ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ
ਗੁਰਦਾਸਪੁਰ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ, ਸਾਬਕਾ ਖੇਤੀਬਾੜੀ ਮੰਤਰੀ ਤੇ 32 ਸਾਲ ਤੋਂ ਐਸਜੀਪੀਸੀ ਮੈਂਬਰ ਸੁੱਚਾ ਸਿੰਘ ਲੰਗਾਹ ‘ਤੇ ਆਪਣੀ ਧੀ ਦੀ ਸਹੇਲੀ ਨਾਲ ਜ਼ਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਮਾਮਲਾ ਦਰਜ ਹੋਣ ਪਿੱਛੋਂ ਲੰਗਾਹ ਨੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ, ਜਿਸ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਵਾਨ ਕਰ ਲਿਆ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਕੋਰ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਵੱਲੋਂ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਦਿੱਤੇ ਅਸਤੀਫ਼ੇ ਫ਼ੌਰੀ ਮਨਜ਼ੂਰ ਕਰ ਲਏ ਹਨ। ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਲੰਗਾਹ ਦਾ ਸੁਨੇਹਾ ਮਿਲਿਆ ਹੈ ਕਿ ਉਹ ਸਾਰੇ ਪਾਰਟੀ ਅਹੁਦਿਆਂ ਤੋਂ ਅਸਤੀਫ਼ੇ ਦੇ ਕੇ ਖੁਦ ਨੂੰ ਕਾਨੂੰਨੀ ਪ੍ਰਕਿਰਿਆ ਅੱਗੇ ਪੇਸ਼ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ, ”ਮੈਂ ਅਸਤੀਫ਼ਿਆਂ ਨੂੰ ਸਵੀਕਾਰ ਕਰ ਲਿਆ ਹੈ।” ਗੁਰਦਾਸਪੁਰ ਦੀ ਜੇਲ੍ਹ ਰੋਡ ਨਿਵਾਸੀ ਪੀੜਤ ਮਹਿਲਾ ਨੇ 28 ਸਤੰਬਰ ਨੂੰ ਐਸਐਸਪੀ ਐਚ ਐਸ ਭੁੱਲਰ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੇ ਪਤੀ ਦੀ ਅਪ੍ਰੈਲ 2008 ਵਿਚ ਮੌਤ ਹੋ ਗਈ ਸੀ। ਉਸਦੇ ਦੋ ਛੋਟੇ-ਛੋਟੇ ਬੱਚੇ ਹੋਣ ਕਾਰਨ ਉਨ੍ਹਾਂ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਉਸ ‘ਤੇ ਆ ਗਈ, ਜਿਸ ਕਾਰਨ ਉਸ ਨੂੰ ਨੌਕਰੀ ਦੀ ਬਹੁਤ ਜ਼ਰੂਰਤ ਸੀ। ਇਸੇ ਦੌਰਾਨ ਉਸ ਦੀ ਮੁਲਾਕਾਤ ਤਤਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨਾਲ ਹੋਈ। ਉਹ ਉਸ ਨਾਲ ਗਲਤ ਹਰਕਤਾਂ ਕਰਦਾ ਰਿਹਾ। ਉਸਦੀ ਸਿਆਸੀ ਪਹੁੰਚ ਕਾਰਨ ਉਹ ਇਹ ਗੱਲ ਕਿਸੇ ਨੂੰ ਦੱਸ ਨਹੀਂ ਸਕੀ। ਪੀੜਤਾ ਨੇ ਇਹ ਵੀ ਦੱਸਿਆ ਕਿ ਮੁਲਜ਼ਮ ਉਸ ਨੂੰ ਡਰਾਉਂਦਾ ਧਮਕਾਉਂਦਾ ਸੀ। ਪੀੜਤ ਮਹਿਲਾ ਨੇ ਦੱਸਿਆ ਕਿ ਉਹ ਕਈ ਵਾਰ ਉਸ ਨੂੰ ਕਿਸਾਨ ਭਵਨ ਚੰਡੀਗੜ੍ਹ ਵਿਚ ਬੁਲਾਉਂਦਾ ਸੀ ਅਤੇ ਕਈਆਂ ਹੋਰਨਾਂ ਥਾਵਾਂ ‘ਤੇ ਵੀ ਉਸ ਨਾਲ ਜਬਰ ਜਨਾਹ ਕਰਦਾ ਰਿਹਾ।
ਲੰਗਾਹ ਨੇ ਲਾਇਆ ਸਿਆਸੀ ਬਦਲਾਖੋਰੀ ਦਾ ਦੋਸ਼ : ਸੁੱਚਾ ਸਿੰਘ ਲੰਗਾਹ ਦਾ ਕਹਿਣਾ ਹੈ ਕਿ ਉਨ੍ਹਾਂ ‘ਤੇ ਦਰਜ ਜਬਰ ਜਨਾਹ ਦਾ ਪਰਚਾ ਸਿਆਸੀ ਬਦਲਾਖੋਰੀ ਦਾ ਸਿਖਰ ਹੈ। ਕਾਂਗਰਸ ਨੂੰ ਇਹ ਪਰਚਾ ਗੁਰਦਾਸਪੁਰ ਜ਼ਿਮਨੀ ਚੋਣ ‘ਚ ਜਿੱਤ ਹਾਸਲ ਕਰਨ ਲਈ ਕਰਵਾਇਆ ਹੈ। ਇਕ ਔਰਤ ਦੇ ਬਿਆਨ ‘ਤੇ ਕੁਝ ਘੰਟਿਆਂ ‘ਚ ਜਾਂਚ ਮੁਕੰਮਲ ਕਰਕੇ ਤੜਕਸਾਰ ਪਰਚਾ ਦਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਿਆਂ ਪ੍ਰਣਾਲੀ ਵਿਚ ਪੂਰਾ ਭਰੋਸਾ ਹੈ।
ਗੁਰਦਾਸਪੁਰ ‘ਚ ਕਿਰਾਏ ਦਾ ਮਕਾਨ ਦਿਵਾਇਆ
ਪੀੜਤਾ ਦੇ ਅਨੁਸਾਰ, ਲੰਗਾਹ ਨੇ ਹੀ ਉਸ ਨੂੰ ਗੁਰਦਾਸਪੁਰ ‘ਚ ਇੰਪਰੂਵਮੈਂਟ ਟਰੱਸਟ ਦੀ ਡੱਲਾ ਕਾਲੋਨੀ ‘ਚ ਫਲੈਟ ਨੰਬਰ 29-41 ਕਿਰਾਏ ‘ਤੇ ਦਿਵਾਇਆ। ਇਥੇ ਲੰਗਾਹ ਆਉਂਦਾ ਜਾਂਦਾ ਸੀ। ਇਸ ਫਲੈਟ ਦੇ ਮਾਲਕ ਵਿਦੇਸ਼ ‘ਚ ਹਨ। ਜਿਸ ਨੇ ਇਹ ਫਲੈਟ ਕਿਰਾਏ ‘ਤੇ ਦਿੱਤਾ, ਹੁਣ ਉਹ ਵੀ ਵਿਦੇਸ਼ ਸੈਟਲ ਹੋ ਚੁੱਕਾ ਹੈ।
ਬੇਟੇ ਦੇ ਐਕਸੀਡੈਂਟ ਤੋਂ ਬਾਅਦ ਦਹਿਸ਼ਤ
ਪੀੜਤਾ ਦੇ ਅਨੁਸਾਰ, ਇਕ ਵਾਰ ਉਸ ਦੇ ਬੇਟੇ ਦਾ ਐਕਸੀਡੈਂਟ ਹੋਇਆ ਤਾਂ ਉਸ ਨੇ ਲੰਗਾਹ ਨਾਲ ਗੱਲ ਕੀਤੀ। ਇਸ ‘ਤੇ ਲੰਗਾਹ ਨੇ ਕਿਹਾ ਐਕਸੀਡੈਂਟ ਹੀ ਹੋਇਆ, ਕਿਸੇ ਨੇ ਕਰਵਾਇਆ ਨਹੀਂ। ਲੰਗਾਹ ਦੀ ਇਸ ਗੱਲ ਤੋਂ ਉਹ ਬਹੁਤ ਡਰ ਗਈ ਅਤੇ ਉਸ ਨੂੰ ਲੱਗਿਆ ਕਿ ਜੇਕਰ ਉਹ ਲੰਗਾਹ ਦੇ ਖਿਲਾਫ਼ ਗਈ ਤਾਂ ਉਹ ਉਸਦੀ ਜਾਂ ਉਸਦੇ ਬੱਚੇ ਦੀ ਜਾਨ ਲੈ ਸਕਦਾ ਹੈ। ਲੰਗਾਹ ਨੇ ਉਸ ਨੂੰ ਗੁਰਦਾਸੁਪਰ ‘ਚ ਦਰਿਆ ਪਾਰ ਆਪਣੀ ਕੋਠੀ ‘ਚ ਵੀ ਕਈ ਵਾਰ ਬੁਲਾਇਆ। ਉਥੇ ਜਾਣ ‘ਤੇ ਉਸ ਨੂੰ ਲੱਗਿਆ ਕਿ ਲੰਗਾਹ ਉਸ ਦਾ ਕਤਲ ਕਰਵਾ ਕੇ ਡੈਡਬਾਡੀ ਗਾਇਬ ਕਰਵਾ ਸਕਦਾ ਹੈ। ਇਸ ਲਈ ਫਿਰ ਉਹ ਕਦੇ ਵੀ ਉਥੇ ਨਹੀਂ ਗਈ। ਲੰਗਾਹ ਜਦ ਵੀ ਮਿਲਦਾ ਤਾਂ ਉਸ ਨੂੰ ਡਰ ਲਗਦਾ ਸੀ ਕਿ ਇਸ ਲਈ ਉਹ ਕਿਸੇ ਨਾਲ ਗੱਲ ਨਹੀਂ ਕਰਦੀ ਸੀ, ਲੰਗਾਹ ਨੇ ਕਈ ਔਰਤਾਂ ਦਾ ਵੀ ਜੀਵਨ ਬਰਬਾਦ ਕੀਤਾ ਹੈ।
ਪਲਾਟ ਦੇ ਨਾਂ ‘ਤੇ ਜ਼ਮੀਨ ਵਿਕਵਾਉਣ ਦਾ ਆਰੋਪ
ਪੀੜਤਾ ਨੇ ਬਲਾਤਕਾਰ ਅਤੇ ਧਮਕਾਉਣ ਤੋਂ ਇਲਾਵਾ ਲੰਗਾਹ ‘ਤੇ ਉਸ ਨਾਲ ਧੋਖਾਧੜੀ ਕਰਨ ਅਤੇ ਉਸ ਦੇ ਪੈਸੇ ਦਬਾਅ ਲੈਣ ਦਾ ਆਰੋਪ ਵੀ ਲਗਾਇਆ। ਮਹਿਲਾ ਦੇ ਅਨੁਸਾਰ, ਲੰਗਾਹ ਨੇ ਚੰਡੀਗੜ੍ਹ ਇੰਡਸਟਰੀਅਲ ਏਰੀਆ ‘ਚ ਪਲਾਟ ਦਿਵਾਉਣ ਦਾ ਝਾਂਸਾ ਦੇ ਕੇ ਉਸ ਦੀ ਸੋਹਲ ਪਿੰਡ ‘ਚ ਪਈ 1 ਏਕੜ ਜ਼ਮੀਨ ਵਿਕਾ ਦਿੱਤੀ। ਇਸ ਦੇ ਲਈ ਪਹਿਲਾਂ ਸਿਪਾਹਿਆ ਨਾਮਕ ਵਿਅਕਤੀ ਤੋਂ 15 ਲੱਖ ‘ਚ ਬਿਆਨਾ ਕਰਵਾਇਆ ਪ੍ਰੰਤੂ ਫਿਰ ਜ਼ਮੀਨ ਵੇਚਣ ਨਹੀਂ ਦਿੱਤੀ।
ਇਹ ਬਿਆਨਾ ਧਾਰੀਵਾਲ ਦੀ ਲਾਲ ਕੋਠੀ ‘ਚ ਕਰਵਾਇਆ ਗਿਆ। ਇਸ ਦੇ ਲਈ ਉਸ ਨੂੰ 16 ਲੱਖ ਰੁਪਏ ਬਿਆਨੇ ਦੇ ਵਾਪਸ ਕਰਨੇ ਗਏ। ਫਿਰ ਐਡਵੋਕੇਟ ਗੁਰਦੇਵ ਸਿੰਘ ਸੋਹਲ ਨਾਮਕ ਵਿਅਕਤੀ ਨੂੰ ਉਹ ਜ਼ਮੀਨ 30 ਲੱਖ ਰੁਪਏ ‘ਚ ਵੇਚ ਦਿੱਤੀ। ਇਸ ਵਿਚੋਂ ਉਸ ਨੂੰ ਕੇਵਲ 4.05 ਲੱਖ ਰੁਪਏ ਮਿਲੇ, ਬਾਕੀ ਰਕਮ ਲੰਗਾਹ ਨੇ ਰੱਖ ਲਈ। ਇਸ ਤੋਂ ਬਾਅਦ ਜਦੋਂ ਉਸ ਨੂੰ ਪੈਸਿਆਂ ਦੀ ਲੋੜ ਪਈ ਤਾਂ ਲੰਗਾਹ ਨੇ ਆਪਣੇ ਰਸੂਖ ਦਾ ਇਸਤੇਮਾਲ ਕਰਦੇ ਹੋਏ ਲੰਗਾਹ ਜੱਟਾਂ ਪਿੰਡ ਦੇ ਸਹਿਕਾਰੀ ਬੈਂਕ ਤੋਂ ਉਸ ਦੇ ਨਾਮ ‘ਤੇ 8 ਲੱਖ ਰੁਪਏ ਦਾ ਲੋਨ ਪਾਸ ਕਰਵਾ ਦਿੱਤਾ। ਕਰਜ਼ੇ ਦੀ ਇਸ ਰਕਮ ‘ਚੋਂ ਕੇਵਲ ਉਸ ਨੂੰ 1 ਲੱਖ ਰੁਪਏ ਦਿੱਤੇ ਗਏ, ਬਾਕੀ 7 ਲੱਖ ਰੁਪਏ ਲੰਗਾਹ ਨੇ ਖੁਦ ਰੱਖ ਲਏ। ਲੰਗਾਹ ਨੇ ਪਿੰਡ ਸੋਹਲ ‘ਚ ਉਸਦਾ ਘਰ ਵੀ ਇਹ ਕਹਿ ਕੇ ਵਿਕਵਾ ਦਿੱਤਾ ਕਿ ਉਹ ਜਲੰਧਰ ‘ਚ ਫਲੈਟ ਲੈ ਕੇ ਦੇਵੇਗਾ। ਲੰਗਾਹ ਦੇ ਕਹਿਣ ‘ਤੇ ਹੀ ਉਸ ਨੇ ਆਪਣੀ ਬਦਲੀ ਜਲੰਧਰ ਕਰਵਾ ਲਈ।
ਲੰਗਾਹ ਨੂੰ ਪਾਰਟੀ ‘ਚੋਂ ਕੱਢਿਆ
ਗੁਰਦਾਸਪੁਰ : ਸੁੱਚਾ ਸਿੰਘ ਲੰਗਾਹ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਵਿਚੋਂ ਕੱਢ ਦਿੱਤਾ ਹੈ। ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸਦੀ ਪੁਸ਼ਟੀ ਕਰ ਦਿੱਤੀ ਹੈ। ਗੁਰਦਾਸਪੁਰ ਜ਼ਿਮਨੀ ਚੋਣ ਵਿਚ ਕਿਰਕਿਰੀ ਤੋਂ ਬਚਣ ਲਈ ਪਹਿਲਾਂ ਅਕਾਲੀ ਸੁੱਚਾ ਲੰਗਾਹ ਦੇ ਮਾਮਲੇ ਨੂੰ ਬਦਲਾਖੋਰੀ ਦੀ ਸਿਆਸਤ ਹੀ ਦੱਸਦੇ ਰਹੇ, ਫਿਰ ਅਕਾਲੀ ਦਲ ਨੇ ਲੰਗਾਹ ਦਾ ਵੀਡੀਓ ਵਾਇਰਲ ਹੋਣ ਦੇ 24 ਘੰਟਿਆਂ ਦੇ ਅੰਦਰ ਐਤਵਾਰ ਸ਼ਾਮ ਨੂੰ ਸੁਖਬੀਰ ਬਾਦਲ ਦੀ ਅਗਵਾਈ ਵਿਚ ਅੰਮ੍ਰਿਤਸਰ ਵਿਚ ਹੋਈ ਵਰਕਰਾਂ ਦੀ ਮੀਟਿੰਗ ਵਿਚ ਫੈਸਲਾ ਲਿਆ।
ਗੁਰਦਾਸਪੁਰ ‘ਚ ਅਕਾਲੀ-ਭਾਜਪਾ ਉਮੀਦਵਾਰ ਦੀ ਸਾਖ਼ ਨੂੰ ਲੱਗੀ ਢਾਹ
ਅੰਮ੍ਰਿਤਸਰ : ਸੁੱਚਾ ਸਿੰਘ ਲੰਗਾਹ ਖ਼ਿਲਾਫ਼ ਜਬਰ-ਜਨਾਹ ਦੇ ਦੋਸ਼ ਹੇਠ ਕੇਸ ਦਰਜ ਹੋਣ ਨਾਲ ਗੁਰਦਾਸਪੁਰ ਵਿੱਚ ਅਕਾਲੀ-ਭਾਜਪਾ ਉਮੀਦਵਾਰ ਦੀ ਸਾਖ਼ ਨੂੰ ਢਾਹ ਲੱਗ ਸਕਦੀ ਹੈ। ਇਸ ਮਾਮਲੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਅਤੇ ਲੰਗਾਹ ਨੂੰ ਪਾਰਟੀ ਵਿੱਚੋਂ ਕੱਢਣ ਦੀ ਮੰਗ ਉੱਠੀ ਹੈ। ਅਕਾਲੀ-ਭਾਜਪਾ ਆਗੂਆਂ ਵੱਲੋਂ ਗੁਰਦਾਸਪੁਰ ਵਿੱਚ ਚੋਣ ਪ੍ਰਚਾਰ ਜ਼ੋਰਾਂ ‘ਤੇ ਸੀ, ਪਰ ਲੰਗਾਹ ਖ਼ਿਲਾਫ਼ ਕੇਸ ਦਰਜ ਹੋਣ ਨਾਲ ਗੱਠਜੋੜ ਨੂੰ ਹੁਣ ਬਚਾਅ ਰੁਖ ਅਖ਼ਤਿਆਰ ਕਰਨ ‘ਤੇ ਧਿਆਨ ਦੇਣਾ ਪੈ ਰਿਹਾ ਹੈ, ਜਿਸ ਦਾ ਸਿੱਧਾ ਲਾਭ ਕਾਂਗਰਸੀ ਉਮੀਦਵਾਰ ਨੂੰ ਹੋਣ ਦੀ ਸੰਭਾਵਨਾ ਹੈ। ਅਕਾਲੀ ਦਲ ਨੇ ਲੰਗਾਹ ਨੂੰ ਚੋਣ ਪ੍ਰਚਾਰ ਕਮੇਟੀ ਦਾ ਮੁਖੀ ਵੀ ਬਣਾਇਆ ਹੋਇਆ ਸੀ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਟਿੱਕਾ ਨੇ ਆਖਿਆ ਕਿ ਅਕਾਲੀ ਦਲ ਦੇ ਸਾਬਕਾ ਮੰਤਰੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਖ਼ਿਲਾਫ਼ ਜਬਰ-ਜਨਾਹ ਵਰਗੇ ਮਾਮਲੇ ਵਿੱਚ ਕੇਸ ਦਰਜ ਹੋਣ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਨੈਤਿਕ ਆਧਾਰ ‘ਤੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
ਵੋਟਾਂ ਭਾਜਪਾ ਨੂੰ ਪਾਇਓ : ਲੰਗਾਹ
ਚੰਡੀਗੜ੍ਹ : ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਆਤਮ ਸਮਰਪਣ ਕਰਨ ਲਈ ਆਏ ਲੰਗਾਹ ਦਾ ਜਦ ਪੱਤਰਕਾਰਾਂ ਨੇ ਪੱਖ ਜਾਣਨਾ ਚਾਹਿਆ ਤਾਂ ਉਸ ਨੇ ਇਹੋ ਕਿਹਾ ਕਿ ਉਸ ਦਾ ਪਾਰਟੀ ਵਰਕਰਾਂ ਨੂੰ ਸੰਦੇਸ਼ ਹੈ ਕਿ ਗੁਰਦਾਸਪੁਰ ਜ਼ਿਮਨੀ ਚੋਣ ਲਈ ਇੱਕ-ਇੱਕ ਵੋਟ ਭਾਜਪਾ ਨੂੰ ਪਾਉਣ। ਲੰਗਾਹ ਦੇ ਟਿਕਾਣਿਆਂ ‘ਤੇ ਪਿਛਲੇ 3 ਦਿਨਾਂ ਤੋਂ ਛਾਪੇ ਮਾਰਨ ਦਾ ਦਾਅਵਾ ਕਰਨ ਵਾਲੀ ਗੁਰਦਾਸਪੁਰ ਪੁਲਿਸ ਦੇ ਦਾਅਵਿਆਂ ਦੀ ਵੀ ਉਦੋਂ ਪੋਲ ਖੁੱਲ੍ਹ ਗਈ ਜਦ ਲੰਗਾਹ ਖ਼ੁਦ ਚੰਡੀਗੜ੍ਹ ਸਮਰਪਣ ਕਰਨ ਆ ਪੁੱਜਾ।
ਸੁੱਚਾ ਸਿੰਘ ਲੰਗਾਹ ਨੇ ਕਕਾਰਾਂ ਦੀ ਕੀਤੀ ਬੇਅਦਬੀ
ਚੰਡੀਗੜ੍ਹ : ਸੁੱਚਾ ਸਿੰਘ ਲੰਗਾਹ ਜਿਸਦਾ ਨਾਮ ਸਿਆਸਤ ਵਿਚ ਵੀ ਵੱਡਾ ਹੈ ਤੇ ਉਹ ਅੰਮ੍ਰਿਤਧਾਰੀ ਹੋਣ ਦੇ ਨਾਲ ਸ਼੍ਰੋਮਣੀ ਕਮੇਟੀ ਦਾ ਮੈਂਬਰ ਵੀ ਹੈ ਪਰ ਕੰਮ ਚੰਗੇ ਨਹੀਂ। ਲੰਗਾਹ ਬਾਰੇ ਜਿਹੜਾ ਵੀਡੀਓ ਵਾਇਰਲ ਹੋਇਆ ਹੈ, ਉਸ ਅਨੁਸਾਰ ਲੰਗਾਹ ਨੇ ਕਕਾਰਾਂ ਦੀ ਵੀ ਰੱਜ ਕੇ ਬੇਅਦਬੀ ਕੀਤੀ ਹੈ। ਸਿਆਸੀ ਸਰਪ੍ਰਸਤੀ ਦੀ ਛੱਤਰੀ ਹੇਠ ਅਜਿਹੇ ਕੰਮ ਕਰਨੇ, ਆਮ ਜਨਤਾ ਨੂੰ ਕੀ ਇਨਸਾਫ ਦਿਵਾ ਸਕਦੇ ਹਨ। ਲੰਗਾਹ ਬਾਰੇ ਬਲਾਤਕਾਰ ਦਾ ਵੀਡੀਓ ਵਾਇਰਲ ਹੋਣ ਨਾਲ ਸਿੱਖ ਕੌਮ ਦਾ ਸਿਰ ਵੀ ਨੀਵਾਂ ਹੋਇਆ ਹੈ। ਲੰਗਾਹ ਮਾਮਲੇ ‘ਚ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ 5 ਅਕਤੂਬਰ ਨੂੰ ਹੋ ਰਹੀ ਹੈ। ਇਸ ਮੀਟਿੰਗ ਵਿਚ ਲੰਗਾਹ ਖਿਲਾਫ ਸਖਤ ਕਦਮ ਚੁੱਕੇ ਜਾਣ ਦੀ ਉਮੀਦ ਹੈ।
ਵਿਵਾਦਾਂ ਨਾਲ ਪੁਰਾਣਾ ਵਾਹ ਹੈ ਸੁੱਚਾ ਸਿੰਘ ਲੰਗਾਹ ਦਾ
ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਮਾਝੇ ਨਾਲ ਸਬੰਧਤ ਆਗੂ ਸੁੱਚਾ ਸਿੰਘ ਲੰਗਾਹ ਦਾ ਵਿਵਾਦਾਂ ਨਾਲ ਵਾਹ ਕੋਈ ਨਵੀਂ ਗੱਲ ਨਹੀਂ। ਉਹ ਆਪਣੇ ਇਲਾਕੇ ਵਿੱਚ ਭਾਵੇਂ ਮਕਬੂਲ ਹੋਣ ਪਰ ਢਾਈ ਦਹਾਕਿਆਂ ਤੋਂ ਉਹ ਕਿਸੇ ਨਾ ਕਿਸੇ ਵਿਵਾਦ ਵਿਚ ਘਿਰਦੇ ਆ ਰਹੇ ਹਨ। ਇਹ ਵੱਖਰੀ ਗੱਲ ਹੈ ਕਿ ਹੁਣ ਉਨ੍ਹਾਂ ‘ਤੇ ਬਲਾਤਕਾਰ ਸਮੇਤ ਹੋਰ ਸੰਗੀਨ ਦੋਸ਼ ਲੱਗੇ ਹਨ ਜਿਨ੍ਹਾਂ ਵਿਚੋਂ ਬਚਾਅ ਸੌਖਾ ਨਹੀਂ ਜਾਪਦਾ। ਪੁਲਿਸ ਤੇ ਸਰਕਾਰ ਨੇ ਮੁਢਲੀਆਂ ਸ਼ਰਤਾਂ ਪੂਰੀਆਂ ਕਰਨ ਬਾਅਦ ਹੀ ਇਸ ਅਕਾਲੀ ਆਗੂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਹੈ। ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਪਹਿਲੇ ਕਾਰਜਕਾਲ (2002-2007) ਦੌਰਾਨ ਵੀ ਲੰਗਾਹ ਖ਼ਿਲਾਫ਼ ਭ੍ਰਿਸ਼ਟਾਚਾਰ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਹੋਇਆ ਸੀ। ਇਸ ਮਾਮਲੇ ਵਿਚ ਮੁਹਾਲੀ ਦੀ ਅਦਾਲਤ ਨੇ ਸਜ਼ਾ ਵੀ ਸੁਣਾਈ ਹੈ ਪਰ ਸੁਪਰੀਮ ਕੋਰਟ ਵਿਚੋਂ ਰਾਹਤ ਮਿਲਣ ਬਾਅਦ ਹੀ ਉਹ ਲੰਘੀਆਂ ਵਿਧਾਨ ਸਭਾ ਚੋਣਾਂ ਲੜਨ ਵਿਚ ਕਾਮਯਾਬ ਹੋਏ ਸਨ। ਇਸ ਅਕਾਲੀ ਆਗੂ ਨੂੰ ਪਾਰਟੀ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀਆਂ ਵਿੱਚੋਂ ਮੰਨਿਆ ਜਾਂਦਾ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਲੰਗਾਹ ਦਾ ਪੱਖ ਲਿਆ ਹੈ ਪਰ ਹੁਣ ਹਾਲਾਤ ਹੀ ਕੁੱਝ ਅਜਿਹੇ ਬਣ ਗਏ ਹਨ ਕਿ ਬਾਦਲ ਪਰਿਵਾਰ ਵੀ ਬੇਵੱਸ ਦਿਖਾਈ ਦੇ ਰਿਹਾ ਹੈ। ਸੂਤਰਾਂ ਮੁਤਾਬਕ ਜਦੋਂ ਬਲਾਤਕਾਰ ਦਾ ਇਹ ਮਾਮਲਾ ਸਾਹਮਣੇ ਆਇਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪਹਿਲਾਂ ਤਾਂ ਆਪਣੇ ਤੌਰ ‘ਤੇ ਇੱਕ ਕਮੇਟੀ ਕਾਇਮ ਕਰਕੇ ਜਾਂਚ ਕਰਾਉਣ ਦਾ ਫੈਸਲਾ ਕੀਤਾ ਤਾਂ ਜੋ ਸੰਕਟ ਦੀ ਘੜੀ ਵਿਚ ਇਸ ਨੇਤਾ ਦਾ ਅਸਿੱਧੇ ਢੰਗ ਨਾਲ ਸਾਥ ਦਿੱਤਾ ਜਾਵੇ। ਪਰ ਪ੍ਰਕਾਸ਼ ਸਿੰਘ ਬਾਦਲ ਨੇ ਮਸ਼ਵਰਾ ਦਿੱਤਾ ਕਿ ਹਾਲ ਦੀ ਘੜੀ ਲੰਗਾਹ ਨੂੰ ਸਾਰੇ ਅਹੁਦਿਆਂ ਤੋਂ ਲਾਹ ਦੇਣ ਵਿਚ ਹੀ ਪਾਰਟੀ ਦੀ ਭਲਾਈ ਹੈ। ਵੱਡੇ ਬਾਦਲ ਦੇ ਮਸ਼ਵਰੇ ਬਾਅਦ ਹੀ ਲੰਗਾਹ ਨੂੰ ਅਸਤੀਫ਼ਾ ਦੇਣ ਲਈ ਕਿਹਾ ਗਿਆ ਅਤੇ ਛੋਟੇ ਬਾਦਲ ਨੇ ਅਸਤੀਫਾ ਤੁਰੰਤ ਮਨਜ਼ੂਰ ਵੀ ਕਰ ਲਿਆ।
ਲੰਗਾਹ ਨੇ ਕੀਤੇ ਹਨ ਦੋ ਵਿਆਹ
ਦਸਵੀਂ ਪਾਸ 61 ਸਾਲਾ ਸੁੱਚਾ ਸਿੰਘ ਲੰਗਾਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਆਗੂਆਂ ‘ਚੋਂ ਇਕ ਹਨ। ਮਾਝਾ ‘ਚ ਉਨ੍ਹਾਂ ਦੀ ਆਪਣੀ ਇਕ ਅਲੱਗ ਪਹਿਚਾਣ ਹੈ ਅਤੇ ਉਨ੍ਹਾਂ ਦੇ ਕੱਦ ਨੂੰ ਦੇਖਦੇ ਹੋਏ ਹੀ ਉਨ੍ਹਾਂ ਨੂੰ ਪਾਰਟੀ ‘ਚ ਕਈ ਅਹਿਮ ਅਹੁਦਿਆਂ ਦੀ ਜ਼ਿੰਮੇਵਾਰੀ ਸੌਂਪੀ ਜਾਂਦੀ ਰਹੀ ਹੈ। ਲੰਗਾਹ 1997 ਤੋਂ 2002 ਤੱਕ ਬਾਦਲ ਦੀ ਅਗਵਾਈ ਵਾਲੀ ਸਰਕਾਰ ‘ਚ ਲੋਕ ਨਿਰਮਾਣ ਮੰਤਰੀ ਰਹੇ। ਇਸ ਤੋਂ ਬਾਅਦ 2007 ਤੋਂ 2012 ਤੱਕ ਦੀ ਅਕਾਲੀ-ਭਾਜਪਾ ਸਰਕਾਰ ‘ਚ ਉਹ ਖੇਤੀਬਾੜੀ ਮੰਤਰੀ ਬਣੇ, 2012 ਵਿਧਾਨ ਚੋਣਾਂ ‘ਚ ਉਹ ਡੇਰਾ ਬਾਬਾ ਨਾਨਕ ਸੀਟ ਤੋਂ ਕਾਂਗਰਸ ਦੇ ਸੁਖਜਿੰਦਰ ਰੰਧਾਵਾ ਤੋਂ ਹਾਰ ਗਏ। ਲੰਗਾਹ ਪਿੰਡ ਦੇ ਰਹਿਣ ਵਾਲੇ ਲੰਗਾਹ ਦੇ ਪਿਤਾ ਦਾ ਨਾਮ ਤਾਰਾ ਸਿੰਘ ਹੈ। ਲੰਗਾਹ ਨੇ ਦੋ ਵਿਆਹ ਕਰਵਾਏ ਅਤੇ ਉਨ੍ਹਾਂ ਦੇ ਦੋ ਬੇਟੇ ਅਤੇ ਦੋ ਬੇਟੀਆਂ ਹਨ। ਉਨ੍ਹਾਂ ਦੀ ਪਹਿਲੀ ਪਤਨੀ ਧਾਰੀਵਾਲ ‘ਚ ਰਹਿੰਦੀ ਹੈ ਜਦਕਿ ਦੂਜੀ ਪਤਨੀ ਨਰਿੰਦਰ ਕੌਰ ਲੰਗਾਹ ਨਵਾਂਗਾਓਂ ਚੰਡੀਗੜ੍ਹ ‘ਚ ਰਹਿੰਦੀ ਹੈ।