
ਨਵੀਂ ਦਿੱਲੀ/ਬਿਊਰੋ ਨਿਊਜ਼
ਕੌਮੀ ਜਾਂਚ ਏਜੰਸੀ ਵਲੋਂ ਲਾਲ ਕਿਲ੍ਹੇ ਦੇ ਨੇੜੇ ਹੋਏ ਧਮਾਕਾ ਮਾਮਲੇ ਦੇ ਇੱਕ ਦੋਸ਼ੀ ਨੂੰ ਦਿੱਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮੁਲਜ਼ਮ ਅਮੀਰ ਰਾਸ਼ਿਦ ਅਲੀ ਨੂੰ ਪਿ੍ਰੰਸੀਪਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੇ ਸਾਹਮਣੇ ਪੇਸ਼ ਕੀਤਾ ਅਤੇ ਅਦਾਲਤ ਨੇ ਮੁਲਜ਼ਮ ਨੂੰ 10 ਦਿਨਾਂ ਲਈ ਐੱਨ.ਆਈ.ਏ. ਦੀ ਹਿਰਾਸਤ ’ਚ ਭੇਜ ਦਿੱਤਾ ਹੈ। ਇਸ ਦੌਰਾਨ ਮੀਡੀਆ ਕਰਮਚਾਰੀਆਂ ਨੂੰ ਅਦਾਲਤ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਜ਼ਿਕਰਯੋਗ ਹੈ ਕਿ ਲੰਘੀ 10 ਨਵੰਬਰ ਨੂੰ ਕੌਮੀ ਰਾਜਧਾਨੀ ਦਿੱਲੀ ਵਿੱਚ ਲਾਲ ਕਿਲ੍ਹੇ ਨੇੜੇ ਵਿਸਫੋਟਕਾਂ ਨਾਲ ਭਰੀ ਕਾਰ ਵਿਚ ਹੋਏ ਧਮਾਕੇ ਨਾਲ 13 ਵਿਅਕਤੀਆਂ ਦੀ ਜਾਨ ਚਲੇ ਗਈ ਸੀ ਅਤੇ ਕਈ ਜ਼ਖਮੀ ਹੋ ਗਏ ਸਨ। ਧਿਆਨ ਰਹੇ ਕਿ ਜਿਸ ਕਾਰ ਵਿਚ ਧਮਾਕਾ ਹੋਇਆ ਸੀ, ਉਸ ਕਾਰ ਨੂੰ ਜੰਮੂ ਅਤੇ ਕਸ਼ਮੀਰ ਦੇ ਪੁਲਵਾਮਾ ਦਾ ਡਾਕਟਰ ਉਮਰ ਨਬੀ ਚਲਾ ਰਿਹਾ ਸੀ ਅਤੇ ਇਸ ਧਮਾਕੇ ਵਿਚ ਉਮਰ ਨਬੀ ਵੀ ਮਾਰਿਆ ਗਿਆ ਸੀ।

