Breaking News
Home / ਦੁਨੀਆ / ਗੁਰਬੀਰ ਸਿੰਘ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਸ਼ੈਰਿਫ ਨੇ ਦਿੱਤਾ ਅਸਤੀਫਾ

ਗੁਰਬੀਰ ਸਿੰਘ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਸ਼ੈਰਿਫ ਨੇ ਦਿੱਤਾ ਅਸਤੀਫਾ

ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ ਹਨ ਗਰੇਵਾਲ
ਨਿਊਯਾਰਕ/ਬਿਊਰੋ ਨਿਊਜ਼ : ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ ਗੁਰਬੀਰ ਸਿੰਘ ਗਰੇਵਾਲ ਦੀ ਦਸਤਾਰ ਸਬੰਧੀ ਨਸਲੀ ਟਿੱਪਣੀ ਕਰਨ ਵਾਲੇ ਨਿਊ ਜਰਸੀ ਕਾਊਂਟੀ ਦੇ ਸ਼ੈਰਿਫ ਮਾਈਕਲ ਸਾਓਡੀਨੋ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਬਰਜਨ ਕਾਊਂਟੀ ਦੇ ਸ਼ੈਰਿਫ ਵੱਲੋਂ 16 ਜਨਵਰੀ ਨੂੰ ਕੀਤੀ ਗਈ ਟਿੱਪਣੀ ਦੀਆਂ ਕਈ ਆਡੀਓ ਕਲਿੱਪਾਂ ਬਾਹਰ ਆਉਣ ਮਗਰੋਂ ਰੌਲਾ ਪੈ ਗਿਆ ਸੀ।
ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਰੇਡੀਓ ਸਟੇਸ਼ਨ ਤੋਂ ਇਹ ਕਲਿੱਪਾਂ ਲੈ ਕੇ ਡਬਲਿਊਐਨਵਾਈਸੀ ਨੇ ਸ਼ੁੱਕਰਵਾਰ ਨੂੰ ਨਸ਼ਰ ਕਰ ਦਿੱਤੀਆਂ ਸਨ ਜਿਸ ਮਗਰੋਂ ਉਸੇ ਦਿਨ ਸਾਓਡੀਨੋ ਅਤੇ ਉਸ ਦੇ ਅਧੀਨ ਚਾਰ ਮੁਲਾਜ਼ਮਾਂ ਨੇ ਅਸਤੀਫ਼ਾ ਦੇ ਦਿੱਤਾ ਸੀ। ਡੈਮੋਕਰੈਟ ਸਾਓਡੀਨੋ ‘ਤੇ ਗਵਰਨਰ ਫਿਲ ਮਰਫੀ ਦੀ ਅਗਵਾਈ ਹੇਠ ਸਿਆਸੀ ਪੱਧਰ ‘ਤੇ ਦਬਾਅ ਬਣਾਇਆ ਗਿਆ ਸੀ। ਆਡੀਓ ਵਿਚ ਸਾਓਡੀਨੋ ਇਹ ਆਖਦਾ ਸੁਣਾਈ ਦਿੰਦਾ ਹੈ ਕਿ ਮਰਫੀ ਨੇ ਗਰੇਵਾਲ ਨੂੰ ਉਸ ਦੀ ‘ਪਗੜੀ’ ਕਰਕੇ ਨਿਯੁਕਤ ਕੀਤਾ ਹੈ।
ਗਰੇਵਾਲ ਨੇ ਅਸਤੀਫ਼ੇ ਨੂੰ ਬਰਜਨ ਕਾਊਂਟੀ ਦੇ ਸ਼ੈਰਿਫ ਦਫ਼ਤਰ ਅਤੇ ਵੱਖ-ਵੱਖ ਭਾਈਚਾਰਿਆਂ ਦਰਮਿਆਨ ਰਿਸ਼ਤਿਆਂ ਨੂੰ ਸੁਧਾਰਨ ਵੱਲ ਪਹਿਲਾ ਅਹਿਮ ਕਦਮ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ, ”ਸਾਡਾ ਕੰਮ ਇਥੇ ਹੀ ਰੁਕ ਨਹੀਂ ਜਾਂਦਾ।
ਅਸਲੀਅਤ ਇਹ ਹੈ ਕਿ ਉੱਚ ਅਧਿਕਾਰੀ ਵੱਲੋਂ ਕੀਤੀ ਗਈ ਟਿੱਪਣੀ ਮੌਕੇ ਕਮਰੇ ਵਿਚ ਮੌਜੂਦ ਕਿਸੇ ਵੀ ਵਿਅਕਤੀ ਨੇ ਉਸ ਨੂੰ ਵਿਚਾਲੇ ਨਹੀਂ ਟੋਕਿਆ ਅਤੇ ਨਾ ਹੀ ਕੋਈ ਗੰਭੀਰ ਚਿੰਤਾ ਜਤਾਈ।” ਇਸ ਤੋਂ ਪਹਿਲਾਂ ਸਾਓਡੀਨੋ ਨੇ ਸਿਰਫ਼ ਮੁਆਫ਼ੀ ਮੰਗ ਲਈ ਸੀ ਅਤੇ ਅਹੁਦਾ ਛੱਡਣ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਸੀ।
ਸਾਓਡੀਨੋ ਦੇ ਅਸਤੀਫ਼ੇ ਮਗਰੋਂ ਮਰਫ਼ੀ ਨੇ ਕਿਹਾ ਹੈ ਕਿ ਉਹ ਆਰਜ਼ੀ ਸ਼ੈਰਿਫ ਦੀ ਨਿਯੁਕਤੀ ਕਰਕੇ ਕਰੀਬ 10 ਲੱਖ ਵਿਅਕਤੀਆਂ ਦਾ ਭਰੋਸਾ ਬਹਾਲ ਕਰਨ ਦੀ ਕੋਸ਼ਿਸ਼ ਕਰਨਗੇ।

Check Also

ਅੰਮ੍ਰਿਤਸਰ ਦੇ ਵਿਕਾਸ ਲਈ ਭਾਰਤੀ ਅਮਰੀਕੀਆਂ ਨੇ 10 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ

ਵਾਸ਼ਿੰਗਟਨ/ਬਿਊਰੋ ਨਿਊਜ਼ : ਪ੍ਰਮੁੱਖ ਭਾਰਤੀ ਅਮਰੀਕੀਆਂ ਦੇ ਸਮੂਹ ਨੇ ਅੰਮ੍ਰਿਤਸਰ ਦੇ ਸਮਾਜਿਕ-ਆਰਥਿਕ ਵਿਕਾਸ ਲਈ ‘ਸਟਾਰਟਅੱਪਸ’ …