
ਗੁਲਾਮ ਨਬੀ ਆਜ਼ਾਦ ਨੂੰ ਜਨਰਲ ਸਕੱਤਰ ਦੇ ਅਹੁਦੇ ਤੋਂ ਕੀਤਾ ਲਾਂਭੇ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਨੇ ਆਪਣੇ ਜਥੇਬੰਦਕ ਢਾਂਚੇ ਵਿਚ ਫੇਰਬਦਲ ਕਰਦਿਆਂ ਰਾਜ ਸਭਾ ਮੈਂਬਰ ਗੁਲਾਮ ਨਬੀ ਆਜ਼ਾਦ ਨੂੰ ਜਨਰਲ ਸਕੱਤਰ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਹੈ। ਆਜ਼ਾਦ ਹਰਿਆਣਾ ਮਾਮਲਿਆਂ ਦੇ ਇੰਚਾਰਜ ਸਨ ਤੇ ਉਨ੍ਹਾਂ ਦੀ ਥਾਂ ਵਿਵੇਕ ਬਾਂਸਲ ਨੂੰ ਲਾਇਆ ਗਿਆ ਹੈ। ਆਜ਼ਾਦ, ਕਾਂਗਰਸ ਪਾਰਟੀ ਦੀ ਮੁਕੰਮਲ ਕਾਇਆਕਲਪ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖਣ ਵਾਲੇ ਪ੍ਰਮੁੱਖ ਤੇ ਸੀਨੀਅਰ ਆਗੂਆਂ ਵਿਚ ਸ਼ੁਮਾਰ ਸਨ। ਉਂਜ ਅੰਬਿਕਾ ਸੋਨੀ, ਮੋਤੀ ਲਾਲ ਵੋਰਾ ਤੇ ਮਲਿਕਾਰਜੁਨ ਖੜਗੇ ਨੂੰ ਵੀ ਜਨਰਲ ਸਕੱਤਰ ਦੇ ਅਹੁਦਿਆਂ ਤੋਂ ਹੱਥ ਧੋਣੇ ਪਏ ਹਨ। ਪ੍ਰਿਯੰਕਾ ਗਾਂਧੀ ਜਨਰਲ ਸਕੱਤਰ ਦੇ ਅਹੁਦੇ ‘ਤੇ ਬਰਕਰਾਰ ઠਰਹਿੰਦਿਆਂ ਪਹਿਲਾਂ ਵਾਂਗ ਯੂਪੀ ਮਾਮਲਿਆਂ ਨੂੰ ਵੇਖਣਗੇ। ਚੇਤੇ ਰਹੇ ਕਿ ਕਾਂਗਰਸ ਵਰਕਿੰਗ ਕਮੇਟੀ ਦੀ ਵਰਚੁਅਲ ਮੀਟਿੰਗ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਏ.ਕੇ.ਐਂਟਨੀ ਸਮੇਤ ਹੋਰਨਾਂ ਆਗੂਆਂ ਨੇ ਇਸ ਪੱਤਰ ‘ਤੇ ਉਜਰ ਜਤਾਇਆ ਸੀ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਤਾਂ ਪੱਤਰ ਦੇ ਸਮੇਂ ‘ਤੇ ਵੀ ਸਵਾਲ ਉਠਾਏ ਸਨ।
ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਕੀਤੇ ਫੇਰਬਦਲ ਤਹਿਤ ਪਾਰਟੀ ਵਿੱਚ ਹੁਣ 9 ਜਨਰਲ ਸਕੱਤਰ ਹੋਣਗੇ। ઠਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਇਕ ਵਿਸ਼ੇਸ਼ ਕਮੇਟੀ ਕਾਇਮ ਕੀਤੀ ਹੈ ਜਿਸ ਵਿਚ ਏਕੇ ਐਂਟਨੀ, ਅਹਿਮਦ ਪਟੇਲ ਤੇ ਅੰਬਿਕਾ ਸੋਨੀ ਸ਼ਾਮਲ ਹਨ ਜੋ ਕਿ ਉਨ੍ਹਾਂ ਨੂੰ ਪਾਰਟੀ ਮਾਮਲਿਆਂ ਬਾਰੇ ਸਲਾਹ-ਮਸ਼ਵਰਾ ਦੇਣਗੇ। ਇਸ ਤੋਂ ਇਲਾਵਾ ਪੀ. ਚਿਦੰਬਰਮ, ਜਿਤੇਂਦਰ ਸਿੰਘ, ਤਾਰਿਕ ਅਨਵਰ ਤੇ ਰਣਦੀਪ ਸੁਰਜੇਵਾਲਾ ਨੂੰ ਕਾਂਗਰਸ ਵਰਕਿੰਗ ਕਮੇਟੀ ਦਾ ਸਥਾਈ ਮੈਂਬਰ ਬਣਾਇਆ ਗਿਆ ਹੈ।
ਸੂਰਜੇਵਾਲਾ ਨੂੰ ਮਿਲੀਆਂ ਕਈ ਅਹਿਮ ਜ਼ਿੰਮੇਵਾਰੀਆਂ : ਰਾਹੁਲ ਗਾਂਧੀ ਦੇ ਕਰੀਬੀ ਅਤੇ ਸੋਨੀਆ ਗਾਂਧੀ ਦੇ ਵਿਸ਼ਵਾਸਪਾਤਰ ਰਣਦੀਪ ਸਿੰਘ ਸੂਰਜੇਵਾਲਾ ਨੂੰ ਵੀ ਇਸ ਫੇਰਬਦਲ ਵਿਚ ਸਭ ਤੋਂ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਜਿਸ ਵਿਚ ਉਨ੍ਹਾਂ ਨੂੰ ਨਾ ਸਿਰਫ ਕਰਨਾਟਕ ਦਾ ਜਨਰਲ ਸਕੱਤਰ ਇੰਚਾਰਜ ਬਣਾਇਆ ਗਿਆ ਸਗੋਂ ਉਹ ਉਸ ਕਮੇਟੀ ਵਿਚ ਵੀ ਸ਼ਾਮਿਲ ਹਨ ਜੋ ਨਾਰਾਜ਼ ਆਗੂਆਂ ਦੇ ਸਰੋਕਾਰਾਂ ‘ਤੇ ਵਿਚਾਰ ਕਰੇਗੀ। ਇਸ ਤੋਂ ਇਲਾਵਾ ਉਹ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਹੋਣ ਦੇ ਨਾਲ-ਨਾਲ ਪਾਰਟੀ ਦੇ ਮੁੱਖ ਬੁਲਾਰੇ ਵੀ ਹਨ।