Breaking News
Home / ਪੰਜਾਬ / ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਇੱਕੋ ਬੈੱਡ ‘ਤੇ ਪਏ ਰਹੇ ਮਰੀਜ਼ ਤੇ ਲਾਸ਼

ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਇੱਕੋ ਬੈੱਡ ‘ਤੇ ਪਏ ਰਹੇ ਮਰੀਜ਼ ਤੇ ਲਾਸ਼

ਵਿਰੋਧੀ ਧਿਰਾਂ ਦੇ ਸਵਾਲ ਚੁੱਕਣ ਤੋਂ ਬਾਅਦ ਹਰਕਤ ਵਿੱਚ ਆਇਆ ਪ੍ਰਸ਼ਾਸਨ
ਲੁਧਿਆਣਾ/ਬਿਊਰੋ ਨਿਊਜ਼ : ਪਹਿਲਾਂ ਹੀ ਸੁਰਖੀਆਂ ਵਿਚ ਰਹਿੰਦੇ ਸਥਾਨਕ ਸਿਵਲ ਹਸਪਤਾਲ ਦੀ ਇੱਕ ਹੋਰ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਹਸਪਤਾਲ ਦੇ ਅਣਪਛਾਤੇ ਮਰੀਜ਼ਾਂ ਲਈ ਬਣਾਏ ਗਏ ਵਾਰਡ ਵਿੱਚ ਹਸਪਤਾਲ ਦੇ ਮੁਲਾਜ਼ਮਾਂ ਨੇ ਇੱਕੋ ਹੀ ਬੈੱਡ ‘ਤੇ ਮਰੀਜ਼ ਤੇ ਲਾਸ਼ ਦੋਵਾਂ ਨੂੰ ਸਾਰੀ ਰਾਤ ਪਾਈ ਰੱਖਿਆ।
ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਧਿਰ ਨੇ ਸਿਹਤ ਖੇਤਰ ਵਿਚ ‘ਝੂਠੀਆਂ ਪ੍ਰਾਪਤੀਆਂ’ ਲਈ ਸੂਬੇ ਦੀ ‘ਆਪ’ ਸਰਕਾਰ ਨੂੰ ਘੇਰਿਆ ਹੈ। ਹਾਲਾਂਕਿ ਹਸਪਤਾਲ ਦੇ ਪ੍ਰਬੰਧਕਾਂ ਨੇ ਕਿਹਾ ਕਿ ਅਜਿਹਾ ਕੁੱਝ ਨਹੀਂ ਹੈ, ਬੈੱਡ ‘ਤੇ ਪਏ ਮਰੀਜ਼ ਦੇ ਸਾਹ ਚੱਲ ਰਹੇ ਸਨ ਪਰ ਉਸ ਦੀ ਮੌਤ ਤੋਂ ਬਾਅਦ ਉਸ ਨੂੰ ਸ਼ਿਫਟ ਕੀਤੇ ਜਾਣ ਤੱਕ ਹੀ ਲਾਸ਼ ਬੈੱਡ ‘ਤੇ ਪਈ ਸੀ। ਇਸ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਵੀ ਜਾਂਚ ਦੇ ਹੁਕਮ ਦਿੱਤੇ ਹਨ।
ਜਾਣਕਾਰੀ ਮੁਤਾਬਕ 14 ਅਪਰੈਲ ਨੂੰ ਸਿਵਲ ਹਸਪਤਾਲ ਵਿਚ ਇੱਕੋ ਬੈੱਡ ‘ਤੇ ਮਰੀਜ਼ ਤੇ ਲਾਸ਼ ਪਈ ਦੇਖੀ ਗਈ ਜਿਸ ਦੀ ਜਾਣਕਾਰੀ ਸਿਹਤ ਵਿਭਾਗ ਨੂੰ ਦਿੱਤੀ ਗਈ ਸੀ।
ਲੋਕਾਂ ਦੇ ਰੌਲਾ ਪਾਉਣ ਤੋਂ ਬਾਅਦ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਲਾਜ਼ਮਾਂ ਵੱਲੋਂ ਮੋਰਚਰੀ ਵਿੱਚ ਭੇਜਿਆ ਗਿਆ। ਇਸ ਦੌਰਾਨ ਮਰੀਜ਼ ਤੇ ਲਾਸ਼ ਦੀ ਇੱਕੋਂ ਬੈੱਡ ‘ਤੇ ਫੋਟੋ ਕਾਫ਼ੀ ਵਾਇਰਲ ਹੋ ਗਈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਰਨਾਂ ਵਿਰੋਧੀ ਧਿਰਾਂ ਨੇ ਇਸ ਫੋਟੋ ਨੂੰ ਅੱਗੇ ਸ਼ੇਅਰ ਕੀਤਾ। ਹਸਪਤਾਲ ਦੇ ਮੁਲਾਜ਼ਮਾਂ ਨੇ ਲਾਸ਼ ਨੂੰ ਹੀ ਚੈੱਕ ਕਰਨ ਵਾਲੇ ਸਾਰੇ ਮੈਡੀਕਲ ਉਪਕਰਨ ਲਗਾਏ ਹੋਏ ਸਨ ਪਰ ਦੁਪਹਿਰ ਵੇਲੇ ਤੱਕ ਕੋਈ ਵੀ ਹਸਪਤਾਲ ਵਿੱਚ ਉਸ ਨੂੰ ਚੈੱਕ ਕਰਨ ਲਈ ਨਹੀਂ ਆਇਆ।
ਮਾਮਲਾ ਲਾਪ੍ਰਵਾਹੀ ਦਾ : ਸਿਵਲ ਸਰਜਨ
ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਨੇ ਕਿਹਾ ਕਿ ਇਹ ਮਾਮਲਾ ਲਾਪ੍ਰਵਾਹੀ ਦਾ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਸਿਵਲ ਹਸਪਤਾਲ ਦੀ ਐੱਸਐੱਮਓ ਨੂੰ ਇਸ ਮਾਮਲੇ ਦੀ ਪੂਰੀ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਇਹ ਮਰੀਜ਼ 9 ਅਪਰੈਲ ਨੂੰ ਹਸਪਤਾਲ ਵਿੱਚ ਦਾਖਲ ਹੋਇਆ ਸੀ। ਉਸ ਦੀ ਪਛਾਣ ਨਾ ਹੋਣ ਕਾਰਨ ਉਸ ਨੂੰ ਅਣਪਛਾਤੇ ਮਰੀਜ਼ਾਂ ਵਾਲੇ ਵਾਰਡ ਵਿੱਚ ਇਲਾਜ ਲਈ ਦਾਖਲ ਕੀਤਾ ਗਿਆ ਸੀ।
ਉਸ ਦੀ ਮੌਤ 14 ਅਪਰੈਲ ਨੂੰ ਸਵੇਰੇ ਹੋਈ। ਉਸ ਨੂੰ ਮੋਰਚਰੀ ਵਿੱਚ ਸ਼ਿਫਟ ਕਰਨ ਵਿੱਚ ਮੁਲਾਜ਼ਮਾਂ ਨੇ ਸਮਾਂ ਲਗਾ ਦਿੱਤਾ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …