ਇਸ ਵਾਰ ਚੰਨੀ ਦੋ ਹਲਕਿਆਂ ਤੋਂ ਲੜਨਗੇ ਵਿਧਾਨ ਸਭਾ ਚੋਣ
ਪਟਿਆਲਾ/ਬਿਊਰੋ ਨਿਊਜ਼
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਇਸ ਵਾਰ ਦੋ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜੀ ਜਾ ਰਹੀ ਹੈ। ਪਹਿਲਾਂ ਵੀ ਕੁਝ ਆਗੂਆਂ ਨੇ ਦੋ-ਦੋ ਹਲਕਿਆਂ ਤੋਂ ਚੋਣਾਂ ਲੜੀਆਂ ਹਨ। ਆਮ ਤੌਰ ‘ਤੇ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਹੀ ਦੋ ਹਲਕਿਆਂ ਤੋਂ ਚੋਣਾਂ ਲੜਦੇ ਰਹੇ ਹਨ। ਹੁਣ ਤੱਕ ਇੱਕੋ ਵੇਲੇ ਦੋ ਹਲਕਿਆਂ ਤੋਂ ਵਿਧਾਇਕ ਬਣਨ ਦਾ ਮਾਣ ਸਿਰਫ਼ ਪ੍ਰਕਾਸ਼ ਸਿੰਘ ਬਾਦਲ ਨੂੰ ਹੀ ਨਸੀਬ ਹੋਇਆ ਹੈ। ਕੈਪਟਨ ਅਮਰਿੰਦਰ ਸਿੰਘ ਦੋ ਵਾਰ ਦੋ ਹਲਕਿਆਂ ਤੋਂ ਲੜ ਚੁੱਕੇ ਹਨ ਪਰ ਜਿੱਤ ਇੱਕ-ਇੱਕ ਹਲਕੇ ਤੋਂ ਹੀ ਹਾਸਲ ਕਰ ਸਕੇ।
ਕਾਂਗਰਸ ਨੇ ਹਾਲੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਤਾਂ ਨਹੀਂ ਕੀਤਾ ਪਰ ਪਾਰਟੀ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਦੋ ਹਲਕਿਆਂ ਤੋਂ ਮੈਦਾਨ ਵਿੱਚ ਉਤਾਰਨ ਦੀ ਕਾਰਵਾਈ ਨੇ ਨਵੀਂ ਚਰਚਾ ਛੇੜੀ ਦਿੱਤੀ ਹੈ। ਰਾਜਸੀ ਹਲਕੇ ਜਿੱਥੇ ਚੰਨੀ ਨੂੰ ਦੁਬਾਰਾ ਮੁੱਖ ਮੰਤਰੀ ਬਣਾਏ ਜਾਣ ਦੇ ਅੰਦਾਜ਼ੇ ਲਾ ਰਹੇ ਹਨ, ਉਥੇ ਹੀ ਇਸ ਨੂੰ ਕਾਂਗਰਸ ਦੀ ਦਲਿਤ ਪੱਤਾ ਖੇਡਣ ਦੀ ਚਾਲ ਵਜੋਂ ਵੀ ਦੇਖਿਆ ਜਾ ਰਿਹਾ ਹੈ। ਪਰਕਾਸ਼ ਸਿੰਘ ਬਾਦਲ ਨੇ 1997 ਵਿੱਚ ਲੰਬੀ ਅਤੇ ਕਿਲ੍ਹਾ ਰਾਏਪੁਰ ਤੋਂ ਚੋਣ ਲੜੀ ਸੀ। ਉਦੋਂ ਉਹ ਮੁੱਖ ਮੰਤਰੀ ਦੇ ਦਾਅਵੇਦਾਰ ਸਨ ਤੇ ਦੋਵੇਂ ਹਲਕਿਆਂ ਤੋਂ ਜੇਤੂ ਰਹੇ ਸਨ। ਮੁੱਖ ਮੰਤਰੀ ਪਦ ਦੇ ਦਾਅਵੇਦਾਰ ਰਹਿੰਦਿਆਂ ਕੈਪਟਨ ਅਮਰਿੰਦਰ ਸਿੰਘ ਦੋ ਵਾਰੀ ਦੋ-ਦੋ ਹਲਕਿਆਂ ਤੋਂ ਚੋਣਾਂ ਲੜ ਚੁੱਕੇ ਹਨ। 1992 ‘ਚ ਆਪਣੀ ਪਾਰਟੀ ਬਣਾ ਕੇ ਦੋਹਰੀ ਚੋਣ ਲੜਦਿਆਂ ਅਮਰਿੰਦਰ ਸਿੰਘ ਭਾਵੇਂ ਸਮਾਣਾ ਤੋਂ ਤਾਂ ਨਿਰਵਿਰੋਧ ਵਿਧਾਇਕ ਬਣ ਗਏ ਸਨ ਪਰ ਖਰੜ ਤੋਂ ਕਾਂਗਰਸ ਦੇ ਹਰਨੇਕ ਘੜੂੰਆਂ ਤੋਂ ਹਾਰ ਗਏ ਸਨ। 2017 ‘ਚ ਵੀ ਅਮਰਿੰਦਰ ਸਿੰਘ ਦੋ ਹਲਕਿਆਂ ਤੋਂ ਚੋਣ ਪਿੜ ‘ਚ ਉਤਰੇ ਸਨ। 2017 ‘ਚ ਉਹ ਪਟਿਆਲਾ ਸਮੇਤ ਲੰਬੀ ਤੋਂ ਵੀ ਚੋਣ ਲੜੇ ਸਨ ਪਰ ਵੱਡੇ ਬਾਦਲ ਕੋਲੋਂ 22,770 ਵੋਟਾਂ ਨਾਲ ਹਾਰ ਗਏ ਸਨ।