਮੰਗੀਆਂ
ਜਲਾਲਾਬਾਦ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਜਲਾਲਾਬਾਦ ਤੋਂ ਉਮੀਦਵਾਰ ਸੁਖਬੀਰ ਸਿੰਘ ਬਾਦਲ ਦੀ ਵੱਡੀ ਬੇਟੀ ਹਰਕੀਰਤ ਕੌਰ ਬਾਦਲ ਨੇ ਪਹਿਲੀ ਵਾਰ ਜਲਾਲਾਬਾਦ ਵਿੱਚ ਆਪਣੇ ਪਿਤਾ ਲਈ ਵੋਟਾਂ ਮੰਗੀਆਂ। ਜਲਾਲਾਬਾਦ ਦੇ ਵਾਰਡ ਨੰਬਰ-7 ‘ਚ ਹਰਕੀਰਤ ਕੌਰ ਬਾਦਲ ਦਾ ਸੁਦਰਸ਼ਨ ਸਿੰਘ ਪਰਿਵਾਰ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਜਲਾਲਾਬਾਦ ਦੇ ਵੱਖ-ਵੱਖ ਵਾਰਡਾਂ ਦੇ ਮਹਿਲਾ ਵਰਕਰ ਉਨ੍ਹਾਂ ਦੇ ਨਾਲ ਸਨ। ਅਕਾਲੀ ਦਲ ਦੇ ਮੀਤ ਪ੍ਰਧਾਨ ਪ੍ਰੇਮ ਕੁਮਾਰ ਵਲੇਚਾ ਅਤੇ ਜ਼ਿਲ੍ਹਾ ਫਾਜ਼ਿਲਕਾ ਸ਼ਹਿਰੀ ਪ੍ਰਧਾਨ ਅਸ਼ੋਕ ਅਨੇਜਾ ਨੇ ਹਰਕੀਰਤ ਕੌਰ ਨੂੰ ਜਲਾਲਾਬਾਦ ਦੀ ਧੀ ਦੱਸਿਆ। ਬਜ਼ੁਰਗ ਬੀਬੀਆਂ ਨੇ ਉਸ ਨੂੰ ਆਸ਼ੀਰਵਾਦ ਦਿੱਤਾ ਅਤੇ ਇਲਾਕਾ ਵਾਸੀਆਂ ਨੇ ਉਸ ਨਾਲ ਸੈਲਫੀਆਂ ਵੀ ਲਈਆਂ।
ਚੰਨੀ ਦੀ ਨੂੰਹ ਨੇ ਘਰ-ਘਰ ਜਾ ਕੇ ਸਹੁਰੇ ਲਈ ਮੰਗੀਆਂ ਵੋਟਾਂ
ਰੂਪਨਗਰ/ਬਿਊਰੋ ਨਿਊਜ਼ : ਵਿਧਾਨ ਸਭਾ ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ ਚੋਣ ਲੜ ਰਹੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨੂੰਹ ਸਿਮਰਨਜੀਤ ਕੌਰ ਵੱਲੋਂ ਪਿੰਡ ਖਾਬੜਾ ਤੇ ਬਹਿਰਾਮਪੁਰ ਵਿੱਚ ਘਰ-ਘਰ ਜਾ ਕੇ ਆਪਣੇ ਸਹੁਰੇ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਈ ਵੋਟਾਂ ਦੀ ਮੰਗ ਕੀਤੀ ਗਈ। ਨਵ ਵਿਆਹੀ ਦੁਲਹਨ ਦਾ ਪੇਂਡੂ ਮਹਿਲਾਵਾਂ ਨੇ ਭਰਵਾਂ ਸਵਾਗਤ ਕੀਤਾ ਅਤੇ ਵੋਟਾਂ ਪਾਉਣ ਦੇ ਵਾਅਦੇ ਦੇ ਨਾਲ-ਨਾਲ ਵਿਆਹ ਉਪਰੰਤ ਪਹਿਲੀ ਵਾਰੀ ਘਰ ਆਉਣ ‘ਤੇ ਪੰਜਾਬ ਦੇ ਰੀਤੀ ਰਿਵਾਜਾਂ ਅਨੁਸਾਰ ਸ਼ਗਨ ਵੀ ਦਿੱਤਾ।
ਨਵਜੋਤ ਸਿੱਧੂ ਦੀ ਧੀ ਰਾਬੀਆ ਨੇ ਪਿਤਾ ਲਈ ਮੰਗੀਆਂ ਵੋਟਾਂ
ਬਿਕਰਮ ਮਜੀਠੀਆ ਨੂੰ ਲਿਆ ਨਿਸ਼ਾਨੇ ‘ਤੇ
ਅੰਮ੍ਰਿਤਸਰ : ਪੰਜਾਬ ਵਿਚ ਆਉਂਦੀ 20 ਫਰਵਰੀ ਨੂੰ ਵਿਧਾਨ ਸਭਾ ਲਈ ਵੋਟਾਂ ਪੈਣੀਆਂ ਹਨ ਅਤੇ ਇਸ ਨੂੰ ਲੈ ਕੇ ਉਮੀਦਵਾਰਾਂ ਦੀਆਂ ਧੀਆਂ ਵੀ ਆਪਣੇ ਮਾਪਿਆਂ ਲਈ ਵੋਟਾਂ ਮੰਗ ਰਹੀਆਂ ਹਨ। ਇਸੇ ਦੌਰਾਨ ਨਵਜੋਤ ਸਿੰਘ ਸਿੱਧੂ ਦੀ ਧੀ ਰਾਬੀਆ ਸਿੱਧੂ ਨੇ ਅੱਜ ਅੰਮ੍ਰਿਤਸਰ ਵਿਚ ਆਪਣੇ ਪਿਤਾ ਲਈ ਵੋਟਾਂ ਮੰਗੀਆਂ। ਰਾਬੀਆ ਸਿੱਧੂ ਨੇ ਸਿੱਧੇ ਤੌਰ ‘ਤੇ ਅਕਾਲੀ ਦਲ ਅਤੇ ਬਿਕਰਮ ਮਜੀਠੀਆ ਨੂੰ ਨਿਸ਼ਾਨੇ ‘ਤੇ ਲਿਆ। ਰਾਬੀਆ ਨੇ ਕਿਹਾ ਕਿ ਅੱਜ ਸਿਆਸੀ ਲੜਾਈ ਝੂਠ ਅਤੇ ਸੱਚ ਦਰਮਿਆਨ ਹੈ। ਰਾਬੀਆ ਨੇ ਕਿਹਾ ਕਿ ਇਹ ਲੋਕਾਂ ਨੇ ਤੈਅ ਕਰਨਾ ਹੈ ਕਿ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣਾ ਹੈ ਜਾਂ ਨਹੀਂ। ਸਿੱਧੂ ਦੀ ਧੀ ਨੇ ਕਿਹਾ ਕਿ ਜਿਹੜਾ ਸੱਚਾਈ ਦੇ ਰਸਤੇ ‘ਤੇ ਚੱਲਦਾ ਹੈ, ਉਸ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ ਅਤੇ ਇਸ ਵਾਰ ਲੋਕ ਪੈਸੇ ਲੈ ਕੇ ਵੋਟਾਂ ਨਹੀਂ ਪਾਉਣਗੇ। ਧਿਆਨ ਰਹੇ ਕਿ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਆਹਮੋ ਸਾਹਮਣੇ ਹਨ ਅਤੇ ਚੋਣ ਮੁਕਾਬਲਾ ਵੀ ਸਖਤ ਹੋ ਗਿਆ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸੁਖਬੀਰ ਸਿੰਘ ਬਾਦਲ ਧੀ ਵੀ ਜਲਾਲਾਬਾਦ ਹਲਕੇ ਵਿਚ ਆਪਣੇ ਪਿਤਾ ਲਈ ਘਰ-ਘਰ ਜਾ ਕੇ ਵੋਟਾਂ ਮੰਗ ਰਹੀ ਹੈ।

ਕੀ ਗਰੀਬਾਂ ਨੂੰ ਜਿੱਤ ਤੋਂ ਬਾਅਦ ਵੀ ਮਿਲੇਗਾ ਪਿਆਰ
ਆਪਣੇ ਦਰਾਂ ‘ਤੇ ਵੱਡੇ ਘਰਾਂ ਦੀਆਂ ਬੀਬੀਆਂ ਨੂੰ ਵੇਖ ਲੋਕ ਇਕੋ ਗੱਲ ਕਹਿੰਦੇ ਸੁਣੀਦੇ ਹਨ ਕਿ ਕੀ ਜਿੱਤਣ ਤੋਂ ਬਾਅਦ ਵੀ ਇਹ ਲੋਕ ਇਸ ਤਰ੍ਹਾਂ ਹੀ ਸਤਿਆਰ ਤੇ ਪਿਆਰ ਦੇਣਗੇ। ਅਜਨਾਲਾ ਦੀ ਇਕ ਬਿਰਧ ਬੀਬੀ ਦਲਬੀਰ ਕੌਰ ਨੇ ਕਿਹਾ ਕਿ ਵੋਟਾਂ ਵੇਲੇ ਤਾਂ ਸਾਰੇ ਹੀ ਸਾਨੂੰ ਤੇ ਸਾਡੇ ਬੱਚਿਆਂ ਨੂੰ ਗਲੇ ਲਾਉਂਦੇ ਹਨ ਪਰ ਜਿੱਤਣ ਤੋਂ ਬਾਅਦ ਇਹ ਕਿਸੇ ਨੂੰ ਪਛਾਣਦੇ ਵੀ ਨਹੀਂ। ਅਮਰੀਕਾ ਤੋਂ ਆਈ ਅਮਨ ਧਾਲੀਵਾਲ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸੁਹਿਰਦ ਨਾ ਹੋਣ ਕਰਕੇ ਪੰਜਾਬ ਦੀ ਜਵਾਨੀ ਵਿਦੇਸ਼ਾਂ ਨੂੰ ਚਲੀ ਗਈ ਹੈ ਅਤੇ ਸਿਆਸਤਦਾਨ ਸਿਰਫ ਆਪਣੇ ਸੁਆਰਥਾਂ ਲਈ ਵੰਡੀਆਂ ਪਾ ਕੇ ਲੜਾ ਰਹੇ ਹਨ।

 

 

Check Also

ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਦੀ ਨਵੀਂ ਖੇਤੀ ਪਾਲਿਸੀ ’ਤੇ ਚੁੱਕੇ ਸਵਾਲ

ਕਿਹਾ : ਨਵੀਂ ਖੇਤੀ ਪਾਲਿਸੀ ਦਾ ਪੰਜਾਬ ਦੇ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਪਟਿਆਲਾ/ਬਿਊਰੋ ਨਿਊਜ਼ …