
ਕਿਹਾ : ਵੜਿੰਗ ਦਾ ਦਿਮਾਗ ਖਰਾਬ, ਪਰਿਵਾਰ ਵਾਲੇ ਕਰਵਾਉਣ ਇਲਾਜ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਖਿਲਾਫ ਤਿੱਖੇ ਸਵਾਲ ਚੁੱਕੇ ਹਨ। ਚੀਮਾ ਨੇ ਕਿਹਾ ਕਿ ਵੜਿੰਗ ਨੇ ਆਪਣੀ ਬੁੱਧੀ ਦੇ ਦੀਵਾਲੀਆਪਨ ਦਾ ਪਰਦਾਫਾਸ਼ ਕੀਤਾ ਹੈ। ਚੀਮਾ ਨੇ ਤਰਨਤਾਰਨ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੀ ਹੋਈ ਜਿੱਤ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਸਰਕਾਰ ਦੀ ਸੋਚ ਦੀ ਜਿੱਤ ਹੈ। ਚੀਮਾ ਨੇ ਇਹ ਵੀ ਕਿਹਾ ਕਿ ਤਰਨਤਾਰਨ ਦੇ ਲੋਕਾਂ ਨੇ ਸਰਕਾਰ ਦੇ ਸਾਢੇ ਤਿੰਨ ਸਾਲਾਂ ਵਿਚ ਕੀਤੇ ਕੰਮ ਦਾ ਸਬੂਤ ਦਿੱਤਾ ਹੈ। ਚੀਮਾ ਨੇ ਵੜਿੰਗ ਦੇ ਪਰਿਵਾਰਕ ਮੈਂਬਰਾਂ ਨੂੰ ਸਲਾਹ ਦਿੱਤੀ ਹੈ ਕਿ ਵੜਿੰਗ ਦਾ ਇਲਾਜ ਕਰਵਾਉਣ ਤਾਂ ਕਿ ਉਹ ਭਵਿੱਖ ਵਿਚ ਊਲ ਜਲੂਲ ਨਾ ਬੋਲਣ। ਦੱਸਣਯੋਗ ਹੈ ਕਿ ਵੜਿੰਗ ਨੇ ਤਰਨਤਾਰਨ ਦੀ ਜ਼ਿਮਨੀ ਚੋਣ ਸਮੇਂ ਪ੍ਰਚਾਰ ਕਰਦਿਆਂ ਮਰਹੂਮ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਖਿਲਾਫ ਜਾਤੀਵਾਦੀ ਟਿੱਪਣੀਆਂ ਕੀਤੀਆਂ ਸਨ, ਜਿਸਦਾ ਕਾਫੀ ਵਿਰੋਧ ਵੀ ਹੋਇਆ ਹੈ।

