
24 ਘੰਟਿਆਂ ‘ਚ 17 ਹਜ਼ਾਰ ਦੇ ਕਰੀਬ ਮਾਮਲੇ ਆਏ ਸਾਹਮਣੇ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਕਰੋਨਾ ਦੀ ਰਫਤਾਰ ਹੁਣ ਰਿਕਾਰਡ ਤੋੜਨ ਵੱਲ ਨੂੰ ਵਧਦੀ ਜਾ ਰਹੀ ਹੈ ਅਤੇ ਲੰਘੇ 24 ਘੰਟਿਆਂ ਵਿਚ 17 ਹਜ਼ਾਰ ਦੇ ਕਰੀਬ ਮਾਮਲੇ ਸਾਹਮਣੇ ਆ ਗਏ ਅਤੇ 418 ਵਿਅਕਤੀਆਂ ਦੀ ਮੌਤ ਹੋ ਗਈ। ਭਾਰਤ ਵਿਚ ਕਰੋਨਾ ਪੀੜਤਾਂ ਦੀ ਗਿਣਤੀ 5 ਲੱਖ ਵੱਲ ਨੂੰ ਵਧਣ ਲੱਗੀ ਹੈ ਅਤੇ ਹੁਣ ਇਹ ਗਿਣਤੀ 4 ਲੱਖ 75 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਭਾਰਤ ਵਿਚ ਹੁਣ ਤੱਕ ਕਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ ਵੀ 15 ਹਜ਼ਾਰ ਤੱਕ ਅੱਪੜ ਗਿਆ ਹੈ ਅਤੇ 2 ਲੱਖ 72 ਹਜ਼ਾਰ ਤੋਂ ਜ਼ਿਆਦਾ ਲੋਕ ਸਿਹਤਯਾਬ ਹੋਣ ਦੀ ਵੀ ਖਬਰ ਹੈ।
ਜ਼ਿਕਰਯੋਗ ਹੈ ਕਿ ਦੁਨੀਆ ਭਰ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ 1 ਕਰੋੜ ਵੱਲ ਨੂੰ ਵਧਦੀ ਜਾ ਰਹੀ ਹੈ ਅਤੇ ਹੁਣ ਇਹ ਗਿਣਤੀ 95 ਲੱਖ 65 ਹਜ਼ਾਰ ਤੋਂ ਪਾਰ ਜਾ ਚੁੱਕੀ ਹੈ। ਇਨ੍ਹਾਂ ਵਿਚੋਂ 52 ਲੱਖ ਤੋਂ ਵੱਧ ਲੋਕ ਸਿਹਤਯਾਬ ਹੋਏ ਹਨ ਅਤੇ 4 ਲੱਖ 85 ਹਜ਼ਾਰ ਤੋਂ ਜ਼ਿਆਦਾ ਦੀ ਜਾਨ ਵੀ ਚਲੀ ਗਈ। ਇਸੇ ਦੌਰਾਨ ਡਬਲਿਊ.ਐਚ.ਓ. ਦਾ ਕਹਿਣਾ ਹੈ ਕਿ ਅਗਲੇ ਹਫਤੇ ਤੱਕ ਕਰੋਨਾ ਮਰੀਜ਼ਾਂ ਦਾ ਅੰਕੜਾ 1 ਕਰੋੜ ਤੋਂ ਵੀ ਜ਼ਿਆਦਾ ਹੋ ਜਾਵੇਗਾ।