Breaking News
Home / ਦੁਨੀਆ / ਅਮਰੀਕਾ ‘ਚ ਬੇਰੁਜ਼ਗਾਰ ਹੋਏ ਹਜ਼ਾਰਾਂ ਭਾਰਤੀ ਆਈਟੀ ਮਾਹਿਰਾਂ ਦੀਆਂ ਮੁਸ਼ਕਲਾਂ ਵਧੀਆਂ

ਅਮਰੀਕਾ ‘ਚ ਬੇਰੁਜ਼ਗਾਰ ਹੋਏ ਹਜ਼ਾਰਾਂ ਭਾਰਤੀ ਆਈਟੀ ਮਾਹਿਰਾਂ ਦੀਆਂ ਮੁਸ਼ਕਲਾਂ ਵਧੀਆਂ

ਮੁਲਕ ਵਿੱਚ ਟਿਕੇ ਰਹਿਣ ਲਈ ਫੌਰੀ ਨੌਕਰੀਆਂ ਦੀ ਲੋੜ
ਵਾਸ਼ਿੰਗਟਨ : ਅਮਰੀਕਾ ‘ਚ ਗੂਗਲ, ਮਾਈਕਰੋਸਾਫਟ ਅਤੇ ਐਮਾਜ਼ੋਨ ਵਰਗੀਆਂ ਕੰਪਨੀਆਂ ਵੱਲੋਂ ਨੌਕਰੀਆਂ ਤੋਂ ਕੱਢੇ ਜਾਣ ਕਾਰਨ ਹਜ਼ਾਰਾਂ ਭਾਰਤੀ ਆਈਟੀ ਮਾਹਿਰ ਹੁਣ ਨਵਾਂ ਰੁਜ਼ਗਾਰ ਲੱਭਣ ਲਈ ਸੰਘਰਸ਼ ਕਰ ਰਹੇ ਹਨ। ਦੇਸ਼ ‘ਚ ਰੁਕੇ ਰਹਿਣ ਲਈ ਉਹ ਛੇਤੀ ਤੋਂ ਛੇਤੀ ਰੁਜ਼ਗਾਰ ਚਾਹੁੰਦੇ ਹਨ ਤਾਂ ਜੋ ਵਰਕ ਵੀਜ਼ੇ ਦੀ ਤੈਅ ਮਿਆਦ ਮੁੱਕਣ ਕਾਰਨ ਕਿਤੇ ਉਨ੍ਹਾਂ ਨੂੰ ਮੁਲਕ ਨਾ ਛੱਡਣਾ ਪੈ ਜਾਵੇ।
ਵਾਸ਼ਿੰਗਟਨ ਪੋਸਟ ਮੁਤਾਬਕ ਕਰੀਬ ਦੋ ਲੱਖ ਆਈਟੀ ਵਰਕਰਾਂ ਨੂੰ ਪਿਛਲੇ ਸਾਲ ਨਵੰਬਰ ਤੋਂ ਨੌਕਰੀਆਂ ਤੋਂ ਹੱਥ ਧੋਣਾ ਪਿਆ ਹੈ। ਇਨ੍ਹਾਂ ‘ਚੋਂ 30 ਤੋਂ 40 ਫ਼ੀਸਦੀ ਭਾਰਤੀ ਆਈਟੀ ਮਾਹਿਰ ਦੱਸੇ ਜਾ ਰਹੇ ਹਨ ਜਿਨ੍ਹਾਂ ‘ਚੋਂ ਵੱਡੀ ਗਿਣਤੀ ਐੱਚ-1ਬੀ ਅਤੇ ਐੱਲ1 ਵੀਜ਼ੇ ਵਾਲੇ ਵਿਅਕਤੀ ਹਨ।
ਐਮਾਜ਼ੋਨ ‘ਚ ਕੰਮ ਕਰਦੀ ਭਾਰਤੀ ਮਹਿਲਾ ਤਿੰਨ ਮਹੀਨੇ ਪਹਿਲਾਂ ਅਮਰੀਕਾ ਪਹੁੰਚੀ ਸੀ ਅਤੇ ਹੁਣ ਉਸ ਨੂੰ ਆਖ ਦਿੱਤਾ ਗਿਆ ਹੈ ਕਿ 20 ਮਾਰਚ ਉਸ ਦਾ ਆਖਰੀ ਕੰਮਕਾਰੀ ਦਿਨ ਹੋਵੇਗਾ।
ਐੱਚ-1ਬੀ ਵੀਜ਼ੇ ਵਾਲੇ ਵਰਕਰਾਂ ਨੂੰ 60 ਦਿਨਾਂ ਦੇ ਅੰਦਰ ਨਵੀਂ ਨੌਕਰੀ ਲੱਭਣੀ ਪਵੇਗੀ, ਨਹੀਂ ਤਾਂ ਉਨ੍ਹਾਂ ਨੂੰ ਮਜਬੂਰੀ ਵਸ ਭਾਰਤ ਪਰਤਣਾ ਪਵੇਗਾ।
ਗਲੋਬਲ ਇੰਡੀਆ ਤਕਨਾਲੋਜੀ ਪ੍ਰੋਫੈਸ਼ਨਲਸ ਐਸੋਸੀਏਸ਼ਨ ਅਤੇ ਫਾਊਂਡੇਸ਼ਨ ਫਾਰ ਇੰਡੀਆ ਐਂਡ ਇੰਡੀਅਨ ਡਾਇਸਪੋਰਾ ਸਟੱਡੀਜ਼ ਨੇ ਆਈਟੀ ਮਾਹਿਰਾਂ ਨੂੰ ਰੁਜ਼ਗਾਰ ਦਿਵਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਹਨ। ਤਣਾਅ ‘ਚ ਆਏ ਭਾਰਤੀਆਂ ਨੇ ਵੱਖ ਵੱਖ ਵਟਸਐਪ ਗਰੁੱਪ ਬਣਾਏ ਹਨ ਤਾਂ ਜੋ ਉਨ੍ਹਾਂ ਦੀ ਸਮੱਸਿਆ ਦਾ ਕੋਈ ਹੱਲ ਨਿਕਲ ਸਕੇ।
ਭਾਰਤੀ ਆਈਟੀ ਮਾਹਿਰਾਂ ਦੀਆਂ ਮੁਸ਼ਕਲਾਂ ‘ਚ ਉਸ ਸਮੇਂ ਹੋਰ ਵਾਧਾ ਹੋ ਗਿਆ ਜਦੋਂ ਗੂਗਲ ਨੇ ਗਰੀਨ ਕਾਰਡ ਦੀ ਪ੍ਰੋਸੈਸਿੰਗ ਰੋਕਣ ਦਾ ਫ਼ੈਸਲਾ ਲਿਆ। ਹੁਣ ਜਦੋਂ ਉਨ੍ਹਾਂ ਹਜ਼ਾਰਾਂ ਮੁਲਾਜ਼ਮਾਂ ਨੂੰ ਫਾਰਗ ਕਰ ਦਿੱਤਾ ਹੈ ਤਾਂ ਉਹ ਵਿਦੇਸ਼ੀ ਆਈਟੀ ਮਾਹਿਰਾਂ ਦੀ ਸਥਾਈ ਵਸਨੀਕ ਵਜੋਂ ਮੰਗ ਨਹੀਂ ਕਰ ਰਹੇ ਹਨ। ਹੋਰ ਕਈ ਕੰਪਨੀਆਂ ਦੇ ਵੀ ਗੂਗਲ ਦੇ ਰਾਹ ਪੈਣ ਦੇ ਆਸਾਰ ਹਨ।

 

Check Also

ਪਾਕਿਸਤਾਨ ਵਿਚ ਨਵਾਜ਼-ਬਿਲਾਬਲ ਦੀ ਗਠਜੋੜ ਸਰਕਾਰ ਬਣੇਗੀ

ਸ਼ਾਹਬਾਜ਼ ਪੀਐਮ ਅਤੇ ਆਸਿਫ ਅਲੀ ਜ਼ਰਦਾਰੀ ਰਾਸ਼ਟਰਪਤੀ ਬਣਨਗੇ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਵਿਚ ਸਰਕਾਰ ਬਣਾਉਣ ਦੇ …