ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ
ਨਿਊ ਕੈਸਲ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੇ ਗ੍ਰਹਿ ਸੂਬੇ ਡੈਲਾਵੇਅਰ ਦੇ ਸੱਤ ਵਿਧਾਇਕਾਂ ਨੇ ਵਿਸਾਖੀ ਦੇ ਤਿਉਹਾਰ ਮੌਕੇ ਸਿੱਖਾਂ ਨਾਲ ਮਿਲ ਕੇ ਭੰਗੜਾ ਪਾਇਆ। ਸਾਰੇ ਆਗੂ ਰਵਾਇਤੀ ਪੰਜਾਬੀ ਪੁਸ਼ਾਕ ਪਹਿਨ ਕੇ ਆਏ ਸਨ। ਇਸ ਗਰੁੱਪ ‘ਚ ਡੈਲਾਵੇਅਰ ਸੈਨੇਟ ‘ਚ ਬਹੁਮਤ ਦਲ ਦੇ ਆਗੂ ਬ੍ਰਾਇਨ ਟਾਊਨਸੈਂਡ, ਵ੍ਹਿੱਪ ਐਲਿਜ਼ਾਬੈੱਥ ਲੌਕਮੈਨ, ਸੈਨੇਟਰ ਸਟੀਫਨੀ ਹਾਨਸੇਨ, ਸੈਨੇਟਰ ਲੌਰਾ ਸਟਰਜਿਓਨ, ਪੌਲ ਬੌਮਬੈਸ਼, ਸ਼ੈਰੀ ਡੋਰਸੀ ਵਾਕਰ ਅਤੇ ਸੋਫੀ ਫਿਲਿਪਸ ਸ਼ਾਮਲ ਸਨ। ਟਾਊਨਸੈਂਡ ਨੇ ਕਿਹਾ ਕਿ ਉਨ੍ਹਾਂ ਕੋਚ ਵਿਸ਼ਵਾਸ ਸਿੰਘ ਸੋਢੀ ਤੋਂ ਦੋ ਮਹੀਨੇ ਕਰੀਬ 30 ਘੰਟਿਆਂ ਤੱਕ ਭੰਗੜਾ ਸਿੱਖਿਆ ਸੀ। ਉਨ੍ਹਾਂ ਦੀ ਪੁਸ਼ਾਕ ਭਾਰਤ ‘ਚ ਤਿਆਰ ਹੋਈ ਸੀ ਅਤੇ ਫਿਰ ਇਥੇ ਲਿਆਂਦੀ ਗਈ। ਟਾਊਨਸੈਂਡ ਨੇ ਭੰਗੜੇ ਤੋਂ ਬਾਅਦ ਇਸ ਗੱਲ ‘ਤੇ ਖੁਸ਼ੀ ਜਤਾਈ ਕਿ ਉਨ੍ਹਾਂ ‘ਚੋਂ ਕੋਈ ਵੀ ਡਿੱਗਿਆ ਨਹੀਂ ਅਤੇ ਰੰਗ ‘ਚ ਭੰਗ ਨਹੀਂ ਪਿਆ।
ਡੈਲਾਵੇਅਰ ਵਿਧਾਨ ਸਭਾ ਸਪੀਕਰ ਵਲੇਰੀ ਲੌਂਗਹਰਸਟ ਨੇ ਭੰਗੜੇ ਦੀ ਪੇਸ਼ਕਾਰੀ ਦੇ ਕੇ ਇਤਿਹਾਸ ਸਿਰਜਣ ਲਈ ਆਪਣੇ ਸਾਥੀਆਂ ਨੂੰ ਵਧਾਈ ਦਿੱਤੀ। ਟਾਊਨਸੈਂਡ ਨੇ ਕਿਹਾ ਕਿ ਉਹ ਸਿੱਖਾਂ ਦੀ ਸੇਵਾ ਭਾਵਨਾ ਤੋਂ ਬਹੁਤ ਪ੍ਰਭਾਵਿਤ ਹਨ ਜੋ ਖੁੱਲ੍ਹੇ ਦਿਲ ਨਾਲ ਸਾਰਿਆਂ ਨੂੰ ਅਪਣਾ ਲੈਂਦੇ ਹਨ। ਡੈਲਾਵੇਅਰ ਸਿੱਖ ਸੈਂਟਰ ਦੇ ਬਾਨੀ ਅਤੇ ਚੇਅਰਮੈਨ ਚਰਨਜੀਤ ਸਿੰਘ ਮਿਨਹਾਸ ਨੇ ਕਿਹਾ ਕਿ ਉਹ ਵਿਧਾਇਕਾਂ ਦੀ ਭੰਗੜਾ ਪੇਸ਼ਕਾਰੀ ਤੋਂ ਪ੍ਰਭਾਵਿਤ ਹਨ।