2.6 C
Toronto
Friday, November 7, 2025
spot_img
Homeਭਾਰਤਭਾਰਤ ਟਿਕਾਊ ਵਿਕਾਸ 'ਚ ਨੇਪਾਲ ਤੋਂ ਵੀ ਪੱਛੜਿਆ

ਭਾਰਤ ਟਿਕਾਊ ਵਿਕਾਸ ‘ਚ ਨੇਪਾਲ ਤੋਂ ਵੀ ਪੱਛੜਿਆ

ਭੂਟਾਨ, ਸ੍ਰੀਲੰਕਾ ਅਤੇ ਬੰਗਲਾਦੇਸ਼ ਵੀ ਭਾਰਤ ਤੋਂ ਅੱਗੇ
ਨਵੀਂ ਦਿੱਲੀ : ਟਿਕਾਊ ਵਿਕਾਸ ਦੇ 17 ਟੀਚਿਆਂ ਨੂੰ ਹਾਸਲ ਕਰਨ ਦੇ ਮਾਮਲੇ ਵਿਚ ਭਾਰਤ ਦੀ ਦਰਜਾਬੰਦੀ ਹੇਠਾਂ ਖਿਸਕ ਕੇ 117 ਉਤੇ ਪਹੁੰਚ ਗਈ ਹੈ। ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਦੇ 193 ਮੁਲਕਾਂ ਨੇ 2030 ਦੇ ਏਜੰਡੇ ਵਜੋਂ 17 ਟੀਚੇ ਮਿੱਥੇ ਸਨ। ਇਸ ਸਬੰਧੀ ਜਾਰੀ ਇਕ ਨਵੀਂ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਦੀ ਦਰਜਾਬੰਦੀ ਜੋ ਕਿ ਪਿਛਲੇ ਸਾਲ 115 ਸੀ ਹੁਣ ਦੋ ਥਾਵਾਂ ਡਿਗ ਗਈ ਹੈ। ਦਰਜਾਬੰਦੀ ਖਿਸਕਣ ਦਾ ਕਾਰਨ ਭੁੱਖ ਖ਼ਤਮ ਕਰਨ ਦੀਆਂ ਚੁਣੌਤੀਆਂ ਤੇ ਭੋਜਨ ਸੁਰੱਖਿਆ ਹਾਸਲ ਕਰਨ ਦੇ ਟੀਚਿਆਂ ਵਿਚ ਅੜਿੱਕਾ ਪੈਣਾ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਲਿੰਗ ਸਮਾਨਤਾ, ਠੋਸ ਬੁਨਿਆਦੀ ਢਾਂਚਾ, ਟਿਕਾਊ ਸਨਅਤੀਕਰਨ ਤੇ ਨਵੀਆਂ ਕਾਢਾਂ ਦੀ ਗ਼ੈਰ-ਮੌਜੂਦਗੀ ਵੀ ਅਜਿਹੇ ਕਾਰਨ ਹਨ ਜਿਨ੍ਹਾਂ ਭਾਰਤ ਦੀ ਦਰਜਾਬੰਦੀ ਡੇਗੀ ਹੈ। ਭਾਰਤ ਦਾ ਦਰਜਾ ਚਾਰ ਦੱਖਣੀ ਏਸ਼ਿਆਈ ਮੁਲਕਾਂ- ਭੂਟਾਨ, ਨੇਪਾਲ, ਸ੍ਰੀਲੰਕਾ ਤੇ ਬੰਗਲਾਦੇਸ਼ ਤੋਂ ਵੀ ਹੇਠਾਂ ਹੈ। ਭਾਰਤ ਦੇ ‘ਐੱਸਡੀਜੀ’ ਅੰਕ ਕੁਲ-ਮਿਲਾ ਕੇ 100 ਵਿਚੋਂ 61.9 ਹੀ ਹਨ। ‘ਦਿ ਸਟੇਟ ਆਫ ਇੰਡੀਆ’ਜ਼ ਐਨਵਾਇਰਨਮੈਂਟ ਰਿਪੋਰਟ 2021’ ਵਿਚ ਕਿਹਾ ਗਿਆ ਹੈ ਕਿ ਝਾਰਖੰਡ ਤੇ ਬਿਹਾਰ ਇਸ ਮਾਮਲੇ ਵਿਚ ਸਭ ਤੋਂ ਵੱਧ ਪੱਛੜੇ ਹੋਏ ਹਨ। 2030 ਤੱਕ ਮਿੱਥੇ ਟੀਚੇ ਹਾਸਲ ਕਰਨ ‘ਚ ਇਨ੍ਹਾਂ ਰਾਜਾਂ ਦੀ ਤਿਆਰੀ ਸਭ ਤੋਂ ਪੱਛੜੀ ਹੋਈ ਦੱਸੀ ਗਈ ਹੈ। ਝਾਰਖੰਡ ਪੰਜ ਤੇ ਬਿਹਾਰ ਸੱਤ ਟੀਚੇ ਹਾਸਲ ਕਰਨ ਵਿਚ ਪਿੱਛੇ ਹੈ। ਕੇਰਲਾ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਅਜਿਹੇ ਸੂਬੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਹਨ ਜੋ ਕਿ ਮਿੱਥੇ ਟੀਚੇ ਹਾਸਲ ਕਰਨ ਵੱਲ ਵੱਧ ਰਹੇ ਹਨ। ਰਿਪੋਰਟ ਵਿਚ ਨਾਲ ਹੀ ਕਿਹਾ ਗਿਆ ਹੈ ਕਿ ਭਾਰਤ ਵਾਤਾਵਰਨ ਦੇ ਪੱਖ ਤੋਂ ਵੀ 180 ਮੁਲਕਾਂ ਵਿਚੋਂ 168 ਨੰਬਰ ਉਤੇ ਹੈ। ਇਸ ਦਰਜਾਬੰਦੀ ਵਿਚ ਜਲਵਾਯੂ, ਹਵਾ ਪ੍ਰਦੂਸ਼ਣ, ਸਫਾਈ, ਪੀਣ ਵਾਲੇ ਪਾਣੀ ਜਿਹੇ ਪੈਮਾਨੇ ਰੱਖੇ ਜਾਂਦੇ ਹਨ। ਵਾਤਵਰਨ ਨੂੰ ਬਚਾਉਣ ਦੇ ਮਾਮਲੇ ਵਿਚ ਭਾਰਤ ਦਾ ਨੰਬਰ 172 ਹੈ। ਯੇਲ ਯੂਨੀਵਰਸਿਟੀ ਦੀ ‘ਈਪੀਆਈ’ ਰਿਪੋਰਟ ਮੁਤਾਬਕ ਜੈਵ ਵਿਭਿੰਨਤਾ ਤੇ ਕੁਦਰਤੀ ਆਵਾਸ ਦੀ ਰਾਖੀ ਦੇ ਮਾਮਲੇ ਵਿਚ ਭਾਰਤ ਪਾਕਿਸਤਾਨ ਤੋਂ ਵੀ ਪਿੱਛੇ ਹੈ। ਕੁਦਰਤੀ ਵਾਤਾਵਰਨ ਪ੍ਰਣਾਲੀ ਨੂੰ ਬਚਾਉਣ ਦੇ ਮਾਮਲੇ ਵਿਚ ਦੁਨੀਆ ‘ਚ ਪਾਕਿਸਤਾਨ ਦਾ ਰੈਂਕ 127 ਤੇ ਭਾਰਤ ਦਾ 148 ਹੈ।

 

RELATED ARTICLES
POPULAR POSTS