ਰਾਹੁਲ ਗਾਂਧੀ ਖਿਲਾਫ ਕੀਤਾ ਸੀ ਇਤਰਾਜ਼ਯੋਗ ਟਵੀਟ
ਬੈਂਗਲੁਰੂ/ਬਿਊਰੋ ਨਿਊਜ਼
ਭਾਜਪਾ ਆਈ.ਟੀ. ਸੈਲ ਦੇ ਮੁਖੀ ਅਮਿਤ ਮਾਲਵੀਆ ਖਿਲਾਫ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਵਿਚ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਅਮਿਤ ਮਾਲਵੀਆ ’ਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਬਾਰੇ ਇਤਰਾਜ਼ਯੋਗ ਟਵੀਟ ਕਰਨ ਦਾ ਆਰੋਪ ਲਗਾਇਆ ਗਿਆ ਹੈ। ਕਾਂਗਰਸ ਪਾਰਟੀ ਦੇ ਆਗੂ ਰਮੇਸ਼ ਬਾਬੂ ਦੀ ਸ਼ਿਕਾਇਤ ਤੋਂ ਬਾਅਦ ਮਾਲਵੀਆ ਖਿਲਾਫ ਆਈ.ਪੀ.ਸੀ. ਦੀ ਧਾਰਾ 153ਏ 120ਬੀ 505(2), 34 ਦੇ ਤਹਿਤ ਬੈਂਗਲੁਰੂ ਦੇ ਹਾਈ ਗਰਾਊਂਡ ਪੁਲਿਸ ਸਟੇਸ਼ਨ ਵਿਚ ਐਫ਼.ਆਈ.ਆਰ. ਦਰਜ ਕੀਤੀ ਗਈ ਹੈ। ਉਧਰ ਦੂਜੇ ਪਾਸੇ ਭਾਜਪਾ ਆਗੂ ਅਮਿਤ ਮਾਲਵੀਆ ਵਿਰੁੱਧ ਦਰਜ ਕੀਤੀ ਗਈ ਐਫ਼.ਆਈ.ਆਰ. ਬਾਰੇ ਗੱਲ ਕਰਦਿਆਂ ਕਾਂਗਰਸ ਪਾਰਟੀ ਦੇ ਆਗੂ ਪਵਨ ਖੇੜਾ ਨੇ ਕਿਹਾ ਕਿ ਅਮਿਤ ਮਾਲਵੀਆ ਖਿਲਾਫ ਇਕ ਨਹੀਂ ਸਗੋਂ ਹੋਰ ਐਫ਼.ਆਈ.ਆਰ. ਦਰਜ ਹੋਣੀ ਚਾਹੀਦੀ ਸੀ ਕਿਉਂਕਿ ਉਹ ਸਿਰਫ ਸੱਚਾਈ ਨਾਲ ਹੀ ਨਹੀਂ ਖੇਡਿਆ ਸਗੋਂ ਉਸਨੇ ਲੋਕਾਂ ਦੇ ਅਕਸ ਨਾਲ ਵੀ ਖਿਲਵਾੜ ਕੀਤਾ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਭਾਜਪਾ ਦੇ ਆਈ.ਟੀ. ਸੈੱਲ ਨੇ ਦੇਸ਼ ਦੇ ਅਕਸ ਨੂੰ ਢਾਹ ਲਾਉਣ ਵਿਚ ਸਭ ਤੋਂ ਵੱਧ ਯੋਗਦਾਨ ਪਾਇਆ ਹੈ।