ਲੰਡਨ/ਬਿਊਰੋ ਨਿਊਜ਼ : ਬਰਤਾਨੀਆ ਵਿੱਚ ਰਹਿੰਦੇ ਪੰਜਾਬੀ ਮੂਲ ਦੇ ਬਜ਼ੁਰਗ ਕਰਮ ਚੰਦ (110), ਜਿਨ੍ਹਾਂ ਦਾ ਸਭ ਤੋਂ ਲੰਬੀ ਵਿਆਹੁਤਾ ਜ਼ਿੰਦਗੀ ਨਿਭਾਉਣ ਦਾ ਰਿਕਾਰਡ ਮੰਨਿਆ ਜਾਂਦਾ ਹੈ, ਦਾ ਲੰਘੇ ਦਿਨੀਂ ਇਥੇ ਦੇਹਾਂਤ ਹੋ ਗਿਆ। ਉਨ੍ਹਾਂ ਨੇ ਛੇ ਹਫ਼ਤਿਆਂ ਤੱਕ ਆਪਣਾ 111ਵਾਂ ਜਨਮ ਦਿਨ ਮਨਾਉਣਾ ਸੀ। ਇਸ ਤੋਂ ਪਹਿਲਾਂ ਕਰਮ ਚੰਦ ਤੇ ਉਨ੍ਹਾਂ ਦੀ ਪਤਨੀ ਬੀਬੀ ਕਰਤਾਰੀ (103) ਨੇ ਲੰਘੇ ਸਾਲ ਆਪਣੇ ਵਿਆਹ ਦੀ 90ਵੀਂ ਵਰ੍ਹੇਗੰਢ ਮਨਾਈ ਸੀ, ਤਾਂ ਇਸ ਜੋੜੇ ਦੀ ਬੜੀ ਚਰਚਾ ਹੋਈ ਸੀ। ਇਹ ਜੋੜਾ ਬਰੈਡਫੋਰਡ, ਵੈਸਟ ਯਾਰਕਸ਼ਾਇਰ ਵਿੱਚ ਗਰਲਿੰਟਨ ਵਿਖੇ ਆਪਣੇ ਪੁੱਤਰ ਪੌਲ ਨਾਲ ਰਹਿ ਰਿਹਾ ਸੀ। ਉਨ੍ਹਾਂ ਦਾ ਜਨਮ 1905 ਵਿੱਚ ਪੰਜਾਬ ਦੇ ਇਕ ਕਿਸਾਨੀ ਪਰਿਵਾਰ ਵਿੱਚ ਹੋਇਆ ਸੀ ਤੇ ਵਿਆਹ 1925 ਵਿੱਚ ਸਿੱਖ ਰਸਮਾਂ ਅਨੁਸਾਰ ਹੋਇਆ ਸੀ।

