Breaking News
Home / ਪੰਜਾਬ / ਬੇਅਦਬੀ ਦੀਆਂ ਘਟਨਾਵਾਂ ਰੋਕਣ ਲਈ ਧਾਰਮਿਕ ਸਥਾਨਾਂ ਦੁਆਲੇ ਸੀਸੀਟੀਵੀ ਕੈਮਰੇ ਲਾਉਣ ਦੇ ਹੁਕਮ

ਬੇਅਦਬੀ ਦੀਆਂ ਘਟਨਾਵਾਂ ਰੋਕਣ ਲਈ ਧਾਰਮਿਕ ਸਥਾਨਾਂ ਦੁਆਲੇ ਸੀਸੀਟੀਵੀ ਕੈਮਰੇ ਲਾਉਣ ਦੇ ਹੁਕਮ

ਚੰਡੀਗੜ੍ਹ : ਕੈਪਟਨ ਸਰਕਾਰ ਨੇ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸੂਬਾ ਭਰ ਵਿੱਚ ਧਾਰਮਿਕ ਥਾਵਾਂ ਦੇ ਆਲੇ-ਦੁਆਲੇ ਅਤੇ ਹੋਰ ਅਹਿਮ ਟਿਕਾਣਿਆਂ ‘ਤੇ ਸੀਸੀ ਟੀਵੀ ਕੈਮਰੇ ਲਾਉਣ ਦੇ ਹੁਕਮ ਦਿੱਤੇ ਹਨ। ਸੂਬਾ ਸਰਕਾਰ ਨੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਨਗਰ ਨਿਗਮਾਂ ਨੂੰ ਸਾਰੇ ਗੁਰਦੁਆਰਿਆਂ, ਮਸਜਿਦਾਂ, ਮੰਦਰਾਂ, ਚਰਚਾਂ ਦੀਆਂ ਇਮਾਰਤਾਂ ਦੇ ਆਲੇ-ਦੁਆਲੇ, ਪਿੰਡ ਦੇ ਪ੍ਰਮੁੱਖ ਟਿਕਾਣਿਆਂ ਅਤੇ ਨਿਗਮਾਂ ਦੀ ਹਦੂਦ ਅੰਦਰ ਸੀਸੀਟੀਵੀ ਕੈਮਰੇ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਫੈਸਲਾ ਸੂਬੇ ਵਿੱਚ ਧਾਰਮਿਕ ਥਾਵਾਂ ਦੇ ਨੇੜੇ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਸੂਬੇ ਦੇ ਅਮਨ ਚੈਨ ਨੂੰ ਢਾਹ ਲਾਉਣ ਵਾਲੀ ਕਿਸੇ ਹੋਰ ਅਣਸੁਖਾਵੀਂ ਘਟਨਾ ਨੂੰ ਰੋਕਣ ਦੇ ਮੱਦੇਨਜ਼ਰ ਲਿਆ ਗਿਆ ਹੈ। ਪਿੰਡਾਂ ਦੀਆਂ ਪੰਚਾਇਤਾਂ ਅਤੇ ਨਗਰ ਨਿਗਮ ਵੱਲੋਂ ਆਪਣੇ ਫੰਡਾਂ ਵਿੱਚੋਂ ਗੁਰਦੁਆਰਿਆਂ, ਮੰਦਰਾਂ, ਚਰਚਾਂ ਅਤੇ ਮਸਜਿਦਾਂ ਦੀਆਂ ਇਮਾਰਤਾਂ ਦੇ ਆਲੇ-ਦੁਆਲੇ ਸੀਸੀਟੀਵੀ ਕੈਮਰੇ ਲਗਵਾਏ ਜਾਣਗੇ।
ਮਜੀਠੀਆ ਅਤੇ ਸਿੱਧੂ ਦੀ ਫਲਾਂਇੰਗ ਕਿਸ
ਵਿਧਾਨ ਸਭਾ ‘ਚ ਬੇਅਦਬੀ ਮਾਮਲੇ ਨੂੰ ਲੈ ਕੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਤੇ ਬਹਿਸ ਦੇ ਦੌਰਾਨ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਜਮ ਕੇ ਸੁਖਬੀਰ ਬਾਦਲ ‘ਤੇ ਵਰ੍ਹੇ। ਇਸ ਤੋਂ ਬਾਅਦ ਜਾਂਦੇ ਸਮੇਂ ਜਦੋਂ ਸਿੱਧੂ, ਸੁਖਬੀਰ ਬਾਦਲ ਅਤੇ ਮਜੀਠੀਆ ਆਹਮੋ-ਸਾਹਮਣੇ ਆਏ ਤਾਂ ਸਿੱਧੂ ਨੇ ਆਪਣੀ ਜਿੱਤ ਦਾ ਅਹਿਸਾਸ ਕਰਾਉਂਦੇ ਹੋਏ ਮਜੀਠੀਆ ਨੂੰ ਜ਼ੋਰ ਨਾਲ ਫਲਾਇੰਗ ਕਿਸ ਕੀਤੀ। ਇਹ ਦੇਖ ਮਜੀਠੀਆ ਬਿਨਾ ਜਵਾਬ ਦਿੱਤੇ ਚੁੱਪਚਾਪ ਨਿਕਲ ਗਏ। ਅਗਲੇ ਦਿਨ ਬਹਿਸ ਦੇ ਲਈ ਘੱਟ ਸਮਾਂ ਦਿੱਤੇ ਜਾਣ ਦਾ ਵਿਰੋਧ ਕਰਨ ਤੋਂ ਬਾਅਦ ਵਾਪਸ ਆਉਂਦੇ ਸਮੇਂ ਮਜੀਠੀਆ ਅਤੇ ਸਿੱਧੂ ਆਹਮੋ-ਸਾਹਮਣੇ ਹੋਏ ਤਾਂ ਮਜੀਠੀਆ ਨੇ ਵੀ ਆਪਣੀ ਜਿੱਤ ਦਾ ਅਹਿਸਾਸ ਕਰਦੇ ਹੋਏ ਸਿੱਧੂ ਨੂੰ ਫਲਾਂਇੰਗ ਕਿਸ ਕਰਕੇ ਆਪਣੀ ਭੜਾਸ ਕੱਢੀ।
ਸੁਮੇਧ ਸੈਣੀ ਨਿਸ਼ਾਨੇ ‘ਤੇ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਤੋਂ ਬਾਅਦ ਬਹਿਬਲਕਲਾਂ ‘ਚ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ‘ਤੇ ਗੋਲੀ ਚਲਾਉਣ ਦੇ ਹੁਕਮ ਨੂੰ ਲੈ ਕੇ ਤਤਕਾਲੀਨ ਡੀਜੀਪੀ ਸੁਮੇਧ ਸੈਣੀ ‘ਤੇ ਸਖਤ ਕਾਰਵਾਈ ਦੀ ਮੰਗ ਉਠਣ ਤੋਂ ਬਾਅਦ ਆਈਏਐਸ ਅਤੇ ਆਈਪੀਐਸ ਲਾਬੀ ਸਕਤੇ ‘ਚ ਹੈ। ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਸੈਣੀ ‘ਤੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਸੈਣੀ ਦੇ ਖਿਲਾਫ਼ ਲੋਕਾਂ ‘ਚ ਵਧਦੇ ਰੋਸ ਨੂੰ ਦੇਖਦੇ ਹੋਏ ਆਈਏਐਸ ਅਤੇ ਆਈਪੀਐਸ ਲਾਬੀ ਵੀ ਸਕਤੇ ‘ਚ ਹੈ ਅਤੇ ਹਰ ਕੰਮ ਦੇ ਲਈ ਸੋਚ-ਸਮਝ ਕੇ ਕਦਮ ਚੁੱਕ ਰਹੀ ਹੈ ਤਾਂ ਕਿ ਉਨ੍ਹਾਂ ਤੋਂ ਵੀ ਕੋਈ ਅਜਿਹਾ ਫੈਸਲਾ ਨਾ ਹੋ ਜਾਵੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇ।
ਨਵਜੋਤ ਸਿੰਘ ਸਿੱਧੂ ਬੁਰੇ ਫਸੇ
ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਦੌਰਾਨ ਉਥੋਂ ਦੇ ਫੌਜ ਮੁਖੀ ਬਾਜਵਾ ਨੂੰ ਗਲੇ ਮਿਲਣ ਕਾਰਨ ਵਿਰੋਧ ਦਾ ਸਾਹਮਣਾ ਕਰ ਰਹੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਬਹਾਨੇਬਾਜ਼ੀ ਸਾਹਮਣੇ ਆ ਗਈ ਹੈ। ਸਿੱਧੂ ਨੇ ਸ਼ਹੀਦ ਪਰਿਵਾਰਾਂ ਦੇ ਵਿਰੋਧ ਤੋਂ ਬਚਣ ਲਈ ਕਿਹਾ ਕਿ ਬਾਜਵਾ ਨੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦਾ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ,ਜਿਸ ਕਾਰਨ ਖੁਸ਼ੀ ‘ਚ ਉਹ ਆਪਣੇ ਆਪ ਨੂੰ ਰੋਕ ਨਹੀਂ ਸੀ ਅਤੇ ਬਾਜਵਾ ਨੂੰ ਜੱਫੀ ਪਾ ਲਈ। ਉਧਰ ਪਾਕਿਸਤਾਨ ਨੇ ਸਾਫ਼ ਕਰ ਦਿੱਤਾ ਕਿ ਕਰਤਾਰਪੁਰ ਸਾਹਿਬ ਲਾਂਘਾ ਕਿਸੇ ਇਕ ਘਟਨਾ ਦੇ ਚਲਦੇ ਨਹੀਂ ਖੋਲ੍ਹਿਆ ਜਾ ਸਕਦਾ। ਇਹ ਦੋਵੇਂ ਦੇਸ਼ਾਂ ਦਾ ਮਸਲਾ ਹੈ ਅਤੇ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਦਰਮਿਆਨ ਗੱਲਬਾਤ ਤੋਂ ਬਾਅਦ ਕੋਈ ਫੈਸਲਾ ਲਿਆ ਜਾ ਸਕਦਾ ਹੈ। ਪਾਕਿਸਤਾਨ ਦੇ ਇਸ ਰੁਖ ਕਾਰਨ ਸਿੱਧੂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ।
ਮੰਤਰੀ ਦੇ ਵਿਜ਼ਟਿੰਗ ਕਾਰਡ ‘ਤੇ ਜ਼ਿਆਦਾ ਭਰੋਸਾ
ਸਰਕਾਰੀ ਵਿਭਾਗਾਂ ‘ਚ ਕੰਮ ਕਰਵਾਉਣ ਦੇ ਲਈ ਆ ਰਹੇ ਲੋਕਾਂ ਨੂੰ ਮੰਤਰੀਆਂ ਦੇ ਲੈਟਰ ਤੋਂ ਜ਼ਿਆਦਾ ਭਰੋਸਾ ਉਨ੍ਹਾਂ ਦੇ ਵਿਜ਼ਟਿੰਗ ਕਾਰਡ ‘ਤੇ ਹੈ। ਇਹੀ ਕਾਰਨ ਹੈ ਕਿ ਜਦੋਂ ਉਹ ਕਿਸੇ ਮੰਤਰੀ ਦੇ ਕੋਲ ਸਿਫ਼ਾਰਸ਼ ਦੇ ਲਈ ਜਾਂਦੇ ਹਨ ਤਾਂ ਮੰਤਰੀ ਜੀ ਦੇ ਇਹ ਕਹਿਣ ‘ਤੇ ਕਿ ਉਹ ਲੈਟਰ ਲਿਖ ਦਿੰਦੇ ਹਨ ਤਾਂ ਲੋਕ ਤੁਰੰਤ ਮਨ੍ਹਾਂ ਕਰ ਦਿੰਦੇ ਹਨ। ਉਹ ਮੰਤਰੀ ਜੀ ਨੂੰ ਕਹਿੰਦੇ ਹਨ ਕਿ ਲੈਟਰ ਆਉਂਦਾ ਰਹੇਗਾ, ਤੁਸੀਂ ਸਿਰਫ਼ ਆਪਣੇ ਵਿਜ਼ਟਿੰਗ ਕਾਰਡ ‘ਤੇ ਸਾਈਨ ਕਰਕੇ ਦੇ ਦਿਓ। ਬਾਕੀ ਸਭ ਅਸੀਂ ਸੰਭਾਲ ਲਵਾਂਗੇ।

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …