
ਕਾਂਗਰਸ ‘ਮਨਰੇਗਾ’ ਨੂੰ ਲੈ ਕੇ ਪੂਰੇ ਦੇਸ਼ ’ਚ ਲੜੇਗੀ ਲੜਾਈ
ਲੁਧਿਆਣਾ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ‘ਮਨੇਰਗਾ’ ਨੂੰ ਲੈ ਕੇ ਲੁਧਿਆਣਾ ਵਿਚ ਪ੍ਰੈਸ ਕਾਨਫਰੰਸ ਕੀਤੀ ਹੈ। ਪ੍ਰੈਸ ਕਾਨਫਰੰਸ ਦੌਰਾਨ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ‘ਮਨਰੇਗਾ’ ਨੂੰ ਲੈ ਕੇ ਪੂਰੇ ਦੇਸ਼ ਵਿਚ ਲੜਾਈ ਲੜੇਗੀ। ਉਨ੍ਹਾਂ ਕਿਹਾ ਕਿ ਮਨਰੇਗਾ ਨਾਲ ਹੀ ਗਰੀਬਾਂ ਦਾ ਚੁੱਲ੍ਹਾ ਬਲਦਾ ਹੈ ਅਤੇ ਪਿੰਡਾਂ ਵਿਚ ਵਿਕਾਸ ਦੀ ਦੇਣ ਵੀ ਮਨਰੇਗਾ ਹੀ ਹੈ। ਰਾਜਾ ਵੜਿੰਗ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ’ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਇਹ ਸਰਕਾਰ ਮਨੇਰਗਾ ਸਕੀਮ ਨੂੰ ਬੰਦ ਕਰਨਾ ਚਾਹੁੰਦੀ ਹੈ। ਵੜਿੰਗ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਦੀ ਸਰਕਾਰ ‘ਮਨਰੇਗਾ’ ਸਕੀਮ ਨੂੰ ਲੈ ਕੇ ਆਈ ਸੀ ਕਿ ਇੱਥੇ ਹਰ ਵਰਗ ਦੇ ਲੋਕਾਂ ਨੂੰ ਕੰਮ ਮਿਲੇ। ਉਨ੍ਹਾਂ ਕਿਹਾ ਕਿ ਹੁਣ ਭਾਜਪਾ ਇਸ ਸਕੀਮ ਦਾ ਨਾਮ ਬਦਲ ਕੇ ਆਪਣਾ ਲੇਬਲ ਲਗਾ ਰਹੀ ਹੈ। ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਹੁਣ ਆਮ ਆਦਮੀ ਪਾਰਟੀ ਅਤੇ ਭਾਜਪਾ ਆਗੂਆਂ ਦੇ ਘਰ ਘੇਰੇਗੀ ਅਤੇ 8 ਜਨਵਰੀ ਨੂੰ ਗੁਰਦਾਸਪੁਰ ਤੋਂ ਰੋਸ ਪ੍ਰਦਰਸ਼ਨ ਵੀ ਸ਼ੁਰੂ ਕਰੇਗੀ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵਲੋਂ ‘ਮਨਰੇਗਾ’ ਦਾ ਨਾਮ ਬਦਲ ਕੇ ‘ਵਿਕਸਤ ਭਾਰਤ-ਜੀ ਰਾਮ ਜੀ’ ਕੀਤਾ ਜਾ ਰਿਹਾ ਹੈ।

