ਭਾਜਪਾ ਨੇ ਅਗਨੀਵੀਰਾਂ ਨੂੰ ਸਰਕਾਰੀ ਨੌਕਰੀ ਦੀ ਦਿੱਤੀ ਗਾਰੰਟੀ
ਰੋਹਤਕ/ਬਿਊਰੋ ਨਿਊਜ਼
ਹਰਿਆਣਾ ਵਿਚ ਆਉਂਦੀ 5 ਅਕਤੂਬਰ ਨੂੰ ਵਿਧਾਨ ਸਭਾ ਲਈ ਵੋਟਾਂ ਪੈਣੀਆਂ ਹਨ। ਇਸਦੇ ਚੱਲਦਿਆਂ ਭਾਜਪਾ ਨੇ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਅਤੇ ਹਰਿਆਣਾ ਵਾਸੀਆਂ ਨੂੰ ਕਈ ਗਾਰੰਟੀਆਂ ਦਿੱਤੀਆਂ ਹਨ। ਮੈਨੀਫੈਸਟੋ ਜਾਰੀ ਕਰਨ ਲਈ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਢਾ ਰੋਹਤਕ ਪਹੁੰਚੇ। ਇਸ ਦੌਰਾਨ ਉਨ੍ਹਾਂ ਦੇ ਨਾਲ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ, ਸੂਬਾ ਪ੍ਰਧਾਨ ਸਤੀਸ਼ ਪੂਨੀਆ ਤੇ ਹਰਿਆਣਾ ’ਚ ਭਾਜਪਾ ਦੇ ਚੋਣ ਇੰਚਾਰਜ ਧਰਮਿੰਦਰ ਪ੍ਰਧਾਨ ਅਤੇ ਕਈ ਭਾਜਪਾ ਆਗੂ ਮੌਜੂਦ ਸਨ। ਆਪਣੇ ਚੋਣ ਮਨੋਰਥ ਪੱਤਰ ਵਿਚ ਭਾਜਪਾ ਨੇ ਲਾਡੋ ਲਕਸ਼ਮੀ ਯੋਜਨਾ ਸ਼ੁਰੂ ਕਰਨ ਦਾ ਵਾਅਦਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮਹਿਲਾਵਾਂ ਨੂੰ ਹਰ ਮਹੀਨੇ 2100 ਰੁਪਏ ਦੇਣ ਦਾ ਵੀ ਭਰੋਸਾ ਦਿੱਤਾ ਹੈ। ਮੈਨੀਫੈਸਟੋ ਵਿਚ ਕਿਹਾ ਗਿਆ ਕਿ 2 ਲੱਖ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਅਤੇ ਦਿਹਾਤੀ ਇਲਾਕਿਆਂ ਵਿਚੋਂ ਕਾਲਜ ਜਾਣ ਵਾਲੇ ਵਿਦਿਆਰਥੀਆਂ ਨੂੰ ਸਕੂਟਰ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਅਗਨੀਵੀਰਾਂ ਨੂੰ ਵੀ ਸਰਕਾਰੀ ਨੌਕਰੀ ਦੇਣ ਦੀ ਗਰੰਟੀ ਦਿੱਤੀ ਹੈ। ਇਸਦੇ ਨਾਲ ਹੀ ਸ਼ਹਿਰੀ ਤੇ ਪੇਂਡੂ ਖ਼ੇਤਰਾਂ ਵਿਚ 5 ਲੱਖ ਨਵੇਂ ਘਰ ਬਣਾਉਣ ਦੀ ਯੋਜਨਾ ਦਾ ਵੀ ਜ਼ਿਕਰ ਕੀਤਾ ਗਿਆ ਹੈ।