ਡਾ: ਪਰਗਟ ਸਿੰਘ ਬੱਗਾ
(ਫੋਨ: 905-531-8901)
ਪਿਛਲੇ ਦਿਨੀ ਭਾਰਤ ਦੇ ਕੋਨੇ-ਕੋਨੇ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਗਟ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਬੜੀ ਸ਼ਰਧਾ ਅਤੇ ਜਾਹੋ-ਜਲੌਅ ਨਾਲ ਮਨਾਏ ਗਏ ਹਨ। ਭਾਰਤ ਹੀ ਨਹੀਂ ਬਲਕਿ ਪੂਰੇ ਸੰਸਾਰ ਅੰਦਰ ਜਿੱਥੇ -ਜਿੱਥੇ ਵੀ ਗੁਰੂ ਨਾਨਕ ਨਾਮ-ਲੇਵਾ ਸਿੱਖ ਵਸਦੇ ਹਨ, ਹਰ ਵਰਗ ਦੇ ਸ਼ਰਧਾਲੂਆਂ ਵਿਚ ਸਾਂਝੀਵਾਲਤਾ ਦੇ ਜਗਤ-ਗੁਰੂ ਦਾ ਜਨਮ ਦਿਵਸ ਬੜੇ ਅਲੌਕਿਕ ਢੰਗ ਨਾਲ ਮਨਾਉਣ ਦਾ ਬੇਹੱਦ ਉਤਸ਼ਾਹ ਵੇਖਣ ਨੂੰ ਮਿਲਿਆ। ਐਡੀ ਵੱਡੀ ਪੱਧਰ ‘ਤੇ ਸੰਸਾਰ ਭਰ ਦੇ ਸਮਾਗਮਾਂ ਵਿਚ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਅਤੇ ਜਜ਼ਬਾ ਇਹ ਸਿੱਧ ਕਰਦਾ ਹੈ ਕਿ ਗੁਰੂ ਨਾਨਕ ਦੇਵ ਜੀ ਸਿਰਫ ਪੰਜਾਬੀਆਂ ਜਾਂ ਸਿੱਖਾਂ ਦੇ ਹੀ ਧਰਮ-ਗੁਰੂ ਨਹੀਂ ਹਨ ਸਗੋਂ ਸਮੁੱਚੀ ਮਨੁੱਖਤਾ ਦੇ ਰਹਿਬਰ ਹਨ। ਮੈਂ ਆਪਣੇ-ਆਪ ਨੂੰ ਬੜਾ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਨੂੰ ਵੀ ਆਪਣੇ ਰਹਿਬਰ ਗੁਰੂ ਨਾਨਕ ਪਾਤਸ਼ਾਹ ਦੇ ਸਾਢੇ ਪੰਜ ਸੌ ਸਾਲਾ ਪ੍ਰਗਟ ਉਤਸਵ ਦੀਆਂ ਖੁਸ਼ੀਆਂ ਮਾਣਨ ਦਾ ਅਵਸਰ ਨਸੀਬ ਹੋਇਆ।
550ਵਾਂ ਪ੍ਰਕਾਸ਼ ਉਤਸਵ ਮਨਾਉਣ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਵਲੋਂ ਵੀ ਵਿਸ਼ਾਲ ਪੱਧਰ ‘ਤੇ ਸਮਾਗਮਾਂ ਦਾ ਆਯੋਜਨ ਕੀਤਾ ਗਿਆ। ਜਿਸ ਸ਼ਾਨ-ਓ-ਸ਼ੌਕਤ ਨਾਲ ਭਾਰਤ ਅਤੇ ਦੁਨੀਆਂ ਭਰ ਦੇ ਵੱਖ-ਵੱਖ ਦੇਸ਼ਾਂ ਦੇ ਆਗੂਆਂ ਵਲੋਂ ਤਰ੍ਹਾਂ ਤਰ੍ਹਾਂ ਦੇ ਸਲਾਹੁਣਯੋਗ ਵਿਕਾਸ ਕਾਰਜਾਂ ਦਾ ਆਰੰਭ ਕਰਕੇ ਆਪਣੇ ‘ਮਹਿਬੂਬ-ਗੁਰੂ’ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ ਅਤੇ ਖ਼ਾਸ ਤੌਰ ‘ਤੇ ਪਾਕਿਸਤਾਨ ਵਲੋਂ ਇਸ ਮੁਕੱਦਸ ਪੁਰਬ ਨੂੰ ਸਮਰਪਿਤ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਕੇ ਸਿੱਖ-ਧਰਮ ਨੂੰ ਜੋ ਅਨੂਠਾ ਤੋਹਫਾ ਪ੍ਰਦਾਨ ਕੀਤਾ ਗਿਆ ਹੈ, ਉਸ ਨਾਲ ਗੁਰੂ ਨਾਨਕ ਪਾਤਸ਼ਾਹ ਦੇ ਸ਼ਰਧਾਲੂਆਂ ਦਾ ਉਤਸ਼ਾਹ ਦੂਣ-ਸਵਾਇਆ ਹੋਇਆ ਹੈ। ਸੰਸਾਰ ਭਰ ‘ਚ ਵੱਖ-ਵੱਖ ਥਾਵਾਂ ‘ਤੇ ਨਾ ਸਿਰਫ ਦੀਵਾਨ ਹੀ ਸਜਾਏ ਗਏ ਹਨ ਸਗੋਂ ਬੜੀ ਸ਼ਰਧਾ ਤੇ ਜੋਸ਼-ਓ-ਖ਼ਰੋਸ਼ ਨਾਲ ਵਿਸ਼ਾਲ ਨਗਰ-ਕੀਰਤਨਾਂ ਦਾ ਵੀ ਆਯੋਜਨ ਕਰਕੇ, ਗੁਰੂ ਨਾਨਕ ਦੇਵ ਜੀ ਦਾ ਸਾਂਝੀਵਾਲਤਾ ਅਤੇ ਸਮਾਜਿਕ ਬਰਾਬਰਤਾ ਦਾ ਸੰਦੇਸ਼ ਹਿੰਦੋਸਤਾਨ ਦੇ ਉੱਤਰ-ਪੂਰਬ ਤੋਂ ਲੈ ਕੇ ਅਰਬ ਦੇਸ਼ਾਂ ਤੱਕ ਗੂੰਜਿਆ ਹੈ।
ਪਰ ਹੁਣ ਇੱਥੇ ਮਹੱਤਵਪੂਰਨ ਸਵਾਲ ਇਹ ਉੱਠਦਾ ਹੈ ਕਿ ਐਸਾ ਸਭ ਕੁੱਛ ਵਿਸ਼ੇਸ਼ ਤੌਰ ‘ਤੇ 550 ਸਾਲ ਬੀਤਣ ਤੋਂ ਬਾਅਦ ਹੀ ਕਿਉਂ?….. ਜਾਂ ਫਿਰ 550ਵੇਂ ਸਾਲ ‘ਤੇ ਹੀ ਕਿਉਂ?….. ਕੀ ਇਸ ਤਰ੍ਹਾਂ ਦੇ ਹੋਰ ਵਿਕਾਸ ਕਾਰਜਾਂ ਨੂੰ ਗੁਰੂ ਨਾਨਕ ਸਾਹਿਬ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋ ਕੇ ਤਰਜੀਹ ਨਹੀਂ ਦਿੱਤੀ ਜਾ ਸਕਦੀ?…..ਜਾਂ ਫਿਰ ਹਰ ‘ਪ੍ਰਕਾਸ਼-ਪੁਰਬ’ ਉਤੇ ਹਰ ਸਾਲ ਕਿਉਂ ਨਹੀਂ?…..ਬਲਕਿ ਹਰ ਸਾਲ ਦੇ ਹਰ ਮਹੀਨੇ, ਹਰ ਮਹੀਨੇ ਦੇ ਹਰ ਦਿਨ ਐਸੇ ਵਿਕਾਸ-ਕਾਰਜ ਹੁੰਦੇ ਰਹਿਣ ਤਾਂ ਅਵੱਸ਼ ਮਨੁੱਖਤਾ ਦਾ ਭਲਾ ਕੀਤਾ ਜਾ ਸਕਦਾ ਹੈ। ਸਿਰਫ਼ 550ਵਾਂ ਹੀ ਨਹੀਂ ਬਲਕਿ ਗੁਰੂ ਨਾਨਕ ਦੇਵ ਜੀ ਦੇ ਹਰ ‘ਪ੍ਰਕਾਸ਼-ਪੁਰਬ’ ਦਾ ਹਰ ਵਰ੍ਹਾ ਵਿਅਕਤੀਗਤ ਪੱਧਰ ‘ਤੇ ਸਿਰਜਨਾਤਮਕ ਕੰਮਾਂ ਲਈ ਗੁਰੂ ਨਾਨਕ ਪਾਤਸ਼ਾਹ ਨੂੰ ਸਮਰਪਿਤ ਹੋਣਾ ਚਾਹੀਦਾ ਹੈ। ਭਾਵੇਂ ਇਹ ਨੇਕ ਕੰਮ ਤਾਂ ਬਹੁਤ ਦੇਰ ਪਹਿਲਾਂ ਹੀ ਕਰਨਾ ਬਣਦਾ ਸੀ ਪਰ ਚਲੋ, ਹੁਣ ਵੀ ਡੁੱਲ੍ਹੇ ਬੇਰਾਂ ਦਾ ਕੁੱਛ ਨਹੀਂ ਵਿਗੜਿਆ।
ਆਓ! ਸੰਨ 2020 ਦਾ ਪੂਰੇ ਦਾ ਪੂਰਾ ਸਾਲ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼-ਪੁਰਬ ਨੂੰ ਸੰਪੂਰਨ ਤੌਰ ‘ਤੇ ਸਮਰਪਿਤ ਹੋ ਕੇ, ‘ਮਾਂ-ਬੋਲੀ’ ਪੰਜਾਬੀ ਲਈ ਇਕ ਲਹਿਰ ਦੇ ਰੂਪ ਵਿਚ ਮਨਾਈਏ। ਆਪਣੀ ‘ਮਾਂ-ਬੋਲੀ’ ਲਈ ਅਵੇਸਲੇ ਹੋਣਾ ਨਾ ਸਿਰਫ ਆਪਣੀ ਪਹਿਚਾਣ ਤੋਂ ਇਨਕਾਰ ਕਰਨਾ ਹੋਵੇਗਾ ਬਲਕਿ ਆਪਣੇ ਸੁਨਹਿਰੀ ਇਤਿਹਾਸ ਅਤੇ ਸਭਿਆਚਾਰ ਤੋਂ ਭੀ ਮੁਨਕਰ ਹੋਣ ਵਾਲੀ ਗੱਲ ਹੈ। ਕੈਨੇਡਾ ਵਰਗੇ ਪ੍ਰਗਤੀਸ਼ੀਲ ਮੁਲਕਾਂ ਵਿਚ ਲੋਕ ਆਪਣੀ ‘ਮਾਂ-ਬੋਲੀ’ ਦੀ ਸਾਂਭ-ਸੰਭਾਲ ਕਰਨ ਦੀ ਲੋੜ ਇਸ ਲਈ ਜ਼ਰੂਰੀ ਸਮਝਦੇ ਹਨ, ਕਿਉਂਕਿ ਉਹ ਬੜੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਆਪਣੀਆਂ ਜੜ੍ਹਾਂ ਤੋਂ ਉੱਖੜੇ ਹੋਏ ਬੂਟੇ ਹੌਲੀ ਹੌਲੀ ਸੁੱਕ ਜਾਂਦੇ ਹਨ। ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਜੇਕਰ ਕੈਨੇਡਾ ਵਰਗੇ ਮੁਲਕਾਂ ਦੇ ਬਹੁ-ਭਾਸ਼ਾਈ ਅਤੇ ਬਹੁ-ਸੱਭਿਅਕ ਮਾਹੌਲ ਵਿਚ ‘ਮਾਂ-ਬੋਲੀ’ ਪੰਜਾਬੀ ਦਾ ਝੰਡਾ ਬੁਲੰਦ ਰੱਖਿਆ ਜਾ ਸਕਦਾ ਹੈ ਤਾਂ ਫਿਰ ਪੰਜਾਬ ਵਿਚ ਕਿਉਂ ਨਹੀਂ?
ਅੱਜ ਅਸੀਂ 21ਵੀਂ ਸਦੀ ਦੀ ਦਹਿਲੀਜ਼ ‘ਤੇ ਖੜ੍ਹੇ ਹਾਂ ਜਿੱਥੇ ਹਰ ਪਾਸੇ ਵਿਗਿਆਨ ਤਕਨਾਲੋਜੀ ਦਾ ਬੋਲ-ਬਾਲਾ ਹੈ। ਜੇਕਰ ਜ਼ਰਾ ਗੰਭੀਰਤਾ ਨਾਲ ਮੁਲ-ਅੰਕਣ ਕਰੀਏ ਤਾਂ ਇਹ ਤੱਥ ਸਾਡੇ ਸਾਹਮਣੇ ਆ ਚੁੱਕੇ ਹਨ ਕਿ ਆਧੁਨਿਕ ਸੰਚਾਰ ਮਾਧਿਅਮਾਂ ਕਾਰਨ ਲਿਖੀ ਅਤੇ ਬੋਲੀ ਜਾਣ ਵਾਲੀ ‘ਮਾਂ-ਬੋਲੀ’ ਪੰਜਾਬੀ ਦੇ ਵਿਕਾਸ ਵਿਚ ਵੱਡੇ ਪੱਧਰ ‘ਤੇ ਗਿਰਾਵਟ ਆਈ ਹੈ। ਨਤੀਜਤਨ, ਅੱਜ ‘ਮਾਂ-ਬੋਲੀ’ ਪੰਜਾਬੀ ਦੀ ਲਿੱਪੀ ਅਤੇ ਸਾਹਿਤ ਦੀ ਜੋ ਸੰਕਟਮਈ ਸਥਿੱਤੀ ਬਣੀ ਹੋਈ ਹੈ ਉਸ ਨਾਲ ‘ਮਾਂ-ਬੋਲੀ’ ਪੰਜਾਬੀ ਨੂੰ ਆਪਣਾ ਅਧਾਰ ਗੁਆ ਲੈਣ ਦਾ ਖ਼ਤਰਾ ਖੜ੍ਹਾ ਹੋ ਗਿਆ ਹੈ। ਪਿਛਲੇ ਕੁੱਝ ਸਾਲਾਂ ਤੋਂ ਸਮੇਂ ਨੇ ਐਸਾ ਪੁੱਠਾ ਗੇੜ ਖਾਧਾ ਹੈ ਕਿ ‘ਮਾਂ-ਬੋਲੀ’ ਪੰਜਾਬੀ ਬੋਲਣ ਵਾਲਿਆਂ ਲਈ ਵੱਖਰੀ ਤਰ੍ਹਾਂ ਦੇ ਹਾਲਾਤ ਪੈਦਾ ਹੋ ਗਏ ਹਨ। ਪੰਜਾਬ ਦੇ ਨਿੱਜੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਪੰਜਾਬੀ ਵਿਚ ਗੱਲ ਕਰਨ ‘ਤੇ ਭਾਰੀ ਜ਼ੁਰਮਾਨੇ ਠੋਕੇ ਜਾਂਦੇ ਹਨ। ਜਦਕਿ ਭਾਸ਼ਾ ਐਕਟ-2008 ਤਹਿਤ ਪੰਜਾਬ ਸੂਬੇ ਵਿਚਲੇ ਸਾਰੇ ਨਿੱਜੀ ਸਕੂਲਾਂ ਵਿਚ ਪਹਿਲੀ ਤੋਂ ਦਸਵੀਂ ਕਲਾਸ ਤੱਕ ਪੰਜਾਬੀ ਭਾਸ਼ਾ ਲਾਜ਼ਮੀ ਵਿਸ਼ੇ ਦੇ ਤੌਰ ‘ਤੇ ਪੜ੍ਹਾਉਣ ਦੇ ਸਰਕਾਰੀ ਆਦੇਸ਼ ਜਾਰੀ ਹੋ ਚੁੱਕੇ ਹਨ ਪਰ ਬਦਕਿਸਮਤੀ ਇਹ ਕਿ ਅਜੇ ਤੱਕ ਹੁਕਮ ਲਾਗੂ ਨਹੀਂ ਕੀਤੇ ਜਾ ਸਕੇ। ‘ਮਾਂ-ਬੋਲੀ’ ਪੰਜਾਬੀ ਦੀ ਦੁਰਦਸ਼ਾ ਅਤੇ ਦੁਰਗਤੀ ਦੀ ਮਿਸਾਲ ਇਸ ਤੋਂ ਵੱਡੀ ਹੋਰ ਕਿਹੜੀ ਹੋ ਸਕਦੀ ਹੈ ਕਿ ‘ਮਾਂ-ਬੋਲੀ’ ਪੰਜਾਬੀ ਦੇ ਆਧਾਰ ‘ਤੇ ਬਣੇ ਸੂਬੇ ”ਪੰਜਾਬ” ਦੇ 53ਵੇਂ ਸਥਾਪਨਾ ਦਿਵਸ ‘ਤੇ ਵੀ ‘ਮਾਂ-ਬੋਲੀ’ ਪੰਜਾਬੀ ਆਪਣੇ ਹੀ ਸੂਬੇ ਵਿਚ ਬੇਗ਼ਾਨਗੀ ਦਾ ਅਹਿਸਾਸ ਮਹਿਸੂਸ ਕਰ ਰਹੀ ਹੈ। ‘ਮਾਂ-ਬੋਲੀ’ ਪੰਜਾਬੀ ਨੂੰ ‘ਰਾਜ-ਭਾਸ਼ਾ’ ਦਾ ਦਰਜ਼ਾ ਦੇਣ ਵਾਲੇ 52 ਸਾਲ ਪਹਿਲਾਂ ਬਣਾਏ ਗਏ ”ਪੰਜਾਬ ਰਾਜ ਭਾਸ਼ਾ ਐਕਟ-1967″ ਨੂੰ ਸਮੇਂ ਦੀਆਂ ਸਰਕਾਰਾਂ ਦੇ ਨਾਲ ਨਾਲ ਸਿੱਖਾਂ ਦੀ ਪ੍ਰਤੀਨਿਧਤਾ ਕਰਦੀਆਂ ਰਾਜਸੀ ਪਾਰਟੀਆਂ ਵਲੋਂ ਵੀ ‘ਮਾਂ-ਬੋਲੀ’ ਪੰਜਾਬੀ ਦੇ ਵਿਕਾਸ ਅਤੇ ਪ੍ਰਸਾਰ ਲਈ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣ ਦੀ ਥਾਂ, ਬੇ-ਰੁਖੀ ਵਾਲਾ ਵਤੀਰਾ ਹੀ ਅਪਣਾਇਆ ਹੋਇਆ ਹੈ। ਇਸ ਐਕਟ ਅਧੀਨ ਪੰਜਾਬ ਸਰਕਾਰ ਦਾ ਸਾਰੇ ਦਾ ਸਾਰਾ ਦਫਤਰੀ ਕੰਮ-ਕਾਜ ਪੂਰਨ ਤੌਰ ‘ਤੇ ਪੰਜਾਬੀ ਭਾਸ਼ਾ ਵਿਚ ਕਰਨਾ ਲਾਜ਼ਮੀ ਬਣਦਾ ਹੈ ਜਦਕਿ ਹੋ ਇਸ ਦੇ ਬਿਲਕੁਲ ਉਲਟ ਰਿਹਾ ਹੈ। ਅੱਜ ਵੀ ਵਿਆਪਕ ਪੱਧਰ ‘ਤੇ ਅਫ਼ਸਰਸ਼ਾਹੀ ਸਰਕਾਰੀ ਦਫਤਰਾਂ ਵਿਚ ਕੰਮ-ਕਾਜ ਅੰਗਰੇਜ਼ੀ ਭਾਸ਼ਾ ਵਿਚ ਕਰਕੇ ਇਸ ‘ਭਾਸ਼ਾ-ਐਕਟ’ ਦੀਆਂ ਧੱਜੀਆਂ ਉੱਡਾ ਰਹੀ ਹੈ। ਹਕੀਕਤ ਇਹ ਹੈ ਕਿ ‘ਮਾਂ-ਬੋਲੀ’ ਪੰਜਾਬੀ ਨੂੰ ਪੰਜਾਬ ਵਿਚ ਮੁਕੰਮਲ ਤੌਰ ‘ਤੇ ਲਾਗੂ ਕਰਵਾਉਣ ਲਈ ਅੱਜ ਤੱਕ ਕਿਸੇ ਵੀ ਸਰਕਾਰ ਨੇ ਪੂਰੀ ਸੁਹਿਰਦਤਾ ਨਾਲ ਮੁੱਖ-ਮੁੱਦਾ ਨਹੀਂ ਬਣਾਇਆ।
ਅੱਜ ਸਮੇਂ ਦੀ ਇਹ ਬਹੁਤ ਵੱਡੀ ਲੋੜ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼-ਪੁਰਬ ਸੰਪੂਰਨ ਤੌਰ ‘ਤੇ ‘ਮਾਂ-ਬੋਲੀ’ ਪੰਜਾਬੀ ਦੇ ਵਿਕਾਸ, ਅਤੇ ਪ੍ਰਸਾਰ ਲਈ ਇਕ ਲਹਿਰ ਦੇ ਰੂਪ ਵਿਚ ਮਨਾਇਆ ਜਾਵੇ ਤਾਂ ਜੋ ਪੰਜਾਬੀ ਭਾਸ਼ਾ ਨੂੰ ਮਿਲੇ ਵਿਧਾਨਕ ਅਧਿਕਾਰਾਂ ਦੇ ਮੱਦੇਨਜ਼ਰ ‘ਮਾਂ-ਬੋਲੀ’ ਪੰਜਾਬੀ ਦਾ ਝੰਡਾ, ਪੰਜਾਬ ਸਰਕਾਰ ਦੇ ਤਿੰਨੇ ਅਹਿਮ ਵਿਭਾਗ ਕਾਰਜਕਾਰਨੀ, ਨਿਆਂਪਾਲਿਕਾ ਅਤੇ ਵਿਧਾਨ ਸਭਾ ਵਿਚ ਬਾ-ਦਸਤੂਰ ਬੁਲੰਦ ਹੋਵੇ।
E-mail: [email protected]
Home / ਨਜ਼ਰੀਆ / ਸ਼੍ਰੀ ਗੁਰੂ ਨਾਨਕ ਪਾਤਸ਼ਾਹ ਦਾ 551ਵਾਂ ਪ੍ਰਕਾਸ਼ ਪੁਰਬ ‘ਮਾਂ-ਬੋਲੀ’ ਪੰਜਾਬੀ ਦੇ ਵਿਕਾਸ ਲਈ ਇਕ ਲਹਿਰ ਦੇ ਰੂਪ ਵਿਚ ਮਨਾਇਆ ਜਾਵੇ!