Breaking News
Home / ਪੰਜਾਬ / ਮਜੀਠੀਆ ਨੇ ਸਿੱਧੂ ਦੀ ਚੁਣੌਤੀ ਕਬੂਲੀ : ਮਜੀਠੀਆ ਵੱਲੋਂ ਸਿਰਫ ਅੰਮ੍ਰਿਤਸਰ ਪੂਰਬੀ ਤੋਂ ਹੀ ਚੋਣ ਲੜਨ ਦਾ ਫ਼ੈਸਲਾ

ਮਜੀਠੀਆ ਨੇ ਸਿੱਧੂ ਦੀ ਚੁਣੌਤੀ ਕਬੂਲੀ : ਮਜੀਠੀਆ ਵੱਲੋਂ ਸਿਰਫ ਅੰਮ੍ਰਿਤਸਰ ਪੂਰਬੀ ਤੋਂ ਹੀ ਚੋਣ ਲੜਨ ਦਾ ਫ਼ੈਸਲਾ

ਮਜੀਠਾ ਹਲਕੇ ਤੋਂ ਮਜੀਠੀਆ ਦੀ ਪਤਨੀ ਗਨੀਵ ਕੌਰ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ
ਅੰਮ੍ਰਿਤਸਰ/ਬਿਊਰੋ ਨਿਊਜ਼ : ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਐਲਾਨ ਕਰ ਦਿੱਤਾ ਕਿ ਉਹ ਹੁਣ ਸਿਰਫ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਨਵਜੋਤ ਸਿੰਘ ਸਿੱਧੂ ਖਿਲਾਫ ਚੋਣ ਲੜਨਗੇ। ਉਨ੍ਹਾਂ ਮਜੀਠਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਦਾ ਫੈਸਲਾ ਵਾਪਸ ਲੈ ਲਿਆ ਹੈ।
ਉਨ੍ਹਾਂ ਦੀ ਪਤਨੀ ਗਨੀਵ ਕੌਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਮਜੀਠਾ ਹਲਕੇ ਤੋਂ ਚੋਣ ਲੜੇਗੀ। ਇਹ ਐਲਾਨ ਉਨ੍ਹਾਂ ਅੰਮ੍ਰਿਤਸਰ ਵਿਚ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ। ਬਿਕਰਮ ਮਜੀਠੀਆ ਦੀ ਪਤਨੀ ਗਨੀਵ ਕੌਰ ਵੱਲੋਂ ਮਜੀਠਾ ਹਲਕੇ ਤੋਂ ਆਪਣਾ ਨਾਮਜ਼ਦਗੀ ਪੱਤਰ ਵੀ ਦਾਖ਼ਲ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮਜੀਠੀਆ ਨੂੰ ਚੁਣੌਤੀ ਦਿੱਤੀ ਸੀ ਕਿ ਉਹ ਮਜੀਠਾ ਹਲਕੇ ਨੂੰ ਛੱਡ ਕੇ ਸਿਰਫ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜਨ। ਮੀਡੀਆ ਨਾਲ ਗੱਲ ਕਰਦਿਆਂ ਮਜੀਠੀਆ ਨੇ ਆਖਿਆ ਕਿ ਮਜੀਠਾ ਹਲਕਾ ਇਕ ਤਕਨੀਕੀ ਕਾਰਨ ਕਰਕੇ ਛੱਡਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਇਹ ਫ਼ੈਸਲਾ ਕਿਸੇ ਚੁਣੌਤੀ ਕਾਰਨ ਨਹੀਂ ਲਿਆ ਸਗੋਂ ਪਾਰਟੀ ਵੱਲੋਂ ਲਾਈ ਗਈ ਜ਼ਿੰਮੇਵਾਰੀ ਲਈ ਆਪਣਾ ਫਰਜ਼ ਸਮਝਦਿਆਂ ਕੀਤਾ ਹੈ। ਮਜੀਠੀਆ ਨੇ ਕਿਹਾ ਕਿ ਉਹ ਇਸ ਹਲਕੇ ਵਿੱਚ ਚੋਣ ਲੜਦਿਆਂ ਇਕ ਹੰਕਾਰੀ ਵਿਅਕਤੀ ਦਾ ਹੰਕਾਰ ਤੋੜਨਗੇ ਅਤੇ ਉਸ ਨੂੰ ਪਿਆਰ, ਸਤਿਕਾਰ ਅਤੇ ਲੋਕਾਂ ਨਾਲ ਮਿਲਣਾ ਸਿਖਾਉਣਗੇ। ਅੰਮ੍ਰਿਤਸਰ ਪੂਰਬੀ ਹਲਕੇ ਬਾਰੇ ਆਪਣਾ ਏਜੰਡਾ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਹਲਕੇ ਦਾ ਵਿਕਾਸ ਨਹੀਂ ਹੋ ਸਕਿਆ। ਉਨ੍ਹਾਂ ਦਾ ਤਰਜੀਹੀ ਏਜੰਡਾ ਇਸ ਹਲਕੇ ਦਾ ਵਿਕਾਸ ਕਰਨਾ ਹੋਵੇਗਾ। ਉਨ੍ਹਾਂ ਆਰੋਪ ਲਾਇਆ ਕਿ ਸਿੱਧੂ ਨੂੰ ਅਕਾਲੀ ਭਾਜਪਾ, ਕੇਂਦਰ ਅਤੇ ਕਾਂਗਰਸ ਦੀ ਸਰਕਾਰ ਹੰਢਾਉਣ ਦਾ ਮੌਕਾ ਮਿਲਿਆ ਹੈ ਪਰ ਉਨ੍ਹਾਂ ਦੇ 18 ਸਾਲ ਦੇ ਸਮੇਂ ਦੌਰਾਨ ਹਲਕੇ ਦਾ ਮਾੜਾ ਹਾਲ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਉਹ ਸਿੱਧੂ ਵਲੋਂ ਕੀਤੇ ਵਾਅਦੇ ਅਤੇ ਹੋਏ ਕੰਮਾਂ ਦੀ ਇਕ ਸੂਚੀ ਵੀ ਤਿਆਰ ਕਰਕੇ ਲੋਕਾਂ ਦੇ ਸਾਹਮਣੇ ਰੱਖਣਗੇ। ਬਿਕਰਮ ਮਜੀਠੀਆ ਨੇ ਆਪਣੀ ਪਤਨੀ ਗਨੀਵ ਕੌਰ ਨੂੰ ਮਜੀਠਾ ਤੋਂ ਚੋਣ ਲੜਾਉਣ ਬਾਰੇ ਉਨ੍ਹਾਂ ਕਿਹਾ ਕਿ ਮੇਰੇ ਪਰਿਵਾਰ ਦੇ ਕਿਸੇ ਵੀ ਜੀਅ ਨੇ ਕਦੇ ਚੋਣ ਵਿੱਚ ਸ਼ਮੂਲੀਅਤ ਨਹੀਂ ਕੀਤੀ। ਇਹ ਫ਼ੈਸਲਾ ਉਸ ਵਾਸਤੇ ਵੀ ਅਚਨਚੇਤੀ ਲਿਆ ਇਕ ਵੱਡਾ ਫ਼ੈਸਲਾ ਹੈ।

 

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ

ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …