
ਪਟਿਆਲਾ/ਬਿਊਰੋ ਨਿਊਜ਼
ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਨਸ਼ਿਆਂ ਦੇ ਮਾਮਲੇ ’ਚ ਜਾਂਚ ਢਿੱਲੀ ਰਫਤਾਰ ਨਾਲ ਅੱਗੇ ਵਧਣ ਕਾਰਨ ਆਲੋਚਨਾ ਦਾ ਸਾਹਮਣਾ ਕਰ ਰਹੀ ਪੰਜਾਬ ਪੁਲਿਸ ਨੇ ਵਿਸ਼ੇਸ਼ ਜਾਂਚ ਟੀਮ (ਸਿੱਟ) ਦੇ ਮੁਖੀ ਅਤੇ ਉਸਦੇ ਦੋ ਹੋਰ ਮੈਂਬਰਾਂ ਨੂੰ ਮੁੜ ਬਦਲ ਦਿੱਤਾ ਹੈ। ਕਾਂਗਰਸ ਹਕੂਮਤ ਸਮੇਂ ਦਸੰਬਰ 2021 ਦੌਰਾਨ ਮਜੀਠੀਆ ਖਿਲਾਫ ਦਰਜ ਮਾਮਲੇ ਦੀ ਜਾਂਚ ਲਈ ਇਹ ਪੰਜਵੀਂ ਸਿੱਟ ਬਣਾਈ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਡੀਆਈਜੀ ਐੱਚ.ਐੱਸ. ਭੁੱਲਰ ਦੀ ਥਾਂ ’ਤੇ ਏਆਈਜੀ (ਪ੍ਰੋਵਿਜ਼ਨਿੰਗ) ਵਰੁਣ ਸ਼ਰਮਾ, ਜੋ ਪਹਿਲਾਂ ਸਿੱਟ ਦੇ ਮੈਂਬਰ ਸਨ, ਨੂੰ ਸਿੱਟ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ ਜਦਕਿ ਤਰਨਤਾਰਨ ਦੇ ਐੱਸਐੱਸਪੀ ਅਭਿਮੰਨਿਊ ਰਾਣਾ ਅਤੇ ਐੱਸਪੀ (ਐੱਨ.ਆਰ.ਆਈ. ਮਾਮਲੇ, ਪਟਿਆਲਾ) ਗੁਰਬੰਸ ਸਿੰਘ ਬੈਂਸ ਨੂੰ ਉਸਦਾ ਮੈਂਬਰ ਬਣਾਇਆ ਗਿਆ ਹੈ। ਉਧਰ ਦੂਜੇ ਪਾਸੇ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਬਿਕਰਮ ਸਿੰਘ ਮਜੀਠੀਆ ਦੀ ਜੈਡ ਪਲੱਸ ਸੁਰੱਖਿਆ ਵੀ ਹਟਾ ਦਿੱਤੀ ਗਈ ਹੈ। ਇਸ ਨੂੰ ਲੈ ਕੇ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ’ਤੇ ਇਲਜਾਮ ਲਗਾਏ ਹਨ ਅਤੇ ਇਸ ਨੂੰ ਸਰਕਾਰ ਦੀ ਸਾਜਿਸ਼ ਦੱਸਿਆ ਹੈ।