
ਰਾਜਸਥਾਨ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਨੇ ਵੀ ਲਗਾਈ ਪਾਬੰਦੀ
ਮੁੰਬਈ/ਬਿਊਰੋ ਨਿਊਜ਼
ਕਰੋਨਾ ਵਾਇਰਸ ਦੀ ਰਾਮਦੇਵ ਵਲੋਂ ਤਿਆਰ ਕੀਤੀ ਦਵਾਈ ਕੋਰੋਨਿਲ ਟੈਬਲੈਟ ‘ਤੇ ਮਹਾਰਾਸ਼ਟਰ ਸਰਕਾਰ ਨੇ ਰੋਕ ਲਗਾ ਦਿੱਤੀ ਹੈ। ਇਸ ਤੋਂ ਪਹਿਲਾਂ ਰਾਜਸਥਾਨ ਸਰਕਾਰ ਨੇ ਵੀ ਇਸ ‘ਤੇ ਰੋਕ ਲਗਾ ਦਿੱਤੀ ਸੀ। ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਨੇ ਕਿਹਾ ਕਿ ਕੋਰੋਨਿਲ ਦੇ ਕਲੀਨੀਕਲ ਟਰਾਇਲ ਸਬੰਧੀ ਕੋਈ ਪੁਖਤਾ ਜਾਣਕਾਰੀ ਨਹੀਂ ਹੈ। ਇਸ ਤੋਂ ਪਹਿਲਾਂ ਭਾਰਤ ਸਰਕਾਰ ਦੇ ਆਯੂਸ਼ ਮੰਤਰਾਲੇ ਨੇ ਕਿਹਾ ਸੀ ਕਿ ਚੰਗੀ ਗੱਲ ਹੈ ਕਿ ਰਾਮਦੇਵ ਨੇ ਕਰੋਨਾ ਦੀ ਦਵਾਈ ਬਣਾਈ ਹੈ, ਪਰ ਇਸ ਦੀ ਪਹਿਲਾਂ ਜਾਂਚ ਹੋਵੇਗੀ। ਧਿਆਨ ਰਹੇ ਕਿ ਰਾਮਦੇਵ ਨੇ ਦਾਅਵਾ ਸੀ ਕਿ ਕੋਰੋਨਿਲ ਦਵਾਈ ਨਾਲ 7 ਦਿਨਾਂ ਵਿਚ 100 ਮਰੀਜ਼ ਠੀਕ ਹੋਏ ਹਨ ਅਤੇ ਸਰਕਾਰ ਨੇ ਪੰਜ ਘੰਟਿਆਂ ਬਾਅਦ ਹੀ ਇਸ ਦਵਾਈ ਦੇ ਪ੍ਰਚਾਰ ‘ਤੇ ਰੋਕ ਲਗਾ ਦਿੱਤੀ ਸੀ। ਉਧਰ ਦੂਜੇ ਪਾਸੇ ਇਸ ਦਵਾਈ ਨੂੰ ਲੈ ਕੇ ਬਿਹਾਰ ਦੀ ਇਕ ਅਦਾਲਤ ਵਿਚ ਰਾਮਦੇਵ ਤੇ ਪਤੰਜਲੀ ਆਯੁਰਵੇਦ ਦੇ ਮੈਨੇਜਿੰਗ ਡਾਇਰੈਕਟਰ ਆਚਾਰੀਆ ਬਾਲਕ੍ਰਿਸ਼ਨ ਖ਼ਿਲਾਫ਼ ਅਪਰਾਧਕ ਸ਼ਿਕਾਇਤ ਦਰਜ ਕਰਵਾਈ ਗਈ ਹੈ।