
ਜਲੰਧਰ ’ਚ ਭਲਕੇ 27 ਅਕਤੂਬਰ ਨੂੰ ਸ਼ੁਰੂ ਹੋਵੇਗੀ ‘ਹਾਕੀ ਏਸ਼ੀਆਈ ਚੈਂਪਅਨਸ਼ਿਪ’
ਜਲੰਧਰ/ਬਿਊਰੋ ਨਿਊਜ਼
ਜਲੰਧਰ ਵਿਚ ਭਲਕੇ 27 ਅਕਤੂਬਰ ਤੋਂ ‘ਹਾਕੀ ਏਸ਼ੀਆਈ ਚੈਂਪਅਨਸ਼ਿਪ’ ਸ਼ੁਰੂ ਹੋ ਰਹੀ ਹੈ। ਇਸ ਚੈਂਪੀਅਨਸ਼ਿਪ ਵਿਚ ਭਾਰਤ, ਜਪਾਨ, ਮਲੇਸ਼ੀਆ, ਚੀਨ, ਬੰਗਲਾਦੇਸ਼ ਅਤੇ ਕੋਰੀਆ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਇਨ੍ਹਾਂ ਹਾਕੀ ਖੇਡ ਦੇ ਸਿਤਾਰਿਆਂ ਦਾ ਪੰਜਾਬ ਵਿਚ ਸ਼ਾਨਦਾਰ ਸਵਾਗਤ ਹੋਇਆ ਹੈ ਅਤੇ ਇਸ ਮਾਹੌਲ ਵਿਚ ਹਰ ਕੋਈ ਜੋਸ਼ ਮਹਿਸੂਸ ਕਰ ਰਿਹਾ ਹੈ। ਜਪਾਨ ਦੇ ਹੈਡ ਕੋਚ ਫੂਜੀਮੋਟੋ ਇਪੋਈ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਬਹੁਤ ਪਸੰਦ ਆ ਰਿਹਾ ਹੈ ਅਤੇ ਉਹ ਦੋਸਤਾਂ ਤੋਂ ਸਿੱਖੇ ਪੰਜਾਬੀ ਸ਼ਬਦਾਂ ਜਿਵੇਂ ‘ਕਿੱਦਾਂ, ਠੀਕ ਆ’ ਦੀ ਵਰਤੋਂ ਕਰ ਰਹੇ ਹਨ। ਬੰਗਲਾਦੇਸ਼ ਦੀ ਹਾਕੀ ਟੀਮ ਦੇ ਕਪਤਾਨ ਇਸਲਾਮ ਅਸ਼ਰਫੁਲ ਨੇ ਕਿਹਾ ਹੈ ਕਿ ਸਵਾਗਤ ਬਹੁਤ ਵਧੀਆ ਹੈ ਅਤੇ ਖਾਣਾ ਵੀ ਬਹੁਤ ਵਧੀਆ ਹੈ। ਇਸੇ ਦੌਰਾਨ ਮਲੇਸ਼ੀਆ ਦੀ ਹਾਕੀ ਟੀਮ ਦੇ ਕਪਤਾਨ ਮਰਹਾਨ ਜਲੀਲ ਨੇ ਕਿਹਾ ਹੈ ਕਿ ਪੰਜਾਬ ਵਿਚ ਉਨ੍ਹਾਂ ਦਾ ਪਹਿਲਾ ਗੇੜਾ ਹੈ ਅਤੇ ਉਨ੍ਹਾਂ ਨੂੰ ਸਟੇਡੀਅਮ ਬਹੁਤ ਪਸੰਦ ਆਇਆ ਹੈ। ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਲਈ ਇਹ ਟੂਰਨਾਮੈਂਟ ਇਕ ਖਾਸ ਪਲ ਲੈ ਕੇ ਆਇਆ ਹੈ, ਕਿਉਂਕਿ ਪਹਿਲੀ ਵਾਰ ਉਨ੍ਹਾਂ ਦੇ ਪਿਤਾ ਅਤੇ ਧੀ ਉਸ ਨੂੰ ਲਾਈਵ ਖੇਡਦਿਆਂ ਦੇਖ ਸਕਣਗੇ। ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਜਲੰਧਰ ਦੇ ‘ਬਰਲਟਨ ਪਾਰਕ ਸਟੇਡੀਅਮ’ ਵਿਚ ਉਨ੍ਹਾਂ ਨੇ ਹਾਕੀ ਖੇਡਣਾ ਸ਼ੁਰੂ ਕੀਤਾ ਸੀ, ਜਿੱਥੇ ਉਹ ਬਚਪਨ ਵਿਚ ਰੋਜ਼ਾਨਾ ਪਾਣੀ ਦੀ ਬੋਤਲ ਲੈ ਕੇ ਅਭਿਆਸ ਕਰਨ ਲਈ ਪਹੁੰਚਦੇ ਸਨ। ਇਹ ਵੀ ਦੱਸਣਯੋਗ ਹੈ ਕਿ ਜਲੰਧਰ ਪਹਿਲੀ ਵਾਰ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਿਹਾ ਹੈ।

