ਹਰਮਨਪ੍ਰੀਤ ਸਿੰਘ ਨੇ ਕੀਤੇ ਦੋ ਗੋਲ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਅਤੇ ਪਾਕਿਸਤਾਨ ਦੀ ਹਾਕੀ ਟੀਮ ਵਿਚਾਲੇ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਚ ਖੇਡੇ ਗਏ ਏਸ਼ੀਅਨ ਚੈਂਪੀਅਨ ਟਰਾਫੀ ਦੇ ਮੁਕਾਬਲੇ ਵਿਚ ਟੀਮ ਇੰਡੀਆ ਨੇ ਪਾਕਿਸਤਾਨ ਦੀ ਟੀਮ ਨੂੰ 3-1 ਨਾਲ ਹਰਾ ਦਿੱਤਾ। ਭਾਰਤ ਲਈ ਦੋ ਗੋਲ ਕਰਨ ਵਾਲੇ ਹਰਮਨਪ੍ਰੀਤ ਸਿੰਘ ਨੂੰ ਮੈਨ ਆਫ ਦਾ ਮੈਚ ਐਲਾਨਿਆ ਗਿਆ। ਇਸ ਜਿੱਤ ਦੇ ਨਾਲ ਹੀ ਭਾਰਤ ਦੇ ਸੱਤ ਅੰਕ ਹੋ ਗਏ ਹਨ ਅਤੇ ਟੀਮ ਇੰਡੀਆ ਦਾ ਸੈਮੀਫਾਈਨਲ ਵਿਚ ਪਹੁੰਚਣਾ ਹੁਣ ਪੱਕਾ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਪਹਿਲੇ ਅਤੇ ਚੌਥੇ ਕੁਆਟਰ ਵਿਚ ਹਰਮਨਪ੍ਰੀਤ ਸਿੰਘ ਨੇ ਭਾਰਤ ਲਈ ਦੋ ਗੋਲ ਕੀਤੇ। ਉਥੇ, ਪਾਕਿਸਤਾਨ ਲਈ ਇਕ ਮਾਤਰ ਗੋਲ ਜੁਨੈਦ ਮਨਜੂਰ ਨੇ ਕੀਤਾ। ਭਾਰਤ ਲਈ ਅਕਾਸ਼ਦੀਪ ਸਿੰਘ ਨੇ ਮੈਚ ਦੌਰਾਨ ਦੂਜਾ ਗੋਲ ਕੀਤਾ। ਜ਼ਿਕਰਯੋਗ ਹੈ ਕਿ ਇਸ ਟੂਰਨਾਮੈਂਟ ਵਿਚ ਭਾਰਤ ਦੀ ਸ਼ੁਰੂਆਤ ਕੁਝ ਖਾਸ ਨਹੀਂ ਰਹੀ ਸੀ। ਪਹਿਲੇ ਮੈਚ ਵਿਚ ਕੋਰੀਆ ਦੇ ਖਿਲਾਫ ਸਕੋਰ 2-2 ਨਾਲ ਡਰਾਅ ਹੀ ਰਿਹਾ ਸੀ, ਪਰ ਦੂਜੇ ਮੁਕਾਬਲੇ ਵਿਚ ਭਾਰਤੀ ਟੀਮ ਨੇ ਧਮਾਕੇਦਾਰ ਵਾਪਸੀ ਕਰਦੇ ਹੋਏ ਬੰਗਲਾਦੇਸ਼ ਨੂੰ 9-0 ਨਾਲ ਹਰਾ ਦਿੱਤਾ ਸੀ।