ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਦਾ ਭਰਾ ਰਾਜਨ ਗਿੱਲ ਅਕਾਲੀ ਦਲ ’ਚ ਸ਼ਾਮਲ
ਅੰਮਿ੍ਰਤਸਰ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਲਈ ਆਉਂਦੀ 20 ਫਰਵਰੀ ਨੂੰ ਵੋਟਾਂ ਪੈਣੀਆਂ ਹਨ ਪ੍ਰੰਤੂ ਉਸ ਤੋਂ ਪਹਿਲਾਂ ਪੰਜਾਬ ਕਾਂਗਰਸ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦੋਂ ਕਾਂਗਰਸੀ ਸੰਸਦ ਜਸਬੀਰ ਸਿੰਘ ਡਿੰਪਾ ਦਾ ਭਰਾ ਰਾਜਨ ਗਿੱਲ ਆਪਣੇ ਸਾਥੀਆਂ ਸਮੇਤ ਸ਼ੋ੍ਰਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਰਾਜਨ ਗਿੱਲ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਟਿਕਟ ਨਾ ਦਿੱਤੇ ਜਾਣ ਕਾਰਨ ਕਾਂਗਰਸ ਪਾਰਟੀ ਨਾਲ ਨਾਰਾਜ਼ ਚੱਲ ਰਹੇ ਸਨ, ਜਿਸ ਦੇ ਚਲਦਿਆਂ ਉਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਸ਼ੋ੍ਰਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਨਵਜੋਤ ਸਿੰਘ ਸਿੱਧੂ ’ਤੇ ਤੰਜ ਕਸਦਿਆਂ ਕਿਹਾ ਕਿ ਸਿੱਧੂ ਦੀ ਹੈਂਕੜਬਾਜ਼ੀ ਕਾਰਨ ਕਾਂਗਰਸ ਪਾਰਟੀ ਖਤਮ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਿੱਧੂ ਦੀ ਮੈਂ ਕਾਰਨ ਕਾਂਗਰਸ ਪਾਰਟੀ ਅੰਦਰ ਕੋਈ ਅਨੁਸ਼ਾਸਨ ਨਹੀਂ ਰਿਹਾ ਅਤੇ ਕਾਂਗਰਸ ਦੀਆਂ ਜੜ੍ਹਾਂ ਪੂਰੀ ਤਰ੍ਹਾਂ ਹਿੱਲ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਰਾਜਨ ਗਿੱਲ ਦੇ ਸ਼ੋ੍ਰਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਨਾਲ ਮਾਝੇ ਵਿਚ ਅਕਾਲੀ ਦਲ ਦੀ ਪਕੜ ਹੁਣ ਹੋਰ ਮਜ਼ਬੂਤ ਹੋ ਗਈ ਹੈ।