Breaking News
Home / ਭਾਰਤ / ਮੋਦੀ ਨੇ ਦੇਸ਼ ਦੀ ਜਾਇਦਾਦ ਚਾਰ-ਪੰਜ ਅਮੀਰਾਂ ਨੂੰ ਸੌਂਪੀ : ਪ੍ਰਿਯੰਕਾ ਗਾਂਧੀ

ਮੋਦੀ ਨੇ ਦੇਸ਼ ਦੀ ਜਾਇਦਾਦ ਚਾਰ-ਪੰਜ ਅਮੀਰਾਂ ਨੂੰ ਸੌਂਪੀ : ਪ੍ਰਿਯੰਕਾ ਗਾਂਧੀ

ਪ੍ਰਿਯੰਕਾ ਨੇ ਰਾਹੁਲ ਦੀ ਹਮਾਇਤ ‘ਚ ਚੋਣ ਰੈਲੀਆਂ ਨੂੰ ਕੀਤਾ ਸੰਬੋਧਨ
ਰਾਏਬਰੇਲੀ/ਬਿਊਰੋ ਨਿਊਜ਼ : ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿਆਸੀ ਨਿਸ਼ਾਨੇ ‘ਤੇ ਲੈਂਦਿਆਂ ਉਨ੍ਹਾਂ ‘ਤੇ ਦੇਸ਼ ਦੀ ਪੂਰੀ ਜਾਇਦਾਦ ਚਾਰ-ਪੰਜ ਅਮੀਰਾਂ ਨੂੰ ਦੇਣ ਦਾ ਆਰੋਪ ਲਾਇਆ। ਪ੍ਰਿਯੰਕਾ ਨੇ ਰਾਏਬਰੇਲੀ ਸੀਟ ਤੋਂ ਚੋਣ ਲੜ ਰਹੇ ਆਪਣੇ ਭਰਾ ਰਾਹੁਲ ਗਾਂਧੀ ਦੀ ਹਮਾਇਤ ‘ਚ ਕਈ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ।
ਉਨ੍ਹਾਂ ਆਰੋਪ ਲਾਇਆ ਕਿ ਭਾਜਪਾ ਨੇ ਪਿਛਲੇ 10 ਸਾਲਾਂ ‘ਚ ਜਨਤਾ ਲਈ ਕੁਝ ਨਹੀਂ ਕੀਤਾ ਅਤੇ ਵੋਟਰਾਂ ਦਾ ਧਿਆਨ ਭਟਕਾਉਣ ਲਈ ਉਹ ਆਪਣੇ ਚੋਣ ਪ੍ਰਚਾਰ ਵਿੱਚ ਧਰਮ ਨੂੰ ਲਿਆ ਰਹੀ ਹੈ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਪਿਛਲੇ 10 ਸਾਲਾਂ ਤੋਂ ਵਾਰਾਨਸੀ ਤੋਂ ਸੰਸਦ ਮੈਂਬਰ ਪਰ ਉਨ੍ਹਾਂ ਕਦੀ ਕਿਸੇ ਵੀ ਪਿੰਡ ਦਾ ਦੌਰਾ ਨਹੀਂ ਕੀਤਾ ਤੇ ਨਾ ਹੀ ਕਿਸੇ ਕਿਸਾਨ ਦਾ ਹਾਲ ਪੁੱਛਿਆ ਹੈ।
ਕਾਂਗਰਸ ਆਗੂ ਨੇ ਨਿੱਜੀਕਰਨ ਨੂੰ ਲੈ ਕੇ ਵੀ ਪ੍ਰਧਾਨ ਮੰਤਰੀ ਨੂੰ ਨਿਸ਼ਾਨੇ ‘ਤੇ ਲਿਆ। ਉਨ੍ਹਾਂ ਕਿਹਾ, ‘ਨਿੱਜੀਕਰਨ ਆਪਣੇ ਆਪ ‘ਚ ਬੁਰਾ ਨਹੀਂ ਹੈ ਪਰ ਜੇਕਰ ਪ੍ਰਧਾਨ ਮੰਤਰੀ ਦੇਸ਼ ਦੀ ਪੂਰੀ ਜਾਇਦਾਦ ਚਾਰ-ਪੰਜ ਅਮੀਰਾਂ ਨੂੰ ਦੇ ਦਿੰਦੇ ਹਨ ਤਾਂ ਇਹ ਸਹੀ ਨਹੀਂ ਹੈ।’ ਵਾਡਰਾ ਨੇ ਆਰੋਪ ਲਾਇਆ ਕਿ ਅੱਜ ਦੇਸ਼ ਕੋਲਾ, ਬਿਜਲੀ, ਬੰਦਰਗਾਹ, ਹਵਾਈ ਅੱਡੇ ਸਭ ਪ੍ਰਧਾਨ ਮੰਤਰੀ ਦੇ ਮਿੱਤਰਾਂ ਦੇ ਹਨ। ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੇ ਇੰਦਰਾ ਗਾਂਧੀ ਦਾ ਨਾਂ ਲੈਂਦਿਆਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਹੋਣ ਦੇ ਬਾਵਜੂਦ ਉਨ੍ਹਾਂ ਪਿੰਡਾਂ ਦਾ ਦੌਰਾ ਕੀਤਾ ਅਤੇ ਲੋਕਾਂ ਤੋਂ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ, ‘ਸਾਡੇ ਪ੍ਰਧਾਨ ਮੰਤਰੀ ਵੱਡੇ ਵੱਡੇ ਸਮਾਗਮ ਕਰਵਾਉਂਦੇ ਹਨ ਜਿੱਥੇ ਤੁਹਾਨੂੰ ਕਈ ਵੱਡੇ ਪੂੰਜੀਪਤੀ ਦਿਖਾਈ ਦੇਣਗੇ ਪਰ ਇੱਕ ਵੀ ਗਰੀਬ ਆਦਮੀ ਨਹੀਂ ਮਿਲੇਗਾ।’
ਉਨ੍ਹਾਂ ਦੇਸ਼ ਭਰ ‘ਚ ਰਾਹੁਲ ਗਾਂਧੀ ਦੀਆਂ ਦੋ ਯਾਤਰਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਭਰਾ ਨੇ ਲੋਕਾਂ ਦੀਆਂ ਸਮੱਸਿਆਵਾਂ ਸਮਝਣ ਲਈ ਚਾਰ ਹਜ਼ਾਰ ਕਿਲੋਮੀਟਰ ਦੀ ਪੈਦਲ ਯਾਤਰਾ ਕੀਤੀ।
ਉਨ੍ਹਾਂ ਕਿਹਾ, ‘ਆਪਣੀ ਯਾਤਰਾ ਤੋਂ ਬਾਅਦ ਮੇਰੇ ਭਰਾ ਨੇ ਇੱਕ ਮੈਨੀਫੈਸਟੋ ਬਣਾਉਣ ਦਾ ਫ਼ੈਸਲਾ ਕੀਤਾ ਜੋ ਮਹਿੰਗਾਈ ਤੇ ਬੇਰੁਜ਼ਗਾਰੀ ਦੀ ਸਮੱਸਿਆ ਹੱਲ ਕਰ ਸਕੇ ਕਿਉਂਕਿ ਇਹ ਜਨਤਾ ਦੀਆਂ ਸਭ ਤੋਂ ਵੱਡੀਆਂ ਸਮੱਸਿਆਵਾਂ ਹਨ।’ ਉਨ੍ਹਾਂ ਕਿਹਾ, ‘ਮੋਦੀ ਕਹਿੰਦੇ ਹਨ ਕਿ ਜੇਕਰ ਕਾਂਗਰਸ ਸੱਤਾ ‘ਚ ਆਈ ਤਾਂ ਉਹ ਤੁਹਾਡਾ ਮੰਗਲ ਸੂਤਰ ਚੋਰੀ ਕਰ ਲੈਣਗੇ, ਤੁਹਾਡੀ ਮੱਝ ਖੋਹ ਲੈਣਗੇ। ਜਨਤਾ ਇਸ ‘ਤੇ ਹੱਸ ਰਹੀ ਹੈ।
ਪ੍ਰਧਾਨ ਮੰਤਰੀ ਅਜਿਹਾ ਇਸ ਲਈ ਕਹਿ ਰਹੇ ਹਨ ਕਿਉਂਕਿ ਉਨ੍ਹਾਂ ਕੋਈ ਕੰਮ ਨਹੀਂ ਕੀਤਾ ਹੈ।’ ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਨੇ ਕਿਸਾਨਾਂ ਦਾ ਨਹੀਂ ਬਲਕਿ ਵੱਡੇ ਉਦਯੋਗਪਤੀਆਂ ਦਾ ਕਰਜ਼ਾ ਮੁਆਫ਼ ਕੀਤਾ ਹੈ।
ਪ੍ਰਿਯੰਕਾ ਵੱਲੋਂ ਸ਼ਾਹ ਦੀ ਰੈਲੀ ‘ਚ ਪੱਤਰਕਾਰ ਨਾਲ ਕੁੱਟਮਾਰ ਦੇ ਆਰੋਪ
ਰਾਏ ਬਰੇਲੀ: ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰਾਏ ਬਰੇਲੀ ਰੈਲੀ ਦੌਰਾਨ ਉਦੋਂ ਇਕ ਪੱਤਰਕਾਰ ਦੀ ਕੁੱਟਮਾਰ ਕੀਤੀ ਗਈ, ਜਦੋਂ ਉਸ ਨੇ ਉਨ੍ਹਾਂ ਔਰਤਾਂ ਨਾਲ ਗੱਲਬਾਤ ਕੀਤੀ, ਜੋ ਦਾਅਵਾ ਕਰ ਰਹੀਆਂ ਸਨ ਕਿ ਉਨ੍ਹਾਂ ਨੂੰ ਰੈਲੀ ਵਿਚ ਸ਼ਾਮਲ ਹੋਣ ਲਈ ਪੈਸੇ ਦਿੱਤੇ ਗਏ ਹਨ।
ਇਸ ਸਬੰਧੀ ‘ਐਕਸ’ ਉਤੇ ਆਪਣੀ ਪੋਸਟ ਵਿਚ ਪ੍ਰਿਯੰਕਾ ਨੇ ਕਿਹਾ, ”ਗ੍ਰਹਿ ਮੰਤਰੀ ਦੀ ਰਾਏ ਬਰੇਲੀ ਰੈਲੀ ਵਿਚ ਭਾਜਪਾ ਦੇ ਵਰਕਰਾਂ ਨੇ ਮੋਲੀਟਿਕਸ ਇੰਡੀਆ ਦੇ ਪੱਤਰਕਾਰ ਰਾਘਵ ਤ੍ਰਿਵੇਦੀ ਦੀ ਭਾਰੀ ਕੁੱਟਮਾਰ ਕੀਤੀ। ਇਸ ਦੌਰਾਨ ਗ੍ਰਹਿ ਮੰਤਰੀ ਭਾਸ਼ਣ ਦਿੰਦੇ ਰਹੇ ਤੇ ਪੁਲੀਸ ਮੂਕ ਦਰਸ਼ਕ ਬਣੀ ਰਹੀ। ਪੱਤਰਕਾਰ ਦੀ ਕੁੱਟਮਾਰ ਸਿਰਫ਼ ਇਸ ਕਾਰਨ ਕੀਤੀ ਗਈ ਕਿਉਂਕਿ ਉਹ ਉਨ੍ਹਾਂ ਔਰਤਾਂ ਨਾਲ ਗੱਲਬਾਤ ਕਰ ਰਿਹਾ ਸੀ ਜਿਨ੍ਹਾਂ ਦਾ ਦਾਅਵਾ ਸੀ ਕਿ ਉਨ੍ਹਾਂ ਰੈਲੀ ਵਿਚ ਪੈਸੇ ਦੇ ਕੇ ਲਿਆਂਦਾ ਗਿਆ ਸੀ।” ਉਨ੍ਹਾਂ ਹਸਪਤਾਲ ਪੁੱਜੇ ਪੱਤਰਕਾਰ ਦੀ ਵੀਡੀਓ ਵੀ ਨਸ਼ਰ ਕੀਤੀ ਹੈ।

Check Also

ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਲਈ ਪਈਆਂ ਵੋਟਾਂ

ਹਿਸਾਰ ’ਚ ਕਾਂਗਰਸੀ ਅਤੇ ਭਾਜਪਾ ਵਰਕਰ ਆਪਸ ਵਿਚ ਭਿੜੇ ਚੰਡੀਗੜ੍ਹ/ਬਿਊਰੋ ਨਿਊਜ਼ : 90 ਸੀਟਾਂ ਵਾਲੀ …