
ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਸਪੱਸ਼ਟ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ ਕਰੋਨਾ ਵਾਇਰਸ ਸਬੰਧੀ ਸਰਬ ਪਾਰਟੀ ਬੈਠਕ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਹੋਰਨਾਂ ਦੇਸ਼ਾਂ ਦੀਆਂ ਨਵੀਆਂ ਵੈਕਸੀਨਾਂ ਦੇ ਨਾਮ ਅਸੀਂ ਬਾਜ਼ਾਰ ਵਿਚ ਸੁਣ ਰਹੇ ਹਾਂ। ਉਨ੍ਹਾਂ ਕਿਹਾ ਕਿ ਦੁਨੀਆ ਦੀ ਨਜ਼ਰ ਘੱਟ ਕੀਮਤ ਵਾਲੀ, ਸਭ ਤੋਂ ਸੁਰੱਖਿਅਤ ਵੈਕਸੀਨ ‘ਤੇ ਹੈ ਅਤੇ ਇਸ ਲਈ ਪੂਰੀ ਦੁਨੀਆ ਦੀ ਨਜ਼ਰ ਭਾਰਤ ‘ਤੇ ਵੀ ਹੈ। ਉਨ੍ਹਾਂ ਕਿਹਾ ਕਿ ਕਰੀਬ 8 ਅਜਿਹੀਆਂ ਸੰਭਾਵਿਤ ਵੈਕਸੀਨਾਂ ਹਨ, ਜੋ ਟਰਾਇਲ ਦੇ ਵੱਖੋ-ਵੱਖਰੇ ਪੜਾਵਾਂ ਵਿਚ ਹਨ ਅਤੇ ਜਿਨ੍ਹਾਂ ਦਾ ਉਤਪਾਦਨ ਭਾਰਤ ਵਿਚ ਹੀ ਹੋਣਾ ਹੈ। ਮੋਦੀ ਨੇ ਕਿਹਾ ਕਿ ਮੰਨਿਆ ਜਾ ਰਿਹਾ ਹੈ ਕਿ ਅਗਲੇ ਕੁਝ ਹਫ਼ਤਿਆਂ ਵਿਚ ਕਰੋਨਾ ਦੀ ਵੈਕਸੀਨ ਤਿਆਰ ਹੋ ਜਾਵੇਗੀ, ਜਿਵੇਂ ਹੀ ਵਿਗਿਆਨੀਆਂ ਦੀ ਹਰੀ ਝੰਡੀ ਮਿਲੇਗੀ, ਭਾਰਤ ਵਿਚ ਟੀਕਾਕਰਨ ਮੁਹਿੰਮ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਵੈਕਸੀਨ ਦੀ ਕੀਮਤ ਨੂੰ ਲੈ ਕੇ ਸੂਬਾ ਸਰਕਾਰਾਂ ਨਾਲ ਗੱਲਬਾਤ ਚੱਲ ਰਹੀ ਹੈ।