Breaking News
Home / ਨਜ਼ਰੀਆ / ਸਮਾਜਿਕ ਵਿਗਿਆਨ ਦਾ ਰਚੇਤਾ

ਸਮਾਜਿਕ ਵਿਗਿਆਨ ਦਾ ਰਚੇਤਾ

ਮਾਰਕਸਵਾਦੀ ਮਹਾਨ ਚਿੰਤਕ ਕਾਰਲ-ਮਾਰਕਸ
ਜਗਦੀਸ਼ ਸਿੰਘ ਚੋਹਕਾ
91-92179-97445
ਪੂੰਜੀਵਾਦੀ ਰਾਜ ਪ੍ਰਬੰਧ ਅਤੇ ਸੋਚ ਰੱਖਣ ਵਾਲੇ ਪੂੰਜੀਵਾਦੀ ਲੋਕ ਜੋ ਸਦਾ ਹੀ ਮੰਡੀ ਦੇ ਵਰਤਾਰੇ ਦੇ ਨਾਂ ‘ਤੇ ਰਾਜ ਕਰਦੇ ਹਨ, ਉਹ ਮੰਡੀ ਦੇ ਨਾਲ ਹੀ ਬਰਬਾਦ ਹੋ ਜਾਣ ਦਾ ਵੀ ਪ੍ਰਣ ਲੈਂਦੇ ਹਨ। ਪਰ ਜਦੋਂ ਖੁਲ੍ਹੀ ਮੰਡੀ ਆਰਥਿਕ ਸੰਕਟ ਦਾ ਸ਼ਿਕਾਰ ਹੋ ਜਾਂਦੀ ਹੈ ਤਾਂ ਪੂੰਜੀਵਾਦੀ ਸਿਧਾਂਤਕਾਰ ਫਿਰ ਆਲੇ-ਦੁਆਲੇ ਅਜਿਹੇ ਸੰਂਜੋਗ ਦੀ ਭਾਲ ਕਰਦੇ ਤਾਂ ਜੋ ਉਹ ਇਸ ਸੰਕਟ ਤੋਂ ਬਚ ਸਕਣ ਜੋ ਅਸੰਭਵ ਹੁੰਦਾ ਹੈ। ਅੱਜ ਫਿਰ ਹਲਾਤ ਨੇ ਦੁਬਾਰਾ ਮਹਾਨ ਚਿੰਤਨ ਕਾਰਲ ਮਾਰਕਸ ਦੀ ਰਚਨਾ ‘ਪੂੰਜੀ’ (ਕੈਪੀਟਲ) ‘ਤੇ ਫਿਰ ਬਹਿਸ ਛੇੜ ਦਿੱਤੀ ਹੈ। ਕਾਰਲ ਮਾਰਕਸ ਦੀਆਂ ਮੂਲ ਲਿਖਤਾਂ ਜਿਨ੍ਹਾਂ ਨੂੰ ਪੂੰਜੀਵਾਦੀ, ‘ਇਤਿਹਾਸ ਦਾ ਨਿਕਾਰਿਆ ਕੂੜ-ਕਬਾੜ’ ਸਮਝਦਾ ਸੀ, ਉਸ ‘ਤੇ ਪੁਨਰ-ਵਿਚਾਰ ਕਰਨ ਲਈ ਕਾਰਲ ਮਾਰਕਸ ਦੀਆਂ ਕਿਰਤਾਂ ਦੇ ਹੁਣ ਪੰਨੇ ਫੋਲ ਰਹੇ ਹਨ। ਉਹ ਇਨ੍ਹਾਂ ਕਿਰਤਾਂ ਵਿੱਚੋਂ, ਪੂੰਜੀਵਾਦ ਦੇ ਮੰਦੇ ਨੂੰ ਸਮਝਣ ਅਤੇ ਛੁਟਕਾਰਾ ਪਾਉਣ ਲਈ ਕੋਈ ਰਾਹ ਲੱਭ ਰਹੇ ਹੁੰਦੇ ਹਨ। ਕਾਰਲ ਮਾਰਕਸ ਦੀਆਂ ਇਨ੍ਹਾਂ ਚਰਚਾਵਾਂ ਵਿੱਚ ਕੈਪੀਟਲ ਦੀਆਂ ਅਨੇਕਾਂ ਸੰਖੇਪ ਵਿਆਖਿਆਵਾਂ ਵਿੱਚ, ਸੰਸਾਰ ਆਰਥਿਕ ਸੰਕਟ ਨੂੰ ਕਾਰਲ-ਮਾਰਕਸ ਦੀ ਭਵਿੱਖ ਬਾਣੀ ਵਾਂਗ ਪੇਸ਼ ਕੀਤਾ ਜਾ ਰਿਹਾ ਹੈ। ਜਦਕਿ ਸੱਚਾਈ ਇਹ ਹੈ, ਕਿ ਮਾਰਕਸ ਦੀ ਇਹ ਮਹਾਨ ਅਤੇ ‘ਉਤਮ ਰਚਨਾ’, ਸਿਰਫ ਪੂੰਜੀਵਾਦ ਦੇ ਦਾਇਰੇ ਵਿੱਚ ਕੰਮ ਕਰਨਾ ਵਾਲੇ ਸੰਕਟ ਦੇ ਫੌਰੀ ਰੁਝਾਨਾਂ ਸਬੰਧੀ ਹੀ ਨਹੀਂ ਹੈ, ਸਗੋਂ ਇਹ ਰਚਨਾ ਇਸ ਲਈ ਵੀ ਮਹੱਤਵਪੂਰਨ ਹੈ, ਕਿ ਮਨੁੱਖੀ ਸਮਾਜ ਦੇ ਵਿਕਾਸ ਦੀਆਂ ਉਨ੍ਹਾਂ ਗੁੰਝਲਦਾਰ ਸਮੱਸਿਆਵਾਂ ਦੇ ਹੱਲ ਲਈ ਅਲੋਚਨਾਤਮਿਕ ਨਜ਼ਰੀਆ ਵੀ ਪੇਸ਼ ਕਰਦੀ ਹੈ। ਜਿਹੜੀਆਂ ਅੱਜ ਉਂਝ ਹੀ ਸਮਝ ਤੋਂ ਪਰੇ ਲੱਗਦੀਆਂ ਹਨ। ਮਾਰਕਸ ਨੇ ਖੁਦ ਹੀ ਕੈਪੀਟਲ ਦੀ ਆਰਥਿਕਤਾ ਬਾਰੇ ਇਸ ਨੂੰ ‘ਕੋਮੋਡਿਟੀ ਫੈਟੇ-ਸਿਜ਼ਮ’ (ਪਦਾਰਥ ਦੀ ਅੰਤਿਮ ਸਥਿਤੀ) ਦਾ ਨਾਮ ਦਿੱਤਾ ਸੀ। ਮਾਰਕਸ ਦੀ ਇਸ ਰਚਨਾ ਦਾ ਪਹਿਲਾ ਸਬਕ ਇਹੋ ਹੈ, ਕਿ ਨਾ-ਬਰਾਬਰੀ ਅਤੇ ਗਰੀਬੀ-ਗੁਰਬਤ ‘ਪੂੰਜੀ’ (ਸਰਮਾਇਆ) ਦੇ ਇੱਕਤਰੀ ਕਰਨ (ਮੁੱਠੀ ਭਰ ਲੋਕਾਂ ਦੇ ਹੱਥਾਂ ‘ਚ ਇਕੱਠੀ ਹੋ ਜਾਣੀ) ਵਿੱਚ ਹੀ ਲੁਕੀਆਂ ਹੋਈਆਂ ਹਨ। ਪੂੰਜੀਵਾਦੀ ਵਿਵਸਥਾ (ਨਿਜਾਮ) ਨੂੰ ਖਤਮ ਕਰਨ ਲਈ ਕ੍ਰਾਂਤੀ ਦੀ ਜ਼ਰੂਰਤ ਹੁੰਦੀ ਹੈ। ਅਜਿਹੀ ਕ੍ਰਾਂਤੀ (ਸਮਾਜਕ ਪਰਿਵਰਤਨ) ਕਦੀ ਆਪਣੇ ਆਪ ਨਹੀਂ ਹੋ ਜਾਂਦੀ, ਸਗੋਂ ਇਸ ਲਈ ਇੱਕ ਕ੍ਰਾਂਤੀਕਾਰੀ ਪਾਰਟੀ ਦੀ ਜ਼ਰੂਰਤ ਹੁੰਦੀ ਹੈ। ਜੋ ਲੁੱਟੇ ਜਾਣ ਵਾਲੇ ਕਿਰਤੀਆਂ ਨੂੰ ਲਾਮਬੰਦ ਕਰਕੇ ਵਰਗ-ਸੰਘਰਸ਼ ਨੂੰ ਤੇਜ ਕਰਦੀ ਹੈ। ਅੰਤਿਮ ਨਿਸ਼ਾਨਾ ਕਿਰਤੀ ਵਰਗ ਦੀ ਜਿੱਤ ਵਾਲੇ ਸਮਾਜ ਦੀ ਸਥਾਪਤੀ।
ਵਿਸ਼ਵ ਪੱਧਰੀ ਆਰਥਿਕ ਨਿਘਾਰ ਅਤੇ ਮੰਦੇ ਨੇ ਹੁਣ ਮਾਰਕਸਵਾਦ ਤੇ ਵਿਅੰਗ ਕਸਣ ਦਾ ਰੁਝਾਨ ਅਤੇ ਰੁੱਖ ਬਦਲ ਲਿਆ ਹੈ। ਇਨ੍ਹਾਂ ਵਿੱਚ ਕੇਵਲ ਵੱਡੇ-ਵੱਡੇ ਪੂੰਜੀਪਤੀ ਹੀ ਨਹੀਂ ਸਗੋਂ ਚਰਚ ਵੱਲੋਂ ਕਮਿਊਨਿਜ਼ਮ ਦੇ ਵਿਰੋਧ ਦੇ ਇਤਿਹਾਸ ਦੇ ਬਾਵਜੂਦ ਪੋਪ ਨੇ ਵੀ ‘ਦਾਸ ਕੈਪੀਟਲ’ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਸੀ, ਕਿ ਇਹ ਕਿਰਤ ਪੂੰਜੀਵਾਦ ਦਾ ਉਚ ਦਰਜੇ ਦਾ ਵਿਸ਼ਲੇਸ਼ਣ ਹੈ। ਅੱਜ ਵੀ ਬੇਲਗਾਮ ਪੂੰਜੀਵਾਦ, ਜੋ ਇੱਕ ਪ੍ਰਕਾਰ ਦਾ ਮਿਥਿਹਾਸ ਬਣ ਗਿਆ ਹੈ, ਜੋ ਅਜਿਹੀਆਂ ਵਸਤੂਆਂ (ਆਬਜੈਕਟ) ਨੂੰ ਅਸਲੀ ਹੋਣ ਅਤੇ ਸ਼ਕਤੀ ਪ੍ਰਦਾਨ ਕਰਦਾ ਹੈ, ਜੋ ਖੁਦ ਬੇਜਾਨ ਹੁੰਦੀਆਂ ਹਨ, ਖੁਦ ਗਲ-ਸੜ ਰਿਹਾ ਹੈ। ਮੌਜੂਦਾ ਸਮਾਜ ਅੰਦਰ ਅੰਧ-ਵਿਸ਼ਵਾਸ, ਅਡੰਬਰ, ਪਰਾ-ਭੌਤਿਕ ਵਿਚਾਰ ਅਤੇ ਕਰਮ-ਕਾਂਡ ਆਦਿ ਜੋ ਖੁਦ ਬੇਜਾਨ ਹੁੰਦੇ ਹਨ ਤੋਂ ਪਰਦਾ ਮਾਰਕਸਵਾਦੀ ਵਿਚਾਰ ਹੀ ਚੁੱਕਦੇ ਹਨ। ਦੁਨੀਆਂ ਦਾ ਮਹਾਨ ਚਿੰਤਕ ਜਿਸ ਤੋਂ ਪੂੰਜੀਵਾਦ ਭਵਿੱਖ ਲਈ ਵੀ ਥਰ-ਥਰ ਕੰਬਦਾ ਰਹੇਗਾ, ਮਾਰਕਸਵਾਦ ਦਾ ਮੋਢੀ ਅਤੇ ਮਹਾਨ ਸਮਾਜਕ ਵਿਗਿਆਨੀ, ਕਾਰਲ-ਮਾਰਕਸ ਦਾ ਜਨਮ ਜਰਮਨੀ ਦੇ ਮਸ਼ਹੂਰ ਸ਼ਹਿਰ ‘ਟਰੀਅਰ’ ਵਿਖੇ ਇੱਕ ਯਹੂਦੀ ਪਰਿਵਾਰ ਦੇ ਘਰ 5-ਮਈ 1818 ਨੂੰ ਹੋਇਆ। ਮਾਰਕਸ ਨੇ ਮੁੱਢਲੀ ਸਿੱਖਿਆ ਟਰੀਅਰ ਦੇ ਜਿਮਨੇਜੀਅਮ ਸਕੂਲ ਤੋਂ ਪ੍ਰਾਪਤ ਕੀਤੀ। ਪਿਤਾ ਦੀ ਸਲਾਹ ‘ਤੇ 1835 ਨੂੰ ‘ਬੋਨ-ਯੂਨੀਵਰਸਿਟੀ’ ਵਿੱਚ ਦਾਖਲਾ ਲੈ ਲਿਆ। ਇੱਕ ਸਾਲ ਬਾਅਦ 1836 ਨੂੰ ‘ਬਰਲਿਨ ਯੂਨੀਵਰਸਿਟੀ’ ਵਿਚ ਕਾਨੂੰਨ ਦੀ ਪੜ੍ਹਾਈ ਦੇ ਨਾਲ-ਨਾਲ ਇਤਿਹਾਸ, ਵਿਦੇਸ਼ੀ ਭਸ਼ਾਵਾਂ, ਕਲਾ ਅਤੇ ਵਿਗਿਆਨ ਸਬੰਧੀ ਵੀ ਪੜ੍ਹਾਈ ਕੀਤੀ। 1838 ਨੂੰ ਪਿਤਾ ਦੀ ਮੌਤ ਹੋਣ ਕਾਰਨ ਪੜ੍ਹਾਈ ਦਾ ਖਰਚਾ ਬੰਦ ਹੋਣ ਦੇ ਬਾਵਜੂਦ, ਪੇਸ਼ ਮੁਸ਼ਕਲਾਂ ਦੇ 1841 ਨੂੰ ਮਾਰਕਸ ਨੇ ‘ਜੇਨਾ-ਯੂਨੀਵਰਸਿਟੀ’ ਤੋਂ ਪ੍ਰਕਿਰਤੀ ਸਬੰਧੀ ‘ਡੈਮੋਕਰਾਈਸ ਅਤੇ ਐਪੀਕਿਊਰਸ’ ਦੇ ਫਲਸਫੇ ਵਿਚਕਾਰ ਅੰਤਰ, ਵਿਸ਼ੇ ਤੇ ‘ਪੀ.ਐਚ.ਡੀ.’ ਦੀ ਡਿਗਰੀ ਹਾਸਲ ਕੀਤੀ। ਮਾਰਕਸ ਨੇ ਇੱਕ ਅਮੀਰ ਪਰਿਵਾਰ ਦੀ ਲੜਕੀ ਜੈਨੀ ਜੋ ਉਸ ਦੀ ਦੋਸਤ ਸੀ, ਨਾਲ 1843 ਨੂੰ ਸ਼ਾਦੀ ਕੀਤੀ। ਜੈਨੀ ਨੇ ਮਾਰਕਸ ਦੀ ਜ਼ਿੰਦਗੀ ਅੰਦਰ ਆਏ ਬਹੁਤ ਸਾਰੇ ਉਤਰਾਅ ਅਤੇ ਚੜ੍ਹਾਵਾਂ ਦੌਰਾਨ ਹਰ ਮੁਸ਼ਕਲ ਵਿੱਚ ਸਾਰੀ ਉਮਰ ਸਾਥ ਦਿੱਤਾ। ਮਾਰਕਸ ਨੂੰ ਪਰਿਵਾਰ ਦੀ ਜਾਇਦਾਦ ਵਿੱਚੋਂ ਕੋਈ ਹਿੱਸਾ ਨਾ ਮਿਲਣ ਕਾਰਨ ਉਸ ਦਾ ਮੁੱਢਲਾ ਜੀਵਨ ਤੰਗੀਆਂ ਤਰੁਸ਼ੀਆਂ ਰਾਹੀਂ ਵਿਚਰਣ ਕਾਰਨ ਉਸ ਦੇ ਮਨ ਅੰਦਰ ਸਦਾ ਹੀ ਗਰੀਬੀ ਦੇ ਕਾਰਨਾਂ ਨੂੰ ਜਾਨਣ ਦੀ ਇੱਕ ਲੰਬੀ ਜਗਿਆਸਾ ਪੈਦਾ ਹੋਈ ਜਿਸ ਦੇ ਮੂਲ ਕਾਰਨਾਂ ਅਤੇ ਹਲ ਲਈ ਅੱਜ ਉਸ ਦਾ ਸਿਧਾਂਤ ਸਰਵ ਸਮਰੱਥ ਹੈ।
ਦੁਨੀਆਂ ਦੇ ਸਮੂਹ ਗਲਬਿਆਂ ਅਤੇ ਉਦਾਰੀਵਾਦੀ ਵਿਗਿਆਨ ਇੱਕ ਜਾਂ ਦੂਜੇ ਢੰਗ ਨਾਲ ਉਜਰਤੀ (ਕਿਰਤ) ਗੁਲਾਮੀ ਦੀ ਰਾਖੀ ਕਰਦੇ ਆ ਰਹੇ ਹਨ। ਇਹ ਮਾਰਕਸਵਾਦ ਹੀ ਸੀ ਜਿਸ ਨੇ ਇਸ ਗੁਲਾਮੀ ਵਿਰੁੱਧ ਬੇਰੋਕ ਜੰਗ ਦਾ ਐਲਾਨ ਸ਼ੁਰੂ ਕੀਤਾ ਹੋਇਆ ਹੈ। ਸੰਸਾਰ ਅੰਦਰ ਗਰੀਬੀ-ਗੁਰਬਤ ਦੇ ਅਸਲ ਕਾਰਨਾਂ ਦੀ ਵਿਆਖਿਆ ਕਰਦੇ ਹੋਏ ਮਾਰਕਸ ਨੇ ਕਿਹਾ, ‘ਕਿ ਪੈਦਾਵਾਰੀ ਸਾਧਨਾਂ ਦਾ ਕੁਝ ਕੁ ਲੋਕਾਂ (ਪੂੰਜੀਪਤੀਆਂ) ਦੇ ਹੱਥਾਂ ਵਿੱਚ ਸਿਮਟ ਕੇ ਰਹਿ ਜਾਣਾ ਹੈ। ਜੋ ਮਨੁੱਖੀ ਕਿਰਤ ਸ਼ਕਤੀ ਦੀ ਲੁੱਟ ਕਾਰਨ ਹੀ ਹੈ। ਇਸ ਦੇ ਹੱਲ ਲਈ ਪੈਦਾਵਾਰੀ ਸਾਧਨਾਂ ਦੇ ਸਮਾਜੀਕਰਨ ਕਰਕੇ, ਵਾਧੂ ਮੁਨਾਫਾ ਤੇ ਵਸਤਾਂ ਦੀ ਵੰਡ ਰਾਹੀਂ ਮਨੁੱਖੀ-ਸਮਾਜ ਅੰਦਰ, ਮਨੁੱਖ ਹੱਥੋਂ ਮਨੁੱਖ ਦੀ ਲੁੱਟ ਵਾਲਾ ਰਾਜ-ਪ੍ਰਬੰਧ ਖਤਮ ਕੀਤਾ ਜਾ ਸਕਦਾ ਹੈ। ਭਾਵ ਵਰਗ ਰਹਿਤ ਸਮਾਜ ਦੀ ਸਿਰਜਨਾ ਰਾਹੀਂ ਹੀ ਲੁੱਟ-ਖਸੁੱਟ ਖਤਮ ਹੋ ਸਕਦੀ ਹੈ। ਪੈਦਾਵਾਰੀ ਸਾਧਨਾਂ ਦੇ ਸਮਾਜੀਕਰਨ ਦਾ ਇਹ ਵਿਗਿਆਨਕ ਸਿਧਾਂਤ ਅੱਜ ਵੀ ਅਤੇ ਭਵਿੱਖ ਵਿੱਚ ਵੀ ਸਹੀ ਅਤੇ ਸਾਰਥਿਕ ਹੈ। ਕਾਰਲ-ਮਾਰਕਸ ਨੇ ਪੂੰਜੀਵਾਦ ਦੀ ਅੰਦਰੂਨੀ ਰਚਨਾ ਅਤੇ ਪੂੰਜੀ ਦੇ ਇਕੱਤਰੀਕਰਨ ਦੀ ਪ੍ਰਕਿਰਿਆ ਨੂੰ ਉਜਾਗਰ ਕਰਨ ਦੇ ਟੀਚੇ ਨੂੰ, ਜ਼ਿੰਦਗੀ ਵਿੱਚ ਅਨੇਕਾਂ ਦੁਸ਼ਵਾਰੀਆਂ ਦੇ ਹੁੰਦਿਆਂ ਹੋਇਆ, ਸਾਰਾ ਜੀਵਨ ਉਨ੍ਹਾਂ ਨੂੰ ਸਮਰਪਣ ਕਰਦੇ ਹੋਏ ਅਤੇ ਅਥਾਹ ਕੁਰਬਾਨੀਆਂ ਰਾਹੀਂ ਪੇਸ਼ ਕੀਤਾ ਹੈ। ਮਾਰਕਸ ਦੀ ਇਸ ਅਮਰ ਰਚਨਾ ‘ਪੂੰਜੀ’ ਦੇ ਚਾਰ ਪ੍ਰਮੁੱਖ ਪਹਿਲੂਆਂ ਸਬੰਧੀ ਪਹਿਲਾ-ਵਾਧੂ ਮੁੱਲ (ਸਰਪਲੱਸ ਵੈਲਯੂ), ਦੂਜਾ-ਧਨ (ਪੂੰਜੀ) ਦਾ ਸਿਧਾਂਤ, ਤੀਸਰਾ-ਭਾੜੇ ਦਾ ਸਿਧਾਂਤ ਅਤੇ ਚੌਥਾ ਪੂੰਜੀਵਾਦ ਦੇ ਵਜੂਦ ਦੀ ਜ਼ਰੂਰੀ ਸ਼ਕਤੀ ਦੇ ਰੂਪ ਵਿੱਚ ਕਿਰਤ ਦੀ ਸੁਰੱਖਿਅਤ ਫੌਜ (ਬੇਰੁਜ਼ਗਾਰ ਕਿਰਤੀ) ਦੀ ਮਜ਼ੂਦਗੀ, ਦੇ ਸਿਧਾਂਤ ਬਹੁਤ ਹੀ ਵਿਗਿਆਨਕ ਅਤੇ ਸਾਰਥਿਕ ਗਿਆਨ ਹਨ। ਮਾਰਕਸਵਾਦੀ ਸਿਧਾਂਤ ਸਰਬਸ਼ਕਤੀਮਾਨ ਹੈ, ਕਿਉਂਕਿ ਇਹ ਵਿਗਿਆਨਕ, ਸਰਵ-ਵਿਆਪੀ ਅਤੇ ਅੰਤਰ-ਸਬੰਧਤ ਹੈ। ਇਹ ਸਿਧਾਂਤ ਮਨੁੱਖ ਨੂੰ ਇੱਕ ਜੁੱਟ ਅੰਤਰ ਸਬੰਧਤ ਸੰਸਾਰ ਦ੍ਰਿਸ਼ਟੀਕੋਟ ਪ੍ਰਦਾਨ ਕਰਦਾ ਹੈ। ਇਹ ਉਨ੍ਹੀਵੀਂ ਸਦੀ ਦੀਆਂ ਮਨੁੱਖ ਜਾਤੀ ਦੀਆਂ ਉਨ੍ਹਾਂ ਸਭ ਤੋਂ ਉਪਰ, ਉਤਮਤ ਪ੍ਰਾਪਤੀਆਂ ਦਾ ਅਸਲੀ ਵਾਰਸ ਹੈ। ਦੁਨੀਆਂ ਭਰ ਦੇ ਕਿਰਤੀ ਮਾਰਕਸਵਾਦੀ ਸਿਧਾਂਤ ਤੋਂ ਸੇਧ ਲੈ ਕੇ ਵਰਗ ਸੰਘਰਸ਼ ਰਾਹੀਂ ਉਹ ਆਪਣੀ ਬੰਦ-ਖਲਾਸੀ ਕਰ ਸਕਦੇ ਹਨ।
ਕਾਰਲ-ਮਾਰਕਸ ਨੇ ਸਦੀਆਂ ਪੁਰਾਣੀ ਮਨੁੱਖ ਹੱਥੋਂ ਮਨੁੱਖ ਦੀ ਹੁੰਦੀ ਲੁੱਟ ਵਾਲੀ ਪ੍ਰੰਪਰਾ ਦੇ ਕਾਰਨਾਂ ਅਤੇ ਉਸ ਦੇ ਹੱਲ ਲਈ ਸਪੱਸ਼ਟ ਰੂਪ ਵਿੱਚ ਜੋ ਮਾਰਕਸਵਾਦੀ ਫਲਸਫਾ ਅਤੇ ਵਿਰੋਧ ਵਿਕਾਸੀ ਵਿਧੀ ਨੂੰ ਪੇਸ਼ ਕਰਕੇ ਹੁਣ ਤੱਕ ਦੇ ਸਾਰੇ ਫਿਲਾਸਫਰਾਂ ਵੱਲੋਂ ਪੇਸ਼ ਇੱਸ ਮਨੁੱਖੀ ਸਮਾਜ ਅੰਦਰ ਜੋ ਯੂਟੋਪੀਆਈ ਧਾਰਨਾਵਾਂ ਸਨ, ਉਨ੍ਹਾਂ ਨੂੰ ਰੱਦ ਕਰਦੇ ਹੋਏ ਮੌਲਿਕ ਖੋਜ ਦੁਬਾਰਾ ਸਥਾਪਤ ਕੀਤੇ ਗਏ ਸਮਾਜਕ ਵਿਕਾਸ ਦੇ ਵਿਗਿਆਨਕ ਨਿਯਮਾਂ, ‘ਇਤਿਹਾਸਕ ਪਦਾਰਥਵਾਦ’ ਨੂੰ ਸਾਹਮਣੇ ਲਿਆਂਦਾ। ਮਾਰਕਸ ਨੇ ਕਿਹਾ, ਕਿ ਇਸ ਸ੍ਰਿਸ਼ਟੀ ਦਾ ਪਾਸਾਰ ਕੋਈ ਨਾਸ਼ਵਾਨ ਵਰਤਾਰਾ ਨਹੀਂ, ਸਗੋਂ ਕਿ ਇਹ ਸਦੀਵੀਂ ਸੱਚ ਹੈ, ਜਿਹੜਾ ਕਿ ਅਨਾਦੀ ਅਤੇ ਅਨੰਤ ਹੈ। ਪਦਾਰਥ-ਰੂਪੀ ਇਹ ਸੱਚ ਇਕ ਨਿਰੰਤਰ ਗਤੀ ਵਿੱਚ ਅਤੇ ਆਪਣੇ ਅਟੱਲ ਨਿਯਮਾਂ ਅਧੀਨ ਸਮੇਂ ਅਤੇ ਸਥਾਨ ਅਨੁਸਾਰ ਵੱਖ-ਵੱਖ ਰੂਪਾਂ ਵਿੱਚ ਪ੍ਰਗਟ ਹੁੰਦਾ ਹੈ। ਅਧਿਆਤਮਕਵਾਦੀ ਸਮਝਦਾਰੀਆਂ ਦੇ ਉਲਟ ਮਾਰਕਸ ਨੇ ਕਿਹਾ, ਕਿ ਇਹ ਸ੍ਰਿਸ਼ਟੀ, ਕਿਸੇ ਅਗੰਮੀ ਸ਼ਕਤੀ ਦੇ ਹੁਕਮਾਂ ਨਾਲ ਨਾ ਹੋਂਦ ਵਿੱਚ ਆਈ ਹੈ ਅਤੇ ਨਾ ਹੀ ਉਸ ਦੀ ਰਜ਼ਾ ਅਨੁਸਾਰ ਕੰਮ ਕਰਦੀ ਹੈ। ਮਨੁੱਖੀ ਦਿਮਾਗ ਇਸ ਪਦਾਰਥ ਦਾ ਇੱਕ ਅਤੀ ਵਿਕਸਤ ਰੂਪ ਹੈ, ਜਿਹੜਾ ਕਿ ਮਨੁੱਖੀ ਚੇਤਨਾ ਦਾ ਪਦਾਰਥਕ ਸਰੋਤ ਹੈ। ਇਹ ‘ਪਦਾਰਥਕ-ਗਤੀ’ ਅੰਦਰਲੇ ਅਟੱਲ ਨਿਯਮਾਂ ਦੀ ਖੋਜ ਕਰਨ ਅਤੇ ਕੁਦਰਤ ਦੇ ਗੁੱਝੇ ਭੇਂਦਾਂ ਨੂੰ ਸਮਝਣ ਦੇ ਸਮਰੱਥ ਹੈ। ਹੁਣ ਤੱਕ ਦੇ ਦਾਰਸ਼ਨਿਕਾਂ ਨੇ ਇਸ ਸੰਸਾਰ ਦੀ ਵੱਖ-ਵੱਖ ਢੰਗਾਂ ਨਾਲ ਵਿਆਖਿਆ ਹੀ ਕੀਤੀ, ਜਦਕਿ ਅਸਲ ਮੁੱਦਾ ਇਸ ਲੋਟੂ-ਸਮਾਜ ਨੂੰ ਬਦਲਣ ਦਾ ਹੈ, ਜੋ ਕੇਵਲ ਮਾਰਕਸ ਨੇ ਹੀ ਪੇਸ਼ ਕੀਤਾ। ਮਾਰਕਸਵਾਦ ਦੀ ਸੱਚਾਈ, ਸਾਰਥਿਕਤਾ ਅਤੇ ਉਪਯੋਗਤਾ ਬਾਰੇ ਅੱਜ ਵੀ ਕੋਈ ਉਂਗਲ ਨਹੀਂ ਉਠਾਅ ਸਕਿਆ। ਨਿਰਸੰਦੇਹ ਪੂੰਜੀਪਤੀਆਂ ਨੂੰ ਅੱਜ ਵੀ ਮਾਰਕਸੀ ਫਲਸਫੇ ਤੋਂ ਕਾਂਬਾ ਛਿੜਿਆ ਰਹਿੰਦਾ ਹੈ। ਕਾਰਲ ਮਾਰਕਸ ਨੇ ਸੰਸਾਰ ਦੀ ਕਿਰਤੀ ਸ਼੍ਰੇਣੀ ਨੂੰ ਸੱਚ ਦਾ ਰਾਹ ਦਿਖਾਉਣ, ਖੁਦ ਗਰੀਬੀ ਗੁਰਬਤ ਤੇ ਲੁੱਟ-ਖਸੁੱਟ ਵਾਲੇ ਰਾਜ-ਪ੍ਰਬੰਧ ਦੀਆਂ ਬਹੁਤ ਸਾਰੀਆਂ ਤੰਗੀਆਂ-ਤਰੁਸ਼ੀਆਂ ਅਤੇ ਗਰੀਬੀ ਨੂੰ ਹੰਢਾਇਆ। ਦੋ ਪੁੱਤਰਾਂ, ਇੱਕ ਲੜਕੀ ਦੀ ਮੌਤ, ਸਭ ਤੋਂ ਛੋਟੀ ਲੜਕੀ ਨੂੰ ਦਫਨਾਉਣ ਲਈ ਕੋਈ ਪੈਸਾ ਨਾ ਹੋਣਾ, ਗਰੀਬੀ ਤੇ ਲਚਾਰੀ ਕਾਰਨ ਆਪਣੀ ਪਿਆਰੀ ਦੋਸਤ ਅਤੇ ਪਤਨੀ ਦਾ ਇਲਾਜ ਨਾ ਹੋਣ ਕਾਰਨ ਮੌਤ। ਕੱਪੜੇ, ਗੈਹਣੇ ਅਤੇ ਫਰਨੀਚਰ ਵੇਚ ਕੇ ਗੁਜ਼ਾਰਾ ਕਰਨਾ, ਪਰ ਆਪਣੇ ਮਿਸ਼ਨ ਨੂੰ ਨਿਠ ਕੇ ਪੂਰਾ ਕਰਨ ਤੋਂ ਪਿਛੇ ਨਾ ਹੱਟਣਾ, ਇੱਕ ਫੌਲਾਦੀ ਦਿਲ ਵਾਲੇ ਇਨਸਾਫ ਦਾ ਹੀ ਕੰਮ ਸੀ। ਕਾਰਲ ਮਾਰਕਸ ਦੇ ਜੀਵਨ ਅਤੇ ਮਿਸ਼ਨ ਵਿੱਚ ਐਫ.-ਏਂਗਜ਼ਲ ਦਾ ਪੂਰਾ-ਪੂਰਾ ਸਾਥ ਰਿਹਾ। 1842 ਵਿੱਚ ਰੀਵਿੰਗ ਗਜ਼ਟ ਅਖ਼ਬਾਰ ਕੱਢਣੀ, ਕਮਿਊਨਿਸਟ ਲੀਗ ਦਾ ਗਠਨ, 1848 ਪੈਰਿਸ ਵਿੱਚ ਅਖ਼ਬਾਰ ਦਾ ਅਰੰਭ, ਜਰਮਨ ਅਤੇ ਫਰਾਂਸ ਵਿੱਚੋਂ ਕੱਢੇ ਜਾਣ ਬਾਅਦ ਮਾਰਕਸ ਨੇ 1849 ਵਿੱਚ ਲੰਡਨ ਵਿਖੇ ਰਿਹਾਇਸ਼ ਰੱਖ ਲਈ। ਕਾਰਲ ਮਾਰਕਸ ਵੱਲੋਂ ਪੂੰਜੀ ਦੀ ਕਿਰਤ ਤੋਂ ਬਿਨਾਂ 1847 ਨੂੰ ਕਮਿਊਨਿਸਟ ਮੈਨੀਫੋਸਟੋ ਜੋ 1849 ‘ਚ ਛਪਿਆ, 1864 ਵਿੱਚ ਪਹਿਲੀ ਇੰਟਰਨੈਸ਼ਨਲ, 1871 ਨੂੰ ਪੈਰਿਸ ਕਮਿਊਨ-ਫਰਾਂਸ ਵਿੱਚ ਜਮਾਤੀ ਸੰਘਰਸ਼, 1848-50 ਫਰਾਂਸ ਦਾ ਗ੍ਰਹਿ ਯੁੱਧ, 1847 ਫਲਸਫੇ ਦੀ ਕੰਗਾਲੀ, ਅਚੱਲ ਜਾਇਦਾਦ, ਉਜਰਤ, ਕਿਰਤੀ, ਰਾਜ ਸਤਾ, ਵਿਦੇਸ਼ੀ ਵਪਾਰ, ਸੰਸਾਰ ਮੰਡੀ ਮੁਨਾਫੇ ਦਾ ਸਿਧਾਂਤ, ਆਰਥਿਕ ਅਤੇ ਦਾਰਸ਼ਨਿਕ ਖਰੜੇ ਲੂਈ ਬੋਨਾਪਾਰਟ ਦੀ 18-ਵੀਂ ਬਰੂਮੇਰ ਆਦਿ ਰਚਨਾਵਾਂ ਰਾਹੀਂ ਦੁਨੀਆਂ ਦੇ ਕਿਰਤੀਆਂ ਨੂੰ ਜਾਗਰੂਕ ਕਰਨ ਵਿੱਚ ਬਹੁਤ ਹੀ ਅਨਮੋਲ ਤੇ ਵੱਡਮੁੱਲਾ ਯੋਗਦਾਨ ਪਾਇਆ। ‘ਪੂੰਜੀ’ ਦੀਆਂ ਬਾਕੀ ਜਿਲਦਾ ਉਨ੍ਹਾਂ ਦੀ 14 ਮਾਰਚ 1883 ਵਿੱਚ ਦਿਹਾਂਤ ਤੋਂ ਬਾਅਦ ਏਂਗਲਜ਼ ਨੇ ਪ੍ਰਕਾਸ਼ਿਤ ਕੀਤੀਆਂ। ਉਪਰੋਕਤ ਕਿਰਤਾਂ ਵਿੱਚ ਏਂਗਲਜ਼ ਦਾ ਵਿਸ਼ੇਸ਼ ਯੋਗਦਾਨ ਰਿਹਾ। ਦੁਨੀਆਂ ਦੇ ਕਲਮ-ਘਸੀਟ ਬੁੱਧੀ-ਜੀਵੀਆਂ ਨੇ ਅੱਜ ਤੱਕ ਸਰਬਹਾਰੇ ਦੀ ਹੋਣੀ ਬਦਲਣ ਵਾਲੇ ਮਹਾਨ ਚਿੰਤਕ ਕਾਰਲ ਮਾਰਕਸ ਦੀ ਸਦਾ ਹੀ ਅਵੱਗਿਆ ਕੀਤੀ ਹੈ। 1883 ਨੂੰ ਉਨ੍ਹਾਂ ਦੀ ਮੌਤ ਬਾਅਦ ਸੰਸਾਰ ਭਰ ‘ਚ ਸਮਾਜਵਾਦੀ ਵਿਚਾਰਾਂ ਦਾ ਬੜੀ ਤੇਜੀ ਨਾਲ ਪਾਸਾਰ ਹੋਇਆ। 1917 ਦੇ ਮਹਾਨ ਰੂਸੀ ਅਕਤੂਬਰ ਇਨਕਲਾਬ ਬਾਅਦ ਸੰਸਾਰ ਅੰਦਰ ਗੁਲਾਮ ਕੌਮਾਂ ਅਤੇ ਦੇਸ਼ਾਂ ਦੀ ਅਜ਼ਾਦੀ ਲਈ ਮੁਕਤੀ ਅੰਦੋਲਨ, ਕਿਰਤੀ ਸ਼੍ਰੇਣੀ ਵੱਲੋਂ ਬਿਹਤਰ ਜੀਵਨ ‘ਹਾਲਾਤ’ ਲਈ ਸੰਘਰਸ਼ ਅਤੇ ਦੁਨੀਆਂ ਅੰਦਰ ਦੋ-ਧਰੁਵੀ ਆਰਥਿਕਤਾ ਦੀ ਹੋਂਦ ਵਿੱਚ ਆਉਣ ਕਰਕੇ ਪੂੰਜੀਵਾਦੀ ਅਰਥ ਵਿਸਵਥਾ ਵਾਲੇ ਦੇਸ਼ਾ ਅੰਦਰ ਕਿਰਤੀਆਂ ਨੂੰ ਆਰਥਿਕ ਰਾਹਤਾਂ ਮਿਲੀਆਂ। ਬਹੁਤ ਸਾਰੇ ਗੁਲਾਮ ਦੇਸ਼ ਆਜ਼ਾਦ ਹੋਏ। ਜਮਹੂਰੀ ਲਹਿਰਾਂ ਮਜ਼ਬੂਤ ਹੋਈਆਂ। ਸਮਾਜਵਾਦੀ ਦੇਸ਼ ਹੋਂਦ ਵਿੱਚ ਆਏ। ਇਹ ਕੋਈ ਛੋਟਾ ਜਿਹਾ ਸਮਾਜਕ ਪਰਿਵਰਤਨ ਨਹੀਂ ਸੀ।
ਪਰ 1991 ਦੌਰਾਨ ਦੁਨੀਆਂ ਦਾ ਸਭ ਤੋਂ ਪਹਿਲਾ ਉਸਰਿਆ ਸਮਾਜਵਾਦੀ ਢਾਂਚਾ ਸੋਵੀਅਤ ਯੂਨੀਅਨ ਦੇ ਢੈਅ-ਢੇਰੀ ਹੋਣ ਬਾਅਦ ਸਮਾਜਵਾਦੀ ਵਿਚਾਰਾਂ ਅਤੇ ਅਮਲਾਂ ਨੂੰ ਕਾਫੀ ਠੇਸਾਂ ਪੁੱਜੀਆਂ। ਇਸ ਦੇ ਬਾਵਜੂਦ ਵੀ, ਕਾਰਲ ਮਾਰਕਸ ਦਾ ਵਿਗਿਆਨ, ਮਾਰਕਸਵਾਦੀ ਸਿਧਾਂਤ ‘ਵਾਧੂ ਮੁੱਲ ਦਾ ਸਿਧਾਂਤ’ ਪੂੰਜੀਵਾਦੀ ਵਿਵਸਥਾ ਵਿੱਚ ਸ਼ੋਸ਼ਣ ਦੀ ਇਸੇ ਪ੍ਰਕਿਰਿਆ ਦਾ ਵਿਸ਼ਲੇਸ਼ਣ ਕਰਦਾ ਹੈ ਅਤੇ ਦਿਖਾਉਂਦਾ ਹੈ, ਕਿ ਕਿਵੇਂ ਪੂੰਜੀਵਾਦੀ ਵਿਵਸਥਾ ਦੇ ਅਧੀਨ ਹੀ ਗਰੀਬੀ ਗੁਰਬਤ ਅਤੇ ਬੇਰੁਜ਼ਗਾਰੀ ਪੈਦਾ ਹੁੰਦੀ ਹੈ। ਇਸ ਪ੍ਰਕਿਰਿਆ ਕਾਰਨ ਹੀ ਅੱਜ ਸਾਮਰਾਜੀ ਅਮਰੀਕਾ ਸਮੇਤ ਯੂਰਪ ਅਤੇ ਪੂੰਜੀਵਾਦੀ ਦੇਸ਼ਾਂ ਅੰਦਰ ਗੰਭੀਰ ਮੰਦੇ ਦਾ ਸ਼ਿਕਾਰ ਆਮ ਜਨਤਾ ਅਤੇ ਕਿਰਤੀ ਸ਼੍ਰੇਣੀ ਹੱਕਾਂ ਲਈ ਸੰਘਰਸ਼ਸ਼ੀਲ ਹਨ। ਸੰਸਾਰ ਭਰ ‘ਚ ਉਠ ਰਹੇ ਸੰਘਰਸ਼ਾਂ ਨੂੰ ਸੇਧ ਅਤੇ ਬਲ ਅੱਜ ਵੀ ਮਾਰਕਸਵਾਦ ਦੇ ਸਿਧਾਂਤ ‘ਚ ਹੀ ਮਿਲ ਰਿਹਾ ਹੈ। ਮਾਰਕਸਵਾਦੀ ਸਿਧਾਂਤ ਇੱਕ ਸਰਬਸਮਰੱਥ ਵਿਗਿਆਨ ਹੈ। ਪੂੰਜੀਵਾਦੀ ਵਿਸ਼ਵ ਆਰਥਿਕ ਸੰਕਟ ਦੇ ਭਾਰਤ ਤੇ ਪੈ ਰਹੇ ਪ੍ਰਭਾਵ ਅਤੇ ਹਾਕਮਾਂ ਵੱਲੋਂ ਲਾਗੂ ਕੀਤੀਆਂ ਉਦਾਰੀਵਾਦੀ ਨੀਤੀਆਂ ਕਾਰਨ, ਦੇਸ਼ ਅੰਦਰ ਵੱਧ ਰਹੀ ਅਸਮਾਨਤਾਂ, ਬੇਰੁਜ਼ਗਾਰੀ, ਗਰੀਬੀ ਅਤੇ ਭ੍ਰਿਸ਼ਟਾਚਾਰ ਜਿਹੇ ਵਰਤਾਰੇ ਨੂੰ ਸਮਝਣ ਲਈ ਮਾਰਕਸਵਾਦੀ ਵਿਚਾਰ ਵਿਵਸਥਾ ਦੀ ਲੋੜ ਹੈ। ਇਹ ਸਾਰੇ ਵਰਤਾਰੇ ਪੂੰਜੀਵਾਦੀ ਵਿਵਸਥਾ ‘ਚ ਕਿਸੇ ਵਿਗਾੜ ਵਜੋਂ ਨਹੀਂ, ਸਗੋਂ ਇਸ ਨੂੰ ਪੂੰਜੀ ਦੇ ਇਕੱਤਰੀਕਰਨ ਦੇ ਅੰਗ ਦੇ ਰੂਪ ‘ਚ ਵੇਖਿਆ ਜਾਣਾ ਚਾਹੀਦਾ ਹੈ। ਇਨ੍ਹਾਂ ਵਰਤਾਰਿਆਂ ਤੋਂ ਸਮਾਜ ਨੂੰ ਮੁਕਤੀ ਦਿਵਾਉਣ ਲਈ ਵਰਗ-ਸੰਘਰਸ਼ ਹੀ ਇੱਕ ਰਾਹ ਹੈ। ਮਾਰਕਸ ਦੀਆਂ ਰਚਨਾਵਾਂ ਦੁਨੀਆਂ ਭਰ ਦੇ ਕਿਰਤੀ ਲੋਕਾਂ ਲਈ ਇੱਕ ਮਾਰਗ ਦਰਸ਼ਕ ਹੀ ਨਹੀਂ, ਸਗੋਂ ਇਸ ਮਨੁੱਖੀ ਸਮਾਜ ਅੰਦਰ ਇੱਕ ਵਧੀਆ ਅਤੇ ਸੋਹਣੇ ਮਨੁੱਖ ਦੀ ਉਸਾਰੀ ਲਈ ਵੀ ਰਾਹ ਹੈ। ਮਨੁੱਖੀ ਜੀਵਨ ਨੂੰ ਖੁਸ਼ਹਾਲ ਅਤੇ ਦੁੱਖਾਂ ਤੋਂ ਮੁਕਤੀ ਦਿਵਾਉਣ ਵਾਲਾ ਸਾਧਨ ਹੈ। ਪਰ ਮਾਰਕਸਵਾਦ ਨੂੰ ਅਮਲੀ ਜਾਮਾਂ ਪਹਿਨਾਉਣਾ ਕੋਈ ਆਸਾਨ ਨਹੀਂ ਹੈ। ਪੂੰਜੀਵਾਦ ਨੂੰ ਢੈਅ-ਢੇਰੀ ਕਰਕੇ ਸਮਾਜਵਾਦ ਦੀ ਉਸਾਰੀ ਕਰਨੀ ਇੱਕ ਤਿੱਖੀ ਚੜ੍ਹਾਈ ਅਤੇ ਅਤਿ ਕਠਿਨਾਈਆਂ ਭਰਿਆ ਰਾਹ ਹੈ।
ਪੂੰਜੀਵਾਦੀ ਵਿਵਸਥਾ ਦੇ ਅਧੀਨ ਨੰਗ-ਭੁੱਖ, ਬੇਰੁਜ਼ਗਾਰੀ ਅਤੇ ਬਦਹਾਲੀ ਤੋਂ ਬਚਣ ਲਈ ਸਮਾਜਵਾਦ ਹੀ ਇੱਕ ਰਾਹ ਹੈ। ਇਸ ਦੀ ਪ੍ਰਾਪਤੀ ਲਈ ਮਾਰਕਸਵਾਦ ਪ੍ਰਤੀ ਦਰੁੱਸਤ ਪਹੁੰਚ, ਠੋਸ ਹਕੀਕੀ ਹਾਲਤਾਂ, ਇਨਕਲਾਬੀ ਜੱਥੇਬੰਦੀ ਅਤੇ ਜਨਤਕ ਰੋਹ ਰਾਹੀਂ ਸਮਾਜਕ ਤਬਦੀਲੀ ਸੰਭਵ ਹੈ। ‘ਪੂੰਜੀ’ ਦੀ ਸਾਰਥਿਕਤਾ ਅਤੇ ਮਾਰਕਸਵਾਦੀ ਫਲਸਫਾ ਜਿੱਥੇ ਅੱਜ ਦੁਨੀਆਂ ਭਰ ‘ਚ ਇੱਕ ਸਰਬ ਸਮਰੱਥ ਵਿਗਿਆਨ ਹੈ, ਉਥੇ ਬਿਹਤਰ ਸਮਾਜ ਦੇ ਨਿਰਮਾਣ ਲਈ ਇੱਕ ਪਰਖਿਆ ਹੋਇਆ ਨਵਕੇਲਾ ਰਾਹ ਵੀ ਹੈ। ਦੁਨੀਆਂ ਦੇ ਮਹਾਨ ਚਿੰਤਨ, ‘ਪੂੰਜੀ’ ਦਾ ਰੁਚੇਤਾ, ਵਿਰੋਧ-ਵਿਕਾਸੀ ਇਤਿਹਾਸਕ ਪਦਾਰਥਵਾਦ ਜਿਸ ਨੇ ਸਮਾਜ ਦੇ ਵਿਕਾਸ ਦੀ ਸਮਝਦਾਰੀ ਦਾ ਰੋਹ ਖੋਲ੍ਹਿਆ, 14 ਮਾਰਚ 1883 ਨੂੰ ਸ਼ਾਮ ਪੌਣੇ ਤਿੰਨ ਵਜੇ ਲੰਡਨ ਵਿਖੇ ਇੱਕ ਨਵੇਂ ਇਤਿਹਾਸ ਨੂੰ ਰੱਚ ਕੇ ਸਦੀਵੀਂ ਵਿਛੋੜਾ ਦੇ ਗਿਆ। ਮਹਾਨ ਚਿੰਤਨ ਦੇ ਜਨਮ ਦਿਨ ‘ਤੇ ‘ਕਮਿਊਨਿਸਟ ਮੈਨੀ ਫੈਸਟੋ’ ਵਿਚ ਦਿੱਤਾ ਇਹ ਸੱਦਾ, ਮਜ਼ਦੂਰਾਂ ਕੋਲ ਆਪਣੀਆਂ ਗੁਲਾਮੀ ਦੀਆਂ ਜੰਜੀਰਾਂ ਨੂੰ ਗੁਆਉਣ ਤੋਂ ਬਿਨਾਂ ਹੋਰ ਕੁਝ ਨਹੀਂ ਹੈ, ਜਦਕਿ ਉਨ੍ਹਾਂ ਕੋਲ ਜਿੱਤਣ ਲਈ ਸਾਰਾ ਸੰਸਾਰ ਹੈ, ਨੂੰ ਸਾਕਾਰ ਕਰਨ ਦਾ ਪ੍ਰਣ ਲਈਏ। ਆਉ ! ਇਸ ਮਹਾਨ ਸਿਧਾਂਤਕਾਰ ਨੂੰ ਸਿਜ਼ਦਾ ਕਰੀਏ ਜਿਸ ਨੇ ਸੰਸਾਰ ਅਮਨ, ਖੁਸ਼ਹਾਲੀ ਅਤੇ ਮਨੁੱਖਤਾ ਦੀ ਭਲਾਈ ਨੂੰ ਅਮਲੀ ਜਾਮਾ ਪਹਿਨਾਉਣ ਲਈ ਨਵੇਕਲਾ ਰਾਹ ਸਿਰਜਿਆ।
ਦੁਨੀਆਂ ਭਰ ਦੇ ਕਿਰਤੀਓ ਇੱਕ ਹੋ ਜਾਓ !

Check Also

ਭਗਵੰਤ ਮਾਨ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਕੀਤਾ ਪੇਸ਼

ਪੰਜਾਬ ‘ਚ ਮੁਫਤ ਤੀਰਥ ਯਾਤਰਾ, ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫਤ ਸਫਰ ਅਤੇ ਮੁਫਤ ਬਿਜਲੀ …