ਰੈਸਕਿਊ ਅਪਰੇਸ਼ਨ ’ਚ ਸ਼ਾਮਲ ਸਾਰੇ ਵਿਅਕਤੀਆਂ ਦਾ ਕੀਤਾ ਧੰਨਵਾਦ
ਨਵੀਂ ਦਿੱਲੀ/ਬਿਊਰੋ ਨਿਊਜ਼
ਇਕ ਪਾਸੇ ਪੂਰਾ ਭਾਰਤ ਦਿਵਾਲੀ ਦਾ ਤਿਉਹਾਰ ਮਨਾ ਰਿਹਾ ਸੀ ਅਤੇ ਦੂਜੇ ਪਾਸੇ ਉਤਰਕਾਸ਼ੀ ਵਿਚ 41 ਮਜ਼ਦੂਰ ਇਕ ਸੁਰੰਗ ਵਿਚ ਕੈਦ ਹੋ ਗਏ ਸਨ। ਇਹ ਮਜ਼ਦੂਰ ਚਾਰ ਧਾਮ ਦੇ ਲਈ ਨਵਾਂ ਰਸਤਾ ਬਣਾ ਰਹੇ ਸਨ। ਉਸ ਸਮੇਂ ਉਤਰਕਾਸ਼ੀ ਦੀ ਸਿਲਕਿਆਰਾ-ਡੰਡਾਲਗਾਂਵ ਸੁਰੰਗ ਦਾ ਇਕ ਹਿੱਸਾ ਅਚਾਨਕ ਢਹਿ ਗਿਆ ਸੀ ਅਤੇ ਇਹ ਸਾਰੇ 41 ਮਜ਼ਦੂਰ ਬਾਹਰੀ ਦੁਨੀਆ ਤੋਂ ਵੱਖ ਹੋ ਗਏ ਸਨ। ਰੈਸਕਿਊ ਏਜੰਸੀਆਂ ਨੇ ਮਜ਼ਦੂਰਾਂ ਨੂੰ ਬਚਾਉਣ ਦੀ ਕਵਾਇਦ ਸ਼ੁਰੂ ਕੀਤੀ ਸੀ। 12 ਨਵੰਬਰ ਦੀ ਸਵੇਰੇ ਸਾਢੇ 5 ਵਜੇ ਤੋਂ 28 ਨਵੰਬਰ ਦੀ ਸ਼ਾਮ ਸਾਢੇ 8 ਵਜੇ ਤੱਕ ਯਾਨੀ 17 ਦਿਨਾਂ ਬਾਅਦ ਪਹਿਲਾ ਮਜ਼ਦੂਰ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ ਫਿਰ 45 ਮਿੰਟਾਂ ਵਿਚ ਹੀ ਬਾਕੀ 40 ਮਜ਼ਦੂਰਾਂ ਨੂੰ ਵੀ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵਲੋਂ ਇਨ੍ਹਾਂ ਸਾਰੇ ਮਜ਼ਦੂਰਾਂ ਦੀ ਵਿੱਤੀ ਮੱਦਦ ਕੀਤੀ ਜਾ ਰਹੀ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੋਨ ’ਤੇ ਇਨ੍ਹਾਂ ਸਾਰੇ 41 ਮਜ਼ਦੂਰਾਂ ਨਾਲ ਗੱਲ ਕੀਤੀ ਹੈ। ਪੀਐਮ ਮੋਦੀ ਨੇ ਇਨ੍ਹਾਂ ਸਾਰੇ ਮਜ਼ਦੂਰਾਂ ਨੂੰ ਸੁਰੰਗ ਵਿਚੋਂ ਸੁਰੱਖਿਅਤ ਬਾਹਰ ਕੱਢੇ ਜਾਣ ’ਤੇ ਖੁਸ਼ੀ ਜ਼ਾਹਰ ਕੀਤੀ ਅਤੇ ਰੈਸਕਿਊ ਅਪਰੇਸ਼ਨ ਵਿਚ ਸ਼ਾਮਲ ਸਾਰੇ ਵਿਅਕਤੀਆਂ ਦਾ ਧੰਨਵਾਦ ਵੀ ਕੀਤਾ।