Breaking News
Home / ਭਾਰਤ / 21 ਜੂਨ ਤੋਂ ਸਾਰਿਆਂ ਲਈ ਮੁਫਤ ਕਰੋਨਾ ਵੈਕਸੀਨ

21 ਜੂਨ ਤੋਂ ਸਾਰਿਆਂ ਲਈ ਮੁਫਤ ਕਰੋਨਾ ਵੈਕਸੀਨ

ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰ ਦੇ ਨਾਮ ਸੰਬੋਧਨ ਦੌਰਾਨ ਕੀਤਾ ਐਲਾਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਸਰਕਾਰ 21 ਜੂਨ ਤੋਂ ਸਾਰੇ ਰਾਜਾਂ ਨੂੰ ਮੁਫ਼ਤ ਵੈਕਸੀਨ ਮੁਹੱਈਆ ਕਰਵਾਏਗੀ, ਜਦਕਿ ਵੈਕਸੀਨ ਲਗਵਾਉਣ ਦੀ ਜ਼ਿੰਮੇਵਾਰੀ ਰਾਜ ਸਰਕਾਰਾਂ ਦੀ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਐਲਾਨ ਸੋਮਵਾਰ ਸ਼ਾਮ ਨੂੰ ਰਾਸ਼ਟਰ ਦੇ ਨਾਂਅ ਕੀਤੇ ਸੰਬੋਧਨ ‘ਚ ਕੀਤਾ। 32 ਮਿੰਟ ਦੇ ਸੰਬੋਧਨ ‘ਚ ਪ੍ਰਧਾਨ ਮੰਤਰੀ ਵਲੋਂ ਕੀਤੇ ਗਏ ਦੂਜੇ ਵੱਡੇ ਐਲਾਨ ‘ਚ ਗਰੀਬਾਂ ਨੂੰ ਦਿੱਤੀ ਜਾਣ ਵਾਲੀ ਮੁਫਤ ਰਾਸ਼ਨ ਸਕੀਮ ਦੀ ਸਮਾਂ ਹੱਦ ਦੀਵਾਲੀ ਤੱਕ ਵਧਾ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਵਲੋਂ ਕੀਤੇ ਸੰਬੋਧਨ ‘ਚ ਟੀਕਾਕਰਨ ਦੀ ਸਕੀਮ ਦਾ ਕੇਂਦਰੀਕਰਨ ਕਰਨ ਦਾ ਐਲਾਨ ਕਰਦਿਆਂ ਕਿਹਾ ਗਿਆ ਕਿ ਹੁਣ ਰਾਜਾਂ ਨੂੰ ਕੇਂਦਰ ਵਲੋਂ ਮੁਫ਼ਤ ਵੈਕਸੀਨ ਦਿੱਤੀ ਜਾਵੇਗੀ ਅਤੇ ਰਾਜਾਂ ਨੂੰ ਇਸ ਲਈ ਕੁਝ ਖ਼ਰਚ ਨਹੀਂ ਕਰਨਾ ਪਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿੱਜੀ ਹਸਪਤਾਲ ਟੀਕਿਆਂ ਦੀ 25 ਫੀਸਦੀ ਖਰੀਦ ਜਾਰੀ ਰੱਖ ਸਕਦੇ ਹਨ ਪਰ ਉਨ੍ਹਾਂ ਲਈ ਹਰੇਕ ਖੁਰਾਕ ਲਗਾਉਣ ਲਈ ਸਰਵਿਸ ਚਾਰਜਿਜ਼ ਦੇ ਰੂਪ ‘ਚ 150 ਰੁਪਏ ਤੈਅ ਕਰ ਦਿੱਤੇ ਗਏ ਹਨ। ਮੋਦੀ ਵਲੋਂ ਇਹ ਐਲਾਨ ਉਸ ਵੇਲੇ ਆਇਆ ਹੈ ਜਦੋਂ ਸਰਕਾਰ ਦੀ ਟੀਕਾਕਰਨ ਨੀਤੀ ਅਤੇ ਵੈਕਸੀਨ ਦੀ ਕਿੱਲਤ ਨੂੰ ਲੈ ਕੇ ਵਿਰੋਧੀ ਧਿਰਾਂ ਲਗਾਤਾਰ ਸਰਕਾਰ ਨੂੰ ਨਿਸ਼ਾਨਾ ਬਣਾ ਰਹੀਆਂ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ-19 ਦੇ ਕੇਸ ਘਟਣ ਦੇ ਮੱਦੇਨਜ਼ਰ ਪਾਬੰਦੀਆਂ ‘ਚ ਢਿੱਲ ਦੇਣ ਲਈ ਕਈ ਕਦਮ ਚੁੱਕੇ ਜਾ ਰਹੇ ਹਨ ਪਰ ਟੀਕਾਕਰਨ ਕਰੋਨਾ ਵਾਇਰਸ ਖਿਲਾਫ ਇੱਕ ਰੱਖਿਆ ਕਵਚ ਹੈ।
ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਦਵਾਈਆਂ ਬਣਾਉਣ ਵਾਲੀਆਂ ਸੱਤ ਕੰਪਨੀਆ ਵੈਕਸੀਨ ਦਾ ਉਤਪਾਦਨ ਕਰ ਰਹੀਆਂ ਹਨ ਅਤੇ ਤਿੰਨ ਵੈਕਸੀਨਾਂ ਦੇ ਟਰਾਇਲ ਆਖਰੀ ਗੇੜ ‘ਚ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ੀ ਮੁਲਕਾਂ ਦੀਆਂ ਕੰਪਨੀਆਂ ਤੋਂ ਵੀ ਟੀਕਿਆਂ ਦੀ ਖਰੀਦ ਦੀ ਪ੍ਰਕਿਰਿਆ ਚੱਲ ਰਹੀ ਹੈ। ਸਿਹਤ ਮਾਹਿਰਾਂ ਵੱਲੋਂ ਕਰੋਨਾ ਵਾਇਰਸ ਦੇ ਬੱਚਿਆਂ ‘ਤੇ ਪੈਣ ਵਾਲੇ ਪ੍ਰਭਾਵ ਦੇ ਖਦਸ਼ੇ ਬਾਰੇ ਉਨ੍ਹਾਂ ਕਿਹਾ ਕਿ ਇਸ ਦਿਸ਼ਾ ‘ਚ ਦੋ ਵੈਕਸੀਨਾਂ ਦੇ ਟਰਾਇਲ ਚੱਲ ਰਹੇ ਹਨ।
ਉਨ੍ਹਾਂ ਕਿਹਾ ਕਿ ਨੱਕ ‘ਚ ਸਪਰੇਅ ਕੀਤੀ ਜਾਣ ਵਾਲੀ ਵੈਕਸੀਨ ‘ਤੇ ਖੋਜ ਜਾਰੀ ਹੈ ਅਤੇ ਜੇਕਰ ਇਹ ਖੋਜ ਕਾਮਯਾਬ ਰਹਿੰਦੀ ਹੈ ਤਾਂ ਭਾਰਤ ‘ਚ ਟੀਕਾਕਰਨ ਮੁਹਿੰਮ ਨੂੰ ਵੱਡਾ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਭਾਰਤ ਨੇ ਘੱਟ ਸਮੇਂ ਅੰਦਰ ਦੋ ਸਵਦੇਸ਼ੀ ਟੀਕੇ ਬਣਾ ਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ ਅਤੇ 23 ਕਰੋੜ ਤੋਂ ਵੱਧ ਖੁਰਾਕਾਂ ਹੁਣ ਤੱਕ ਲਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਜੰਗੀ ਪੱਧਰ ‘ਤੇ ਕੋਸ਼ਿਸ਼ਾਂ ਜਾਰੀ ਹਨ ਤੇ ਜ਼ਰੂਰੀ ਮੈਡੀਕਲ ਸਪਲਾਈ ਦਾ ਉਤਪਾਦਨ ਤੇਜ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਵੱਖ-ਵੱਖ ਮੁਹਾਜ਼ਾਂ ‘ਤੇ ਮਹਾਮਾਰੀ ਨਾਲ ਜੂਝ ਰਿਹਾ ਹੈ ਅਤੇ ਦੇਸ਼ ਭਰ ‘ਚ ਨਵਾਂ ਸਿਹਤ ਢਾਂਚਾ ਉਸਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਹਾਮਾਰੀ ਦੌਰਾਨ ਭਾਰਤ ਨੇ ਬਹੁਤ ਦੁੱਖ ਝੱਲੇ ਹਨ ਅਤੇ ਕਈ ਲੋਕਾਂ ਨੇ ਆਪਣੇ ਪਿਆਰਿਆਂ ਨੂੰ ਗੁਆਇਆ ਹੈ। ਉਨ੍ਹਾਂ ਕਰੋਨਾ ਕਾਰਨ ਜਾਨਾਂ ਗੁਆਉਣ ਵਾਲਿਆਂ ਦੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕੀਤੀ।
ਦੀਵਾਲੀ ਤੱਕ ਲੋੜਵੰਦਾਂ ਨੂੰ ਮਿਲੇਗਾ ਮੁਫ਼ਤ ਰਾਸ਼ਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਦੇਸ਼ ਦੇ 80 ਕਰੋੜ ਲੋੜਵੰਦਾਂ ਨੂੰ ਦੀਵਾਲੀ ਤੱਕ ਮੁਫ਼ਤ ਅੰਨ ਮੁਹੱਈਆ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਸਰਕਾਰ ਗਰੀਬਾਂ ਤੇ ਲੋੜਵੰਦਾਂ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ, ‘ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਹੁਣ ਦੀਵਾਲੀ ਤੱਕ ਵਧਾ ਦਿੱਤੀ ਗਈ ਹੈ। ਹੁਣ ਨਵੰਬਰ ਮਹੀਨੇ ਤੱਕ ਦੇਸ਼ ਦੇ 80 ਕਰੋੜ ਤੋਂ ਵੱਧ ਨਾਗਰਿਕਾਂ ਨੂੰ ਨਿਰਧਾਰਤ ਮਾਤਰਾ ਤੱਕ ਅਨਾਜ ਮੁਫ਼ਤ ਦਿੱਤਾ ਜਾਵੇਗਾ।’

 

Check Also

ਮਨੀਸ਼ ਸਿਸੋਦੀਆ ਨੇ ਜ਼ਮਾਨਤ ਲਈ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ

ਟਰਾਇਲ ਕੋਰਟ ਨੇ ਦੋ ਦਿਨ ਪਹਿਲਾਂ ਪਟੀਸ਼ਨ ਕੀਤੀ ਸੀ ਖਾਰਜ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ …