
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੁੱਖ ਦਾ ਇਜ਼ਹਾਰ
ਮੁੰਬਈ/ਬਿਊਰੋ ਨਿਊਜ਼
ਉੱਘੇ ਅਦਾਕਾਰ ਤੇ ਫਿਲਮਸਾਜ਼ ਮਨੋਜ ਕੁਮਾਰ ਦਾ ਅੱਜ ਸ਼ੁੱਕਰਵਾਰ ਨੂੰ ਵੱਡੇ ਤੜਕੇ ਮੁੰਬਈ ਦੇ ਨਿੱਜੀ ਹਸਪਤਾਲ ਵਿਚ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 87 ਸਾਲ ਸੀ। ਮਨੋਜ ਕੁਮਾਰ ਦੇਸ਼ ਭਗਤੀ ਵਾਲੀਆਂ ਫਿਲਮਾਂ ਕਰਕੇ ‘ਭਾਰਤ ਕੁਮਾਰ’ ਦੇ ਨਾਂ ਨਾਲ ਵੀ ਮਕਬੂਲ ਸੀ। ਅਦਾਕਾਰ ਨੇ 1960ਵਿਆਂ ਦੇ ਅਖੀਰ ਤੇ 1970 ਦੇ ਦਹਾਕੇ ਦੌਰਾਨ ਕਈ ਸ਼ਾਨਦਾਰ ਫਿਲਮਾਂ ਨਾਲ ਬਾਕਸ ਆਫਿਸ ’ਤੇ ਰਾਜ ਕੀਤਾ। ਅਦਾਕਾਰ ਮਨੋਜ ਕੁਮਾਰ ਪਿਛਲੇ ਕੁਝ ਸਮੇਂ ਤੋਂ ਬਿਮਾਰ ਸੀ ਤੇ ਵਡੇਰੀ ਉਮਰ ਨਾਲ ਜੁੜੇ ਸਿਹਤ ਵਿਗਾੜਾਂ ਨਾਲ ਜੂਝ ਰਿਹਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਅਦਾਕਾਰ ਤੇ ਫਿਲਮਸਾਜ਼ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਨੂੰ ‘ਭਾਰਤੀ ਸਿਨੇਮਾ ਦਾ ਪ੍ਰਤੀਕ’ ਦੱਸਿਆ ਹੈ। ਇਸ ਦੌਰਾਨ ਫਿਲਮ ਜਗਤ ਦੀਆਂ ਹਸਤੀਆਂ ਨੇ ਵੀ ਮਨੋਜ ਕੁਮਾਰ ਦੇ ਦਿਹਾਂਤ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।