Breaking News
Home / ਭਾਰਤ / ਕੇਜਰੀਵਾਲ ਨੇ ਚੋਣਾਂ ਲਈ ਦਿੱਤੀਆਂ 10 ਗਾਰੰਟੀਆਂ

ਕੇਜਰੀਵਾਲ ਨੇ ਚੋਣਾਂ ਲਈ ਦਿੱਤੀਆਂ 10 ਗਾਰੰਟੀਆਂ

‘ਇੰਡੀਆ’ ਗੱਠਜੋੜ ਦੀ ਸਰਕਾਰ ਬਣਨ ‘ਤੇ ਚੀਨ ਦੇ ਕਬਜ਼ੇ ਹੇਠਲੀ ਭਾਰਤੀ ਜ਼ਮੀਨ ਛੁਡਾਉਣ ਦਾ ਕੀਤਾ ਵਾਅਦਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਤਿਹਾੜ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ‘ਆਪ’ ਦੀ ਲੋਕ ਸਭਾ ਚੋਣ ਮੁਹਿੰਮ ਨੂੰ ਨਵਾਂ ਜੋਸ਼ ਦਿੰਦਿਆਂ ਵਿਰੋਧੀ ਧਿਰ ਦੇ ‘ਇੰਡੀਆ’ ਗੱਠਜੋੜ ਦੇ ਸੱਤਾ ਵਿੱਚ ਆਉਣ ‘ਤੇ ਦੇਸ਼ ਭਰ ਦੇ ਲੋਕਾਂ ਲਈ 10 ਗਾਰੰਟੀਆਂ ਦਾ ਐਲਾਨ ਕੀਤਾ ਜਿਨ੍ਹਾਂ ਵਿੱਚ 24 ਘੰਟੇ ਬਿਜਲੀ ਸਪਲਾਈ ਤੇ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਣਾ ਸ਼ਾਮਲ ਹੈ।
ਨਵੀਂ ਦਿੱਲੀ ‘ਚ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਐਲਾਨ ਕੀਤਾ ਕਿ ‘ਕੇਜਰੀਵਾਲ ਦੀਆਂ 10 ਗਾਰੰਟੀਆਂ’ ਜੰਗੀ ਪੱਧਰ ‘ਤੇ ਦਿੱਤੀਆਂ ਜਾਣਗੀਆਂ, ਜਿਨ੍ਹਾਂ ਵਿੱਚ ‘ਇੰਡੀਆ’ ਗੱਠਜੋੜ ਦੀ ਸਰਕਾਰ ਬਣਨ ‘ਤੇ ਚੀਨ ਦੇ ਕਬਜ਼ੇ ਹੇਠੋਂ ਭਾਰਤੀ ਜ਼ਮੀਨ ਛੁਡਵਾਉਣਾ ਵੀ ਸ਼ਾਮਲ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਭਾਜਪਾ ਹਮੇਸ਼ਾ ਆਪਣੇ ਵਾਅਦੇ ਪੂਰੇ ਕਰਨ ਵਿੱਚ ਨਾਕਾਮ ਰਹੀ ਹੈ ਜਦਕਿ ਉਨ੍ਹਾਂ ਦੀਆਂ ਗਾਰੰਟੀਆਂ ਦਾ ਇੱਕ ਸਾਬਤ ਰਿਕਾਰਡ ਹੈ। ‘ਆਪ’ ਸੁਪਰੀਮੋ ਨੇ ਕਿਹਾ ਕਿ ਹੁਣ ਲੋਕਾਂ ਨੇ ‘ਕੇਜਰੀਵਾਲ ਦੀ ਗਾਰੰਟੀ’ ਜਾਂ ‘ਮੋਦੀ ਦੀ ਗਾਰੰਟੀ’ ‘ਚੋਂ ਚੋਣ ਕਰਨੀ ਹੈ। ਉਨ੍ਹਾਂ ਕਿਹਾ, ‘ਮੈਂ ਪ੍ਰਧਾਨ ਮੰਤਰੀ ਨਹੀਂ ਬਣਨਾ ਚਾਹੁੰਦਾ ਪਰ ਇਹ ਮੇਰੀ ਗਾਰੰਟੀ ਹੈ ਕਿ ਜਦੋਂ ‘ਇੰਡੀਆ’ ਗੱਠਜੋੜ ਦੀ ਸਰਕਾਰ ਬਣੇਗੀ ਤਾਂ ਮੈਂ ਇਹ ਯਕੀਨੀ ਬਣਾਵਾਂਗਾ ਕਿ ਇਹ ਵਾਅਦੇ ਪੂਰੇ ਹੋਣ।’ ਕੇਜਰੀਵਾਲ ਨੇ ਕਿਹਾ ਕਿ ਅੱਜ ਅਸੀਂ ਲੋਕ ਸਭਾ ਚੋਣਾਂ ਲਈ ਕੇਜਰੀਵਾਲ ਦੀਆਂ 10 ਗਾਰੰਟੀਆਂ ਦਾ ਐਲਾਨ ਕਰਨ ਜਾ ਰਹੇ ਹਾਂ। ਮੇਰੀ ਗ੍ਰਿਫ਼ਤਾਰੀ ਕਾਰਨ ਇਸ ਵਿੱਚ ਦੇਰੀ ਹੋਈ ਪਰ ਅਜੇ ਚੋਣਾਂ ਦੇ ਕਈ ਪੜਾਅ ਬਾਕੀ ਹਨ। ਮੈਂ ਬਾਕੀ ‘ਇੰਡੀਆ’ ਗੱਠਜੋੜ ਨਾਲ ਇਸ ਬਾਰੇ ਚਰਚਾ ਨਹੀਂ ਕੀਤੀ ਹੈ ਪਰ ਇਹ ਇੱਕ ਗਾਰੰਟੀ ਵਾਂਗ ਹੈ ਕਿ ਕਿਸੇ ਨੂੰ ਕੋਈ ਸਮੱਸਿਆ ਨਹੀਂ ਹੋਵੇਗੀ। ਮੈਂ ਇਹ ਗਾਰੰਟੀ ਲੈਂਦਾ ਹਾਂ ਕਿ ‘ਇੰਡੀਆ’ ਗਠਜੋੜ ਦੇ ਸੱਤਾ ਵਿੱਚ ਆਉਣ ਤੋਂ ਬਾਅਦ, ਮੈਂ ਇਹ ਯਕੀਨੀ ਬਣਾਵਾਂਗਾ ਕਿ ਇਹ ਗਾਰੰਟੀਆਂ ਲਾਗੂ ਹੋਣ।
ਪਾਰਟੀ ਦੀ ਗਾਰੰਟੀ ਦੀ ਸੂਚੀ ਵਿੱਚ ਬਿਹਤਰ ਸਕੂਲ, ਬਿਹਤਰ ਸਿਹਤ ਬੁਨਿਆਦੀ ਢਾਂਚਾ, ਕਿਸਾਨਾਂ ਲਈ ਐੱਮਐੱਸਪੀ, ਅਗਨੀਵੀਰ ਯੋਜਨਾ ਨੂੰ ਖਤਮ ਕਰਨ ਕੇ ਫੌਜ ਵਿੱਚ ਪੱਕੀ ਭਰਤੀ ਅਤੇ 2 ਕਰੋੜ ਨੌਕਰੀਆਂ ਦੇਣ ਦੇ ਨਾਲ-ਨਾਲ ਭ੍ਰਿਸ਼ਟਾਚਾਰ ਖਤਮ ਕਰਨਾ ਸ਼ਾਮਲ ਹੈ। ਇਹ ਪੁੱਛੇ ਜਾਣ ‘ਤੇ ਕਿ ਕੀ ਉਨ੍ਹਾਂ ਇੰਡੀਆ ਬਲਾਕ ਦੇ ਭਾਈਵਾਲਾਂ ਨਾਲ ਇਨ੍ਹਾਂ ਗਾਰੰਟੀਆਂ ‘ਤੇ ਚਰਚਾ ਕੀਤੀ ਸੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਸਮਾਂ ਨਹੀਂ ਹੈ ਪਰ ਭਰੋਸਾ ਹੈ ਕਿ ਉਹ ਇਤਰਾਜ਼ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਗਾਰੰਟੀ ਇੱਕ ਬ੍ਰਾਂਡ ਹੈ ਜੋ ਮੋਦੀ ਦੀ ਗਾਰੰਟੀ ਦੇ ਉਲਟ ਦਿੱਲੀ ਤੇ ਪੰਜਾਬ ਵਿੱਚ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ 10 ਗਾਰੰਟੀਆਂ ਭਾਰਤ ਦੇ ਵਿਜ਼ਨ ਵਾਂਗ ਹਨ।
ਕੁਝ ਅਜਿਹੀਆਂ ਗੱਲਾਂ ਹਨ ਜੋ ਪਿਛਲੇ 75 ਸਾਲਾਂ ਵਿੱਚ ਪੂਰੀਆਂ ਹੋਣੀਆਂ ਚਾਹੀਦੀਆਂ ਸਨ। ਇਹ ਚੀਜ਼ਾਂ ਕਿਸੇ ਵੀ ਦੇਸ਼ ਦਾ ਨੀਂਹ ਪੱਥਰ ਰੱਖਣ ਵਰਗੀਆਂ ਹਨ। ਉਨ੍ਹਾਂ ਤੋਂ ਬਿਨਾਂ ਦੇਸ਼ ਅੱਗੇ ਨਹੀਂ ਵਧ ਸਕਦਾ। ਇਹ ਕੰਮ ਅਗਲੇ ਪੰਜ ਸਾਲਾਂ ‘ਚ ਮੁਕੰਮਲ ਕਰ ਲਏ ਜਾਣਗੇ। ਕੇਜਰੀਵਾਲ ਨੇ ਪੁੱਛਿਆ ਕਿ ਕੀ ਪ੍ਰਧਾਨ ਮੰਤਰੀ ਮੋਦੀ ਆਪਣੇ ਸ਼ਾਸਨ ਦੀ ਪਾਲਣਾ ਕਰਨਗੇ ਤੇ 75 ਸਾਲ ਦੀ ਉਮਰ ‘ਚ ਸੇਵਾਮੁਕਤ ਹੋਣਗੇ? ਭਾਜਪਾ 75 ਸਾਲ ਦੀ ਸੇਵਾਮੁਕਤੀ ਦੀ ਉਮਰ ਦਾ ਨਿਯਮ ਲਿਆਉਂਦੀ ਹੈ ਅਤੇ ਸਵਾਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ‘ਤੇ ਚੁੱਪ ਕਿਉਂ ਹਨ ਪਰ ਉਨ੍ਹਾਂ ਦੀ ਪਾਰਟੀ ਦੇ ਹੋਰ ਮੈਂਬਰ ਬਿਆਨ ਦੇ ਰਹੇ ਹਨ। ਕੀ ਉਹ ਨਿਯਮ ਜੋ ਉਨ੍ਹਾਂ 2014 ਵਿੱਚ ਐੱਲ.ਕੇ. ਅਡਵਾਨੀ ਨੂੰ ਸੇਵਾਮੁਕਤ ਕਰਨ ਲਈ ਬਣਾਇਆ ਸੀ, ਉਨ੍ਹਾਂ ‘ਤੇ ਲਾਗੂ ਹੁੰਦੇ ਹਨ ਜਾਂ ਨਹੀਂ? ਜ਼ਿਕਰਯੋਗ ਹੈ ਕਿ ਇੰਡੀਆ ਗੱਠਜੋੜ ਆਮ ਆਦਮੀ ਪਾਰਟੀ, ਕਾਂਗਰਸ, ਤ੍ਰਿਣਮੂਲ ਕਾਂਗਰਸ, ਦ੍ਰਾਵਿੜ ਮੁਨੇਤਰ ਕੜਗਮ ਵਰਗੀਆਂ ਪਾਰਟੀਆਂ ਵੱਲੋਂ ਬਣਾਇਆ ਗਿਆ ਗੱਠਜੋੜ ਹੈ।
ਮੇਰੇ ਜੇਲ੍ਹ ਜਾਣ ਤੋਂ ਬਾਅਦ ‘ਆਪ’ ਮਜ਼ਬੂਤ ਹੋਈ: ਕੇਜਰੀਵਾਲ
ਨਵੀਂ ਦਿੱਲੀ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਾਰਟੀ ਵਿਧਾਇਕਾਂ ਨਾਲ ਮੀਟਿੰਗ ਕੀਤੀ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਇਹ ਉਨ੍ਹਾਂ ਦੀ ਵਿਧਾਇਕਾਂ ਨਾਲ ਪਹਿਲੀ ਮੁਲਾਕਾਤ ਸੀ। ਇਸ ਦੌਰਾਨ ਕੇਜਰੀਵਾਲ ਨੇ ਵਿਧਾਇਕਾਂ ਦੀ ਇਕਜੁੱਟਤਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਜੇਲ੍ਹ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋਈ ਹੈ।
ਇਸ ਦੌਰਾਨ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੋਤੀ ਨਗਰ ਵਿੱਚ ਰੋਡ ਸ਼ੋਅ ਵੀ ਕੀਤਾ। ਰੋਡ ਸ਼ੋਅ ਦੌਰਾਨ ਉਨ੍ਹਾਂ ਕਿਹਾ, ”ਜੇ ਤੁਸੀਂ 25 ਮਈ ਨੂੰ ‘ਆਪ’ ਨੂੰ ਚੁਣਦੇ ਹੋ ਤਾਂ ਮੈਨੂੰ ਦੁਬਾਰਾ ਜੇਲ੍ਹ ਨਹੀਂ ਜਾਣਾ ਪਵੇਗਾ।
ਵਿਧਾਇਕਾਂ ਨਾਲ ਮੀਟਿੰਗ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਮੇਰੀ ਗ੍ਰਿਫਤਾਰੀ ਤੋਂ ਬਾਅਦ ‘ਆਪ’ ਟੁੱਟਣ ਦੀ ਬਜਾਏ ਹੋਰ ਇਕਜੁੱਟ ਹੋ ਗਈ ਹੈ। ਇਹ ਲੋਕ ਨਾ ਤਾਂ ਸਾਡੀ ਸਰਕਾਰ ਨੂੰ ਡੇਗ ਸਕਦੇ ਹਨ, ਨਾ ਸਾਡੇ ਵਿਧਾਇਕ ਤੋੜ ਸਕਦੇ ਹਨ ਅਤੇ ਨਾ ਹੀ ਸਾਡੀ ਪੰਜਾਬ ਸਰਕਾਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਉਨ੍ਹਾਂ ਦੀ ਸਾਰੀ ਯੋਜਨਾ ਫੇਲ੍ਹ ਹੋ ਗਈ।
ਸਗੋਂ ਪੂਰੇ ਦੇਸ਼ ਅੰਦਰ ਸਿਆਸੀ ਬਿਰਤਾਂਤ ਉਨ੍ਹਾਂ ਦੇ ਵਿਰੁੱਧ ਹੋ ਗਿਆ। ਇਸ ਲਈ ਸਾਡੇ ਸਾਰੇ ਵਿਧਾਇਕ ਵਧਾਈ ਦੇ ਹੱਕਦਾਰ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਵਿਧਾਇਕਾਂ ਨੇ ਸ਼ਾਨਦਾਰ ਕੰਮ ਕੀਤਾ ਤਾਂ ਜੋ ਦਿੱਲੀ ਦੇ ਲੋਕਾਂ ਨੂੰ ਬਿਜਲੀ, ਪਾਣੀ ਅਤੇ ਦਵਾਈਆਂ ਲੈਣ ਵਿੱਚ ਕੋਈ ਦਿੱਕਤ ਨਾ ਆਵੇ। ਭਾਜਪਾ ਨੇ ਸਾਡੀ ਸਰਕਾਰ ਨੂੰ ਡੇਗਣ ਲਈ ਤੁਹਾਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਯੋਜਨਾ ਅਸਫਲ ਰਹੀ। ਇਸ ਲਈ ਪੂਰੀ ਪਾਰਟੀ ਅਤੇ ਦੇਸ਼ ਤੁਹਾਡੇ ‘ਤੇ ਮਾਣ ਮਹਿਸੂਸ ਕਰ ਰਿਹਾ ਹੈ। ਮੁੱਖ ਮੰਤਰੀ ਨਿਵਾਸ ‘ਤੇ ਹੋਈ ਮੀਟਿੰਗ ਦੌਰਾਨ ਕੇਜਰੀਵਾਲ ਨੂੰ ਪਿਛਲੇ ਡੇਢ ਮਹੀਨੇ ਦੌਰਾਨ ਵਾਪਰੀਆਂ ਘਟਨਾਵਾਂ ਤੋਂ ਜਾਣੂ ਕਰਵਾਇਆ ਗਿਆ। ਉਨ੍ਹਾਂ ਦਿੱਲੀ ਸਰਕਾਰ ਵੱਲੋਂ ਦਿੱਲੀ ਵਾਸੀਆਂ ਨੂੰ ਦਿੱਤੀਆਂ ਜਾ ਰਹੀਆਂ ਮੁਫਤ ਸੇਵਾਵਾਂ ਅਤੇ ਵਿਕਾਸ ਕਾਰਜਾਂ ਬਾਰੇ ਵੀ ਜਾਣਕਾਰੀ ਲਈ। ਦਿੱਲੀ ਦੇ ਲੋਕਾਂ ਤੋਂ ਮਿਲੇ ਫੀਡਬੈਕ ‘ਤੇ ਮੁੱਖ ਮੰਤਰੀ ਨੇ ਖੁਸ਼ੀ ਜ਼ਾਹਰ ਕੀਤੀ।
ਵਿਧਾਇਕਾਂ ਨੇ ਦੱਸਿਆ ਕਿ ਦਿੱਲੀ ਦੇ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਬਿਜਲੀ, ਪਾਣੀ ਅਤੇ ਦਵਾਈਆਂ ਦੀ ਕੋਈ ਸਮੱਸਿਆ ਨਹੀਂ ਆਈ। ਇਸ ਦੌਰਾਨ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ, ਡਾ. ਸੰਦੀਪ ਪਾਠਕ, ਸੰਸਦ ਮੈਂਬਰ ਸੰਜੈ ਸਿੰਘ, ਮੰਤਰੀ ਗੋਪਾਲ ਰਾਏ, ਸੌਰਭ ਭਾਰਦਵਾਜ, ਆਤਿਸ਼ੀ, ਕੈਲਾਸ਼ ਗਹਿਲੋਤ, ਪਾਰਟੀ ਦੇ ਚਾਰੋ ਉਮੀਦਵਾਰ ਅਤੇ ਹੋਰ ਵਿਧਾਇਕ ਹਾਜ਼ਰ ਸਨ।
ਸੁਪਰੀਮ ਕੋਰਟ ਦੇ ਹੁਕਮ ਨੂੰ ਦੱਸਿਆ ਚਮਤਕਾਰ
ਕੇਜਰੀਵਾਲ ਨੇ ਕਿਹਾ, ”ਸੁਪਰੀਮ ਕੋਰਟ ਦਾ ਹੁਕਮ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਰੱਬ ਚਾਹੁੰਦਾ ਹੈ ਕਿ ਅਸੀਂ ਕੁਝ ਕਰੀਏ।
ਅਸੀਂ ਸਿਰਫ਼ ਜ਼ਰੀਆ ਹਾਂ, ਇਹ ਸਭ ਰੱਬ ਕਰ ਰਿਹਾ ਹੈ। ਜੇਲ੍ਹ ਦੇ ਅੰਦਰ ਵੀ ਸਾਰੇ ਵਿਧਾਇਕਾਂ ਬਾਰੇ ਜਾਣਕਾਰੀ ਸੀ।” ਕੇਜਰੀਵਾਲ ਨੇ ਵਿਧਾਇਕਾਂ ਦੀ ਰਾਏ ਦਾ ਸਮਰਥਨ ਕਰਦਿਆਂ ਕਿਹਾ ਕਿ ਜਦੋਂ ਵੀ ਭਾਜਪਾ ਦੇ ਲੋਕ ਮਿਲਦੇ ਸਨ ਤਾਂ ਉਹ ਕਹਿੰਦੇ ਸਨ ਕਿ ਉਹ ਕੇਜਰੀਵਾਲ ਨੂੰ ਗ੍ਰਿਫਤਾਰ ਕਰਨਗੇ ਅਤੇ ਆਮ ਆਦਮੀ ਪਾਰਟੀ ਨੂੰ ਤੋੜ ਕੇ ਦਿੱਲੀ ਦੀ ਸਰਕਾਰ ਨੂੰ ਡੇਗ ਦੇਣਗੇ।
ਇਸ ਤੋਂ ਬਾਅਦ ਉਹ ਪੰਜਾਬ ਵਿੱਚ ਸਾਡੇ ਵਿਧਾਇਕਾਂ ਨੂੰ ਕਿਸੇ ਵੀ ਤਰੀਕੇ ਤੋੜ ਕੇ ਭਗਵੰਤ ਮਾਨ ਨੂੰ ਆਪਣੇ ਨਾਲ ਲੈ ਜਾਣਗੇ। ਉਨ੍ਹਾਂ ਕੋਲ ਵੱਡੀਆਂ ਯੋਜਨਾਵਾਂ ਸਨ ਪਰ ਸਭ ਕੁਝ ਇਸ ਦੇ ਉਲਟ ਹੋਇਆ।
ਕੇਜਰੀਵਾਲ ਦੀਆਂ ਜੇਲ੍ਹ ਵਿਚਲੀਆਂ ਗੱਲਾਂ ਸੁਣ ਕੇ ਸੰਜੈ ਸਿੰਘ ਭਾਵੁਕ ਹੋਏ
ਮੀਟਿੰਗ ਦੌਰਾਨ ਅਰਵਿੰਦ ਕੇਜਰੀਵਾਲ ਨੇ ਜੇਲ੍ਹ ਵਿੱਚ ਉਨ੍ਹਾਂ ਨਾਲ ਹੁੰਦੇ ਵਿਹਾਰ ਬਾਰੇ ਦੱਸਿਆ। ਇਹ ਸੁਣ ਕੇ ਸੰਸਦ ਮੈਂਬਰ ਸੰਜੈ ਸਿੰਘ ਦੀਆਂ ਅੱਖਾਂ ਨਮ ਹੋ ਗਈਆਂ ਤੇ ਸਾਰੇ ਵਿਧਾਇਕ ਭਾਵੁਕ ਹੋ ਗਏ। ਉਨ੍ਹਾਂ ਪ੍ਰਣ ਲਿਆ, ”ਅਸੀਂ ਸਾਰੇ ਇੱਕ ਪਰਿਵਾਰ ਹਾਂ। ਅਸੀਂ ਨਾ ਟੁੱਟਾਂਗੇ ਨਾ ਝੁਕਾਂਗੇ। ਹੁਣ ਅਸੀਂ ਕਈ ਗੁਣਾ ਜ਼ਿਆਦਾ ਊਰਜਾ ਨਾਲ ਕੰਮ ਕਰਾਂਗੇ।”

Check Also

ਆਇਫਾ ਪੁਰਸਕਾਰ: ਸ਼ਾਹਰੁਖ ਖਾਨ ਨੂੰ ਸਰਬੋਤਮ ਅਦਾਕਾਰ ਤੇ ਰਾਣੀ ਮੁਖਰਜੀ ਨੂੰ ਸਰਬੋਤਮ ਅਦਾਕਾਰਾ ਦਾ ਖਿਤਾਬ

‘ਐਨੀਮਲ’ ਨੂੰ ਸਰਬੋਤਮ ਫਿਲਮ ਵਜੋਂ ਮਿਲਿਆ ਪੁਰਸਕਾਰ ਭੁਪਿੰਦਰ ਬੱਬਲ ਨੂੰ ਸਭ ਤੋਂ ਵਧੀਆ ਪਲੇਅਬੈਕ ਗਾਇਕ …